ਦੁਨੀਆ ਭਰ ਦੇ ਰੈਸਟੋਰੈਂਟ ਅਤੇ ਪ੍ਰਚੂਨ ਵਿਕਰੇਤਾ ਰੂਸ-ਯੂਕਰੇਨ ਜੰਗ ਕਾਰਨ, ਰਸੋਈ 'ਚ ਵਰਤੇ ਜਾਂਦੇ ਤੇਲ ਦੀ ਕਮੀ ਨਾਲ ਪ੍ਰਭਾਵਿਤ ਹੋਏ ਹਨ। ਯੂਕਰੇਨ ਤਕਰੀਬਨ ਦੁਨੀਆ ਦੇ ਅੱਧੇ ਹਿੱਸੇ ਨੂੰ ਸੂਰਜਮੁਖੀ ਦਾ ਤੇਲ ਸਪਲਾਈ ਕਰਦਾ ਹੈ।
ਦੁਨੀਆ ਦੇ ਹੋਰ ਰੈਸਟੋਰੈਂਟਸ ਦੇ ਵਾਂਗ ਇਸਤਾਂਬੁਲ ਦਾ ਰੈਸਟੋਰੈਂਟ 'ਤਾਰੀਹੀ ਬਾਲਿਕਾ' ਮੱਛੀ, ਕੈਲਾਮਾਰੀ ਆਦਿ ਨੂੰ ਤਲਣ ਲਈ ਸੂਰਜਮੁਖੀ ਦਾ ਤੇਲ ਵਰਤਦਾ ਹੈ। ਪਰ ਅਪ੍ਰੈਲ ਦੇ ਸ਼ੁਰੂ ਵਿੱਚ, ਤੇਲ ਦੀਆਂ ਕੀਮਤਾਂ 2019 ਦੇ ਮੁਕਾਬਲੇ ਲਗਭਗ ਚਾਰ ਗੁਣਾ ਵੱਧ ਹੋਣ ਦੇ ਨਾਲ, ਰੈਸਟੋਰੈਂਟ ਨੇ ਆਪਣੀਆਂ ਕੀਮਤਾਂ ਵਧਾ ਦਿੱਤੀਆਂ ਹਨ।
ਵੇਟਰ ਅਤੇ ਰਸੋਈਏ ਮਹਸੂਨ ਅਕਤਾਸ ਦਾ ਕਹਿਣਾ ਹੈ ਕਿ "ਜਿੰਨਾ ਚਿਰ ਹੋ ਸਕਿਆ , ਉਹ ਕੀਮਤਾਂ ਵਧਾਉਣ ਲਈ ਰੁਕੇ ਰਹੇ। ਪਰ ਕੀਮਤਾਂ ਵਧਾਉਣ ਨਾਲ ਹੁਣ ਗਾਹਕ ਮੈਨਿਊ ਨੂੰ ਦੇਖਦੇ ਹਨ ਅਤੇ ਚਲੇ ਜਾਂਦੇ ਹਨ।"
ਦੱਖਣੀ ਅਮਰੀਕਾ ਵਿੱਚ ਕੋਰੋਨਾਵਾਇਰਸ, ਮਜ਼ਦੂਰਾਂ ਦੀ ਘਾਟ, ਅਤੇ ਬਾਇਓਫਿਊਲ ਉਦਯੋਗ ਤੋਂ ਲਗਾਤਾਰ ਵਧਦੀ ਮੰਗ ਕਾਰਨ ਕੋਵਿਡ-19 ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਵਿਸ਼ਵ ਪੱਧਰ 'ਤੇ ਰਸੋਈ ਦੇ ਤੇਲ ਦੀਆਂ ਕੀਮਤਾਂ ਵਧ ਰਹੀਆਂ ਹਨ।
ਯੂਕਰੇਨ ਦੁਨੀਆ ਦੇ ਸੂਰਜਮੁਖੀ ਤੇਲ ਦਾ ਲਗਭਗ ਅੱਧਾ ਹਿੱਸਾ ਸਪਲਾਈ ਕਰਦਾ ਹੈ, ਪਰ ਯੂਕਰੇਨ ਵਿੱਚ ਯੁੱਧ ਨੇ ਸ਼ਿਪਮੈਂਟ ਵਿੱਚ ਵਿਘਨ ਪਾਇਆ ਅਤੇ ਰਸੋਈ ਦੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।
ਇਹ ਗਲੋਬਲ ਫੂਡ ਸਪਲਾਈ ਲਈ ਤਾਜ਼ਾ ਝਟਕਾ ਹੈ ਅਤੇ ਇੱਕ ਹੋਰ ਵਧਦੀ ਲਾਗਤ ਹੈ ਜੋ ਵਧਦੀ ਮਹਿੰਗਾਈ ਦੇ ਵਿਚਕਾਰ ਘਰਾਂ ਅਤੇ ਕਾਰੋਬਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ।
ਪਹਿਲਾਂ ਹੀ ਭੋਜਨ ਅਤੇ ਊਰਜਾ ਦੇ ਵੱਧ ਰਹੇ ਖਰਚਿਆਂ ਕਾਰਨ ਸੰਗਰਸ਼ ਚਲ ਰਿਹਾ ਸੀ , ਇਹ ਕੀਮਤਾਂ ਵਧਣ ਨਾਲ ਗਰੀਬ ਲੋਕਾਂ ਨੂੰ ਇਸ ਦੀ ਸਭ ਤੋਂ ਵੱਧ ਸੱਟ ਵੱਜ ਰਹੀ ਹੈ।
ਯੁੱਧ ਨੇ ਯੂਕਰੇਨ ਅਤੇ ਰੂਸ ਤੋਂ ਅਨਾਜ ਦੀ ਬਰਾਮਦ ਵਿੱਚ ਵਿਘਨ ਪਾ ਦਿੱਤਾ ਹੈ ਅਤੇ ਵਿਸ਼ਵਵਿਆਪੀ ਖਾਦ ਦੀ ਕਮੀ ਨੂੰ ਵਿਗਾੜ ਦਿੱਤਾ ਹੈ, ਨਤੀਜੇ ਵਜੋਂ ਮਹਿੰਗੇ ਅਤੇ ਨਿਊਟ੍ਰੀਐਂਟ ਵਜੋਂ ਘੱਟ ਭਰਪੂਰ ਭੋਜਨ ਪੈਦਾ ਹੋਏ ਹਨ।
ਕਣਕ, ਜੌਂ ਅਤੇ ਹੋਰ ਅਨਾਜਾਂ ਦੀ ਕਿਫਾਇਤੀ ਸਪਲਾਈ ਦਾ ਨੁਕਸਾਨ, ਅਫ਼ਰੀਕੀ ਅਤੇ ਕੁਝ ਏਸ਼ੀਆਈ ਦੇਸ਼ਾਂ ਵਿੱਚ ਭੋਜਨ ਦੀ ਕਮੀ ਅਤੇ ਸਿਆਸੀ ਅਸਥਿਰਤਾ ਦੀ ਸੰਭਾਵਨਾ ਨੂੰ ਹੋਰ ਵਧਾਉਂਦਾ ਹੈ। ਇੱਥੇ ਲੱਖਾਂ ਲੋਕ ਸਬਸਿਡੀ ਵਾਲੀ ਰੋਟੀ ਅਤੇ ਸਸਤੇ ਨੂਡਲਜ਼ 'ਤੇ ਨਿਰਭਰ ਕਰਦੇ ਹਨ।
ਸੰਯੁਕਤ ਰਾਸ਼ਟਰ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਬਨਸਪਤੀ ਤੇਲ ਦੀਆਂ ਉੱਚੀਆਂ ਕੀਮਤਾਂ ਫਰਵਰੀ ਵਿਚ ਰਿਕਾਰਡ ਪੱਧਰ 'ਤੇ ਪਹੁੰਚ ਗਈਆਂ, ਅਤੇ ਫਿਰ ਮਾਰਚ ਵਿਚ 23 ਫੀਸਦੀ ਹੋਰ ਵਧੀਆਂ।
ਅਤੇ ਵਿਸ਼ਵ ਬੈਂਕ ਦਾ ਕਹਿਣਾ ਹੈ ਕਿ 2019 ਤੋਂ ਸੋਇਆਬੀਨ ਤੇਲ ਦੀ ਕੀਮਤ ਲੱਗਭਗ ਦੋ ਗੁਣਾ ਵੱਧ ਹੋ ਗਈ ਹੈ [2019 ਵਿੱਚ $765 ਅਮਰੀਕੀ ਪ੍ਰਤੀ ਮੀਟ੍ਰਿਕ ਟਨ, ਹੁਣ ਮਾਰਚ 2022 ਵਿੱਚ ਔਸਤ $1,957 ਪ੍ਰਤੀ ਮੀਟ੍ਰਿਕ ਟਨ ਹੈ]।
ਚੋਟੀ ਦੇ ਉਤਪਾਦਕ ਇੰਡੋਨੇਸ਼ੀਆ ਨੇ ਘਰੇਲੂ ਸਪਲਾਈ ਨੂੰ ਸੁਰੱਖਿਅਤ ਰੱਖਣ ਲਈ ਪਿਛਲੇ ਹਫਤੇ ਨਿਰਯਾਤ 'ਤੇ ਪਾਬੰਦੀ ਲਗਾ ਦਿਤੀ ਜਿਸ ਤੋਂ ਬਾਅਦ ਪਾਮ ਤੇਲ ਦੀਆਂ ਕੀਮਤਾਂ ਹੋਰ ਵਾਧੇ ਲਈ ਤਿਆਰ ਹਨ।
ਉਦਯੋਗ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਉੱਤਰੀ ਹੈਮਿਸਫ਼ੀਏਰ ਵਿੱਚ ਕਿਸਾਨ ਮੱਕੀ, ਸੋਇਆਬੀਨ ਅਤੇ ਹੋਰ ਫਸਲਾਂ ਦੀ ਵਾਢੀ ਕਰਨਗੇ, ਉਦੋਂ ਤੱਕ ਕੀਮਤਾਂ ਮੱਧਮ ਹੋ ਸਕਦੀਆਂ ਹਨ। ਪਰ ਖਰਾਬ ਮੌਸਮ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ।
ਪਿਛਲੇ ਸਾਲ, ਸੋਕੇ ਨੇ ਕੈਨੇਡਾ ਦੀ ਕੈਨੋਲਾ ਅਤੇ ਬ੍ਰਾਜ਼ੀਲ ਦੀ ਸੋਇਆਬੀਨ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਸੀ, ਜਦੋਂ ਕਿ ਭਾਰੀ ਮੀਂਹ ਨੇ ਮਲੇਸ਼ੀਆ ਵਿੱਚ ਪਾਮ ਤੇਲ ਦੇ ਉਤਪਾਦਨ ਨੂੰ ਪ੍ਰਭਾਵਿਤ ਕੀਤਾ ਸੀ।
ਗਰੋ ਇੰਟੈਲੀਜੈਂਸ ਦੇ ਮਿਸਟਰ ਮੈਥਿਊਜ਼ ਦਾ ਕਹਿਣਾ ਹੈ ਕਿ ਯੂਕਰੇਨ ਜਾਂ ਰੂਸ ਤੋਂ ਕਿਸਾਨ ਘਾਟਾਂ ਨੂੰ ਪੂਰਾ ਕਰਨ ਲਈ ਲੋੜੀਂਦੀਆਂ ਫਸਲਾਂ ਬੀਜਣ ਤੋਂ ਝਿਜਕ ਰਹੇ ਹਨ ਕਿਉਂਕਿ ਉਹ ਨਹੀਂ ਜਾਣਦੇ ਕਿ ਯੁੱਧ ਕਦੋਂ ਖਤਮ ਹੋਵੇਗਾ।
ਪੂਰੀ ਰਿਪੋਰਟ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।