ਬੁਸ਼ਵਾਕਿੰਗ ਆਸਟ੍ਰੇਲੀਆ ਦੇ ਵਿਲੱਖਣ ਅਤੇ ਵਿਭਿੰਨ ਕੁਦਰਤੀ ਵਾਤਾਵਰਣ ਦਾ ਆਨੰਦ ਲੈਣ ਦਾ ਸਭ ਤੋਂ ਵਧੀਆ ਤਰੀਕਾ ਹੈ। ਹਾਲਾਂਕਿ, ਬਹੁਤ ਸਾਰੇ ਟੂਰਿਸਟ ਅਤੇ ਨਵੇਂ ਆਏ ਪ੍ਰਵਾਸੀਆਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਆਸਟ੍ਰੇਲੀਆ ਦੇ ਰਾਸ਼ਟਰੀ ਪਾਰਕ ਕਿੰਨੇ ਵਿਸ਼ਾਲ ਹਨ ਅਤੇ ਇਥੇ ਅਕਸਰ ਲੋਕਾਂ ਦੇ ਗੁੰਮ ਜਾਣ ਦਾ ਡਰ ਹੁੰਦਾ ਹੈ। ਚਾਹੇ ਤੁਸੀਂ ਨਿਰਧਾਰਤ ਟ੍ਰੇਲਾਂ ਦੇ ਨਾਲ ਜਾਂ ਦੂਰ-ਦੁਰਾਡੇ ਦੇ ਜੰਗਲੀ ਖੇਤਰਾਂ ਵਿੱਚੋਂ ਲੰਘਦੇ ਹੋ, ਥੋੜੀ ਜਿਹੀ ਯੋਜਨਾਬੰਦੀ ਤੁਹਾਨੂੰ ਜੋਖਮਾਂ ਤੋਂ ਬਚਣ ਅਤੇ ਬੁਸ਼ਵਾਕਿੰਗ ਦਾ ਆਨੰਦ ਲੈਣ ਵਿੱਚ ਮਦਦ ਕਰ ਸਕਦੀ ਹੈ।
ਕੁਦਰਤ ਦੀ ਸੈਰ ਜਾਂ ਬੁਸ਼ਵਾਕਿੰਗ ਕਰਨਾ ਆਸਟ੍ਰੇਲੀਆ ਦੀਆਂ ਸਭ ਤੋਂ ਪ੍ਰਸਿੱਧ ਮਨੋਰੰਜਨ ਗਤੀਵਿਧੀਆਂ ਵਿੱਚੋਂ ਇੱਕ ਹੈ। ਵਾਕਿੰਗ ਸਾਊਥ ਆਸਟ੍ਰੇਲੀਆ ਦੇ ਕਾਰਜਕਾਰੀ ਨਿਰਦੇਸ਼ਕ ਹੈਲਨ ਡੋਨੋਵਨ ਦਾ ਕਹਿਣਾ ਹੈ ਕਿ ਇਹ ਸਿਰਫ ਅਦਭੁਤ ਨਜ਼ਾਰਿਆਂ ਤੱਕ ਸੀਮਿਤ ਨਹੀਂ ਹੈ।
ਬੁਸ਼ਵਾਕਿੰਗ ਨੂੰ ਆਮ ਤੌਰ 'ਤੇ ਬਹੁਤ ਘੱਟ ਜੋਖਮ ਵਾਲੀ ਗਤੀਵਿਧੀ ਮੰਨਿਆ ਜਾਂਦਾ ਹੈ। ਫਿਰ ਵੀ, ਜੇਕਰ ਤੁਸੀਂ ਕੁਝ ਯੋਜਨਾਬੰਦੀ ਕਰਦੇ ਹੋ ਤਾਂ ਕਿਸੇ ਵੀ ਸੰਭਾਵੀ ਜੋਖਮ ਨੂੰ ਕਾਫ਼ੀ ਘੱਟ ਕੀਤਾ ਜਾ ਸਕਦਾ ਹੈ।
ਬੁਸ਼ਵਾਕਿੰਗ ਲੀਡਰਸ਼ਿਪ ਸਾਊਥ ਆਸਟ੍ਰੇਲੀਆ ਦੇ ਬੋਰਡ ਮੈਂਬਰ ਐਂਡਰਿਊ ਗੋਵਨ ਦਾ ਕਹਿਣਾ ਹੈ ਕਿ ਸਾਲ ਦੇ ਉਸ ਸਮੇਂ ਅਤੇ ਮੌਸਮ ਦਾ ਧਿਆਨ ਰੱਖੋ ਜਦੋਂ ਤੁਸੀਂ ਬੁਸ਼ਵਾਕਿੰਗ ਕਰਦੇ ਹੋ।
ਸਾਡੇ ਰਾਸ਼ਟਰੀ ਪਾਰਕ ਵਿਸ਼ਾਲ ਬੁਸ਼ਵਾਕਿੰਗ ਅਨੁਭਵ ਪੇਸ਼ ਕਰਦੇ ਹਨ।
ਆਸਟ੍ਰੇਲੀਆ ਵਿੱਚ 500 ਤੋਂ ਵੱਧ ਰਾਸ਼ਟਰੀ ਪਾਰਕ ਹਨ ਜੋ ਕਿ ਸਮੁੰਦਰੀ ਤੱਟ ਤੋਂ ਲੈ ਕੇ ਦੂਰ-ਦੁਰਾਡੇ ਦੇ ਖੇਤਰਾਂ ਤੱਕ ਫੈਲੇ ਹੋਏ ਹਨ ਅਤੇ ਆਕਾਰ ਵਿੱਚ ਬਹੁਤ ਵੱਡੇ ਹਨ। ਨੋਰਦਰਨ ਟੈਰੀਟੋਰੀ ਵਿੱਚ ਸਭ ਤੋਂ ਵੱਡਾ ਕਾਕਾਡੂ ਨੈਸ਼ਨਲ ਪਾਰਕ ਹੈ, ਜੋ ਕਿ 20,000 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।
ਉਸ ਖੇਤਰ ਦੇ ਆਕਾਰ ਨੂੰ ਵੀ ਧਿਆਨ ਵਿੱਚ ਰੱਖੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਐਂਡਰਿਊ ਗੋਵਨ ਦਾ ਕਹਿਣਾ ਹੈ ਕਿ ਹਮੇਸ਼ਾ ਸਥਿਤੀਆਂ ਦੀ ਬਾਰੇ ਡੂੰਘਾਈ ਵਿੱਚ ਜਾਣੋ ਅਤੇ ਆਪਣੀ ਯੋਗਤਾ ਦੇ ਪੱਧਰ ਨੂੰ ਵੀ ਧਿਆਨ ਵਿੱਚ ਰੱਖੋ।
ਬੁਸ਼ਵਾਕਿੰਗ ਲਈ ਖੇਤਰਾਂ ਦੀ ਚੋਣ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਬਹੁਤ ਸਾਰੇ ਔਨਲਾਈਨ ਸਰੋਤ ਮਜੂਦ ਹਨ। ਉਦਾਹਰਨ ਲਈ, aussiebushwalking.com ਬੁਸ਼ਵਾਕਰਾਂ ਦੁਆਰਾ ਬਣਾਏ ਗਏ ਬੁਸ਼ਵਾਕਿੰਗ ਟਰੈਕਾਂ ਦੀ ਇੱਕ ਸੂਚੀ ਪ੍ਰਦਾਨ ਕਰਦੀ ਹੈ। ਇੱਥੇ ਤੁਸੀਂ ਨਵੇਂ ਰਸਤੇ ਲੱਭ ਸਕਦੇ ਹੋ ਅਤੇ ਟਰੈਕ ਹਾਲਤਾਂ ਬਾਰੇ ਜਾਣਕਾਰੀ ਹਾਸਿਲ ਸਕਦੇ ਹੋ।
ਇੱਕ ਵਾਰ ਜਦੋਂ ਤੁਸੀਂ ਇਹ ਤਹਿ ਕਰ ਲੈਂਦੇ ਹੋ ਕਿ ਤੁਸੀਂ ਕਿੱਥੇ ਜਾਣਾ ਹੈ, ਤਾਂ ਆਪਣੇ ਨਜ਼ਦੀਕੀਆਂ ਨੂੰ ਆਪਣੀਆਂ ਯੋਜਨਾਵਾਂ ਬਾਰੇ ਸੂਚਿਤ ਕਰੋ।
Tripintentions.org ਇੱਕ ਔਨਲਾਈਨ ਸਰੋਤ ਹੈ ਜੋ ਤੁਹਾਨੂੰ ਆਪਣੀਆਂ ਬੁਸ਼ਵਾਕਿੰਗ ਯੋਜਨਾਵਾਂ ਨੂੰ ਸੁਰੱਖਿਅਤ ਕਰਨ ਅਤੇ ਉਹਨਾਂ ਨੂੰ ਤੁਹਾਡੇ ਨਜ਼ਦੀਕੀਆਂ ਨਾਲ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ।
ਬੁਸ਼ਵਾਕ ਕਰਦੇ ਸਮੇਂ, ਇਹ ਯਕੀਨੀ ਬਣਾਓ ਕਿ ਤੁਸੀਂ ਪਾਣੀ ਅਤੇ ਭੋਜਨ ਨਾਲ ਲੈ ਕੇ ਜਾਓ ਅਤੇ ਦੂਰ-ਦੁਰਾਡੇ ਦੇ ਖੇਤਰਾਂ ਲਈ ਇੱਕ ਫਸਟ ਏਡ ਕਿੱਟ ਵੀ ਨਾਲ ਰੱਖਣੀ ਜ਼ਰੂਰੀ ਹੈ।
ਆਊਟਡੋਰ ਕਾਉਂਸਿਲ ਆਫ਼ ਆਸਟ੍ਰੇਲੀਆ ਅਤੇ ਬੁਸ਼ਵਾਕਿੰਗ ਲੀਡਰਸ਼ਿਪ ਸਾਊਥ ਆਸਟ੍ਰੇਲੀਆ ਵਰਗੀਆਂ ਸੰਸਥਾਵਾਂ ਦੀਆਂ ਵੈੱਬਸਾਈਟਾਂ 'ਤੇ ਬੁਸ਼ਵਾਕ ਕਰਨ ਵੇਲੇ ਨਾਲ ਲਿਜਾਉਣ ਵਾਲਿਆਂ ਵਸਤਾਂ ਬਾਰੇ ਵਧੀਆ ਸਲਾਹ ਮੌਜੂਦ ਹੈ। ਰਿਟੇਲਰ ਵੀ ਤੁਹਾਡੀ ਯਾਤਰਾ ਲਈ ਸਭ ਤੋਂ ਵਧੀਆ ਕਿਸਮ ਦੇ ਕੱਪੜਿਆਂ ਅਤੇ ਉਪਕਰਣਾਂ ਬਾਰੇ ਚੰਗੀ ਸਲਾਹ ਦੇ ਸਕਦੇ ਹਨ।
ਧਿਆਨ ਰੱਖੋ ਕਿ ਤੁਸੀਂ ਹਮੇਸ਼ਾ ਮੋਬਾਈਲ ਫ਼ੋਨ ਕਵਰੇਜ 'ਤੇ ਭਰੋਸਾ ਨਹੀਂ ਕਰ ਸਕਦੇ।
ਜੇਕਰ ਤੁਸੀਂ ਕਿਸੇ ਦੂਰ-ਦੁਰਾਡੇ ਦੇ ਖੇਤਰ ਵਿੱਚ ਬੁਸ਼ਵਾਕ ਕਰਨ ਦੀ ਯੋਜਨਾ ਬਣਾਉਂਦੇ ਹੋ ਤਾਂ ਤੁਸੀਂ ਕੁਝ ਰਾਸ਼ਟਰੀ ਪਾਰਕਾਂ ਅਤੇ ਪੁਲਿਸ ਸਟੇਸ਼ਨਾਂ ਤੋਂ ਇੱਕ ਨਿੱਜੀ ਲੋਕੇਟਰ ਬੀਕਨ ਕਿਰਾਏ 'ਤੇ ਲੈ ਸਕਦੇ ਹੋ।
ਐਂਡਰਿਊ ਗੋਵਨ ਦੀ ਸਲਾਹ ਹੈ ਕਿ ਵਾਕਿੰਗ ਟ੍ਰੈਕ 'ਤੇ ਬਣੇ ਰਹੋ, ਅਤੇ ਜੇਕਰ ਤੁਸੀਂ ਗੁੰਮ ਹੋ ਜਾਂਦੇ ਹੋ, ਤਾਂ ਕਿਸੇ ਟਰੈਕ 'ਤੇ ਵਾਪਸ ਜਾਣ ਦੀ ਕੋਸ਼ਿਸ਼ ਕਰੋ ਤਾਂ ਕਿ ਕੋਈ ਤੁਹਾਨੂੰ ਲੱਭ ਲਵੇ। ਅਤੇ ਸਭ ਤੋਂ ਮਹੱਤਵਪੂਰਨ ਹੈ ਕਿ ਤੁਸੀਂ ਇਕੱਲੇ ਬੁਸ਼ਵਾਕਿੰਗ ਕਰਨ ਨਾ ਜਾਓ।
ਇੱਕ ਸਥਾਨਕ ਬੁਸ਼ਵਾਕਿੰਗ ਕਲੱਬ ਵਿੱਚ ਸ਼ਾਮਲ ਹੋਣ ਬਾਰੇ ਵਿਚਾਰ ਕਰੋ।
ਕਲੱਬ ਸਥਾਨਕ ਸਥਿਤੀਆਂ ਅਤੇ ਖਤਰਿਆਂ, ਆਪਣੇ ਨਾਲ ਕੀ ਲੈਣਾ ਹੈ ਅਤੇ ਦੇਖਣ ਲਈ ਸਭ ਤੋਂ ਵਧੀਆ ਚੀਜ਼ਾਂ ਬਾਰੇ ਜਾਣੂ ਹੁੰਦੇ ਹਨ। ਉਨ੍ਹਾਂ ਕੋਲ ਅਜਿਹੀਆਂ ਗਤੀਵਿਧੀਆਂ ਲਈ ਬਹੁਤ ਵਧੀਆ ਸੁਝਾਅ ਹੁੰਦੇ ਹਨ।
ਹੈਲਨ ਡੋਨੋਵਨ ਦਾ ਕਹਿਣਾ ਹੈ ਕਿ ਤੁਹਾਡੇ ਸਥਾਨਕ ਬੁਸ਼ਵਾਕਿੰਗ ਕਲੱਬ ਨਾਲ ਜੁੜਨਾ ਬਹੁਤ ਆਸਾਨ ਹੈ।
ਤੁਸੀਂ ਹਰ ਰਾਜ ਅਤੇ ਖੇਤਰ ਵਿੱਚ ਸ਼ਾਨਦਾਰ ਬੁਸ਼ਵਾਕਿੰਗ ਪਹਿਲਕਦਮੀਆਂ ਤੱਕ ਪਹੁੰਚ ਕਰ ਸਕਦੇ ਹੋ।
ਉਤਸ਼ਾਹੀ ਵਾਲੰਟੀਅਰਾਂ ਦੇ ਇੱਕ ਸਮੂਹ ਦੁਆਰਾ ਪੱਛਮੀ ਆਸਟ੍ਰੇਲੀਆ ਵਿੱਚ ਨੌਜਵਾਨ ਸ਼ਰਨਾਰਥੀਆਂ ਅਤੇ ਪ੍ਰਵਾਸੀ ਲੋਕਾਂ ਨੂੰ ਬੁਸ਼ਵਾਕਿੰਗ ਦੀਆਂ ਖੁਸ਼ੀਆਂ ਨਾਲ ਜਾਣੂ ਕਰਵਾਉਣ ਲਈ ਪਹਿਲਾ ਹਾਈਕ ਪ੍ਰੋਜੈਕਟ ਸਥਾਪਤ ਕੀਤਾ ਗਿਆ ਸੀ।
ਇਸ ਤੋਂ ਬਾਅਦ ਇਹ ਪ੍ਰੋਜੈਕਟ ਮੈਲਬੋਰਨ, ਕੈਨਬਰਾ, ਸਿਡਨੀ ਅਤੇ ਬ੍ਰਿਸਬੇਨ ਤੱਕ ਫੈਲ ਗਿਆ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।