ਬ੍ਰਿਸਬੇਨ ਦੀ ਬਾਇਓਟੈਕ ਕੰਪਨੀ ਜ਼ਿੰਗ ਟੈਕਨੋਲੋਜੀ ਵੱਲੋਂ ਕਰੋਨਾਵਾਇਰਸ ਦਾ ਪਤਾ ਲਗਾਉਣ ਲਈ ਇੱਕ ਸਧਾਰਣ ਅਤੇ ਤੇਜ਼ ਜਾਂਚ ਟੈਸਟ ਨੂੰ ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ। ਇਸ ਕੰਪਨੀ ਦੇ ਸਾਇੰਸਦਾਨ ਡਾ. ਯਾਦਵੀਰ ਗਰੇਵਾਲ ਇਸ ਵਿਗਿਆਨਿਕ ਖੋਜ ਵਿੱਚ ਮੋਢੀ ਭੂਮਿਕਾ ਅਦਾ ਕਰ ਰਹੇ ਹਨ।
ਕੁਈਨਜ਼ਲੈਂਡ ਦੇ ਵਿਗਿਆਨੀਆਂ ਦੁਆਰਾ ਤਿਆਰ ਕੀਤੀ ਜਾ ਰਹੀ ਇੱਕ ਨਵੀਂ ਕਿਸਮ ਦੀ ਕੋਵਿਡ-19 ਡਾਇਗਨੋਸਟਿਕ ਕਿੱਟ, ਗਰਭ ਅਵਸਥਾ ਦੇ ਟੈਸਟ ਤੋਂ ਵੀ ਜ਼ਿਆਦਾ ਤੇਜ਼ੀ ਨਾਲ ਨਤੀਜੇ ਦੇ ਸਕਦੀ ਹੈ।
ਜ਼ਿੰਗ ਟੈਕਨੋਲੋਜੀਜ਼ ਦੇ ਖੋਜਕਰਤਾ ਯਾਦਵੀਰ ਗਰੇਵਾਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਨਵਾਂ ਟੈਸਟ ਬੀਤੇ ਸਮੇਂ ਵਿੱਚ ਕਰੋਨਾਵਾਇਰਸ ਦਾ ਪਤਾ ਲਗਾਉਣ ਦੇ ਤਰੀਕੇ ਵਿੱਚ ਹਾਂ-ਪੱਖੀ ਤਬਦੀਲੀ ਲਿਆ ਸਕਦਾ ਹੈ।
ਉਨ੍ਹਾਂ ਕਿਹਾ, “ਅਸੀਂ ਇਸ ਜਾਂਚ ਕਿੱਟ ਦੇ ਵਿਕਾਸ ਅਤੇ ਰੈਗੂਲੇਟਰੀ ਪ੍ਰਵਾਨਗੀ ਨੂੰ ਤੇਜ਼ੀ ਨਾਲ ਵੇਖਣ ਦੀ ਉਮੀਦ ਕਰ ਰਹੇ ਹਾਂ ਤਾਂ ਜੋ ਅਮਰੀਕਾ, ਯੂਰਪ ਅਤੇ ਏਸ਼ੀਆਈ ਖੇਤਰ ਖਾਸ ਕਰਕੇ ਭਾਰਤ ਵਿੱਚ ਇਸ ਦੀ ਜ਼ਿਆਦਾ ਮੰਗ ਪੂਰੀ ਕੀਤੀ ਜਾ ਸਕੇ।”
“ਜ਼ੈਵਟ੍ਰੈਪ ਦਾ ਉਦੇਸ਼ ਇਕ ਘੱਟ ਕੀਮਤ ਵਾਲੀ, ਤੇਜ਼ੀ ਨਾਲ ਜਾਂਚ ਕਰਨ ਵਾਲੀ ਕਿੱਟ ਮੁਹਈਆ ਕਰਵਾਉਣਾ ਹੈ ਜਿਸ ਵਿਚ ਬਾਇਓ-ਇੰਜੀਨੀਅਰਿੰਗ ਨਾਲ਼ ਤਿਆਰ ਕੀਤੀ ਖਮੀਰ ਦੇ ਅਣੂ, ਵੇਲਕ੍ਰੋ ਵਰਗੇ ਕਣਾਂ ਵਾਂਗ ਵਾਇਰਸ ਨਾਲ਼ ਜੁੜ ਸਕਦੇ ਹਨ।”
ਡਾ: ਗਰੇਵਾਲ ਨੇ ਕਿਹਾ ਕਿ ਇੱਕ ਵਾਰ ਵਾਇਰਸ ਜਦ ਇਸ ਯੇਈਸਟ ਕੋਟਿੰਗ 'ਤੇ ਟਿਕ ਜਾਂਦਾ ਹੈ, ਤਾਂ ਉਹ ਇਹ 'ਤੇਜ਼ੀ' ਨਾਲ਼ ਪਤਾ ਲਗਾ ਸਕਦੇ ਹਨ ਕਿ ਕੋਈ ਵਿਅਕਤੀ ਕਰੋਨਾ ਵਾਇਰਸ ਦਾ ਸ਼ਿਕਾਰ ਹੈ ਜਾ ਨਹੀਂ।
ਡਾ. ਗਰੇਵਾਲ ਨੇ ਮਿਸਾਲ ਦਿੰਦਿਆਂ ਕਿਹਾ ਕਿ ਇਸ ਟੈਸਟ ਦਾ ਘੱਟ ਸਮੇਂ ਵਿੱਚ ਨਤੀਜਾ ਦੇਣਾ ਸਿਹਤ-ਸੰਭਾਲ ਜਾਂ ਮੈਡੀਕਲ ਪੇਸ਼ੇ ਵਿੱਚ ਲੱਗੇ ਲੋਕਾਂ ਲਈ ਇੱਕ ਵਧੀਆ ਹੱਲ ਹੈ ਜੋ ਇਸ ਦਾ ਫਾਇਦਾ ਆਪਣੀ ਸ਼ਿਫਟ ਸ਼ੁਰੂ ਹੋਣ ਤੋਂ ਪਹਿਲਾ ਲੈ ਸਕਣਗੇ।
ਇਸ ਤਕਨਾਲੋਜੀ ਪ੍ਰਾਜੈਕਟ ਨੂੰ ਕੁਈਨਜ਼ਲੈਂਡ ਸਰਕਾਰ ਵੱਲੋਂ 1.5 ਮਿਲੀਅਨ ਡਾਲਰ ਅਤੇ ਅਮਰੀਕਨ ਸਰਕਾਰ ਵੱਲੋਂ 1.4 ਮਿਲੀਅਨ ਡਾਲਰ ਸਹਾਇਤਾ ਰਾਸ਼ੀ ਪ੍ਰਾਪਤ ਹੋਈ ਹੈ।
ਡਾ. ਗਰੇਵਾਲ ਨੇ ਜ਼ਿੰਗ ਟੈਕਨੋਲੋਜੀਜ਼ ਨਾਲ ਆਪਣੇ ਪੇਸ਼ੇਵਰ ਕਰੀਅਰ ਦੀ ਸ਼ੁਰੂਆਤ ਤੋਂ ਪਹਿਲਾਂ ਕਵੀਨਜ਼ਲੈਂਡ ਯੂਨੀਵਰਸਿਟੀ ਤੋਂ 2015 ਵਿੱਚ ਪੀਐਚਡੀ ਦੀ ਡਿਗਰੀ ਹਾਸਿਲ ਕੀਤੀ ਸੀ। ਉਨ੍ਹਾਂ ਦਾ ਪਰਿਵਾਰਕ ਪਿਛੋਕੜ ਲੁਧਿਆਣਾ ਜਿਲ੍ਹੇ ਦੇ ਪਿੰਡ ਖੇੜੀ ਨਾਲ਼ ਜੁੜਿਆ ਹੋਇਆ ਹੈ।
ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਪਲੇਅਰ ਉੱਤੇ ਕਲਿੱਕ ਕਰੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।