Coming Up Wed 9:00 PM  AEDT
Coming Up Live in 
Live
Punjabi radio
ਐਸ ਬੀ ਐਸ ਪੰਜਾਬੀ

ਆਸਟ੍ਰੇਲੀਆ ਵਿੱਚ 1 ਜੁਲਾਈ ਤੋਂ ਆਏ ਬਦਲਾਵਾਂ ਦਾ ਸਕਿਲਡ ਮਾਈਗ੍ਰੇਸ਼ਨ, ਵਿਦਿਆਰਥੀਆਂ, ਮਾਪਿਆਂ ਤੇ ਸਥਾਈ ਨਿਵਾਸੀਆਂ 'ਤੇ ਪੈਂਦੇ ਅਸਰ ਬਾਰੇ ਜਾਣਕਾਰੀ

Source: AAP

ਆਸਟ੍ਰੇਲੀਅਨ ਸਰਕਾਰ ਦੀ ਪਰਵਾਸ ਨੀਤੀ ਅਤੇ ਵੀਜ਼ਾ ਤਬਦੀਲੀਆਂ ਨਾਲ਼ ਨਵੇਂ ਵਿੱਤੀ ਸਾਲ 2021-2022 ਵਿੱਚ ਸੰਭਾਵੀ ਤੌਰ ਉੱਤੇ ਹੁਨਰਮੰਦ ਪ੍ਰਵਾਸੀ, ਅੰਤਰਰਾਸ਼ਟਰੀ ਵਿਦਿਆਰਥੀ, ਪ੍ਰਵਾਸੀਆਂ ਦੇ ਮਾਪੇ ਜਾਂ ਪਾਰਟਨਰ ਅਤੇ ਨਾਗਰਿਕਤਾ ਲੈਣ ਦੇ ਚਾਹਵਾਨ ਪ੍ਰਭਾਵਿਤ ਹੋ ਸਕਦੇ ਹਨ।

ਆਸਟ੍ਰੇਲੀਆ ਦੀ ਸਾਲ 2021-22 ਲਈ ਪਰਵਾਸ ਯੋਜਨਾਬੰਦੀ ਦਾ ਪੱਧਰ ਪਿਛਲੇ ਸਾਲ ਜਿੰਨਾ ਹੀ ਰੱਖਿਆ ਗਿਆ ਹੈ ਜਦਕਿ ਸਰਕਾਰ ਦਾ ਧਿਆਨ ਅੰਤਰਰਾਸ਼ਟਰੀ ਸਰਹੱਦ ਘੱਟੋ-ਘੱਟ 12 ਮਹੀਨਿਆਂ ਲਈ ਬੰਦ ਰਹਿਣ ਕਰਕੇ ਇਥੇ ਮੌਜੂਦ ਸਕਿਲਡ ਵੀਜ਼ਾ ਬਿਨੈਕਾਰਾਂ ਉੱਤੇ ਕੇਂਦਰਿਤ ਰਹੇਗਾ।

ਕੋਵਿਡ-19 ਮਹਾਂਮਾਰੀ ਦੌਰਾਨ ਸਾਵਧਾਨ ਰਵੱਈਆ ਅਪਣਾਉਂਦਿਆਂ, ਮੌਰਿਸਨ ਸਰਕਾਰ 2021-22 ਦੇ ਪ੍ਰਵਾਸ ਪ੍ਰੋਗਰਾਮ ਨੂੰ ਪਿਛਲੇ ਸਾਲ ਵਾਂਗ 160,000 ਸਥਾਨਾਂ ਉੱਤੇ ਹੀ ਰੱਖੇਗੀ।

ਸਰਕਾਰ ਮੁਤਾਬਿਕ ਮੌਜੂਦਾ ਸਿਹਤ ਅਤੇ ਆਰਥਿਕ ਹਾਲਤਾਂ ਦੇ ਚਲਦਿਆਂ ਸਾਲਾਨਾ ਇਮੀਗਰੇਸ਼ਨ ਪ੍ਰੋਗਰਾਮ ਤਹਿਤ 79,600 ਸਕਿਲਡ ਕਾਮੇ ਅਤੇ 77,300 ਸਥਾਨ ਪਰਿਵਾਰਕ ਮੈਂਬਰਾ ਲਈ ਰਾਖਵੇਂ ਰਖੇ ਗਏ ਹਨ।

ਮੈਲਬੌਰਨ ਵਿੱਚ ਮਾਈਗ੍ਰੇਸ਼ਨ ਏਜੰਟ ਵਜੋਂ ਕੰਮ ਕਰਦੇ ਨਵਜੋਤ ਕੈਲੇ ਨੇ ਇਮੀਗਰੇਸ਼ਨ ਪ੍ਰੋਗਰਾਮ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਇਹਨਾਂ ਐਲਾਨਾਂ ਬਾਰੇ ਪਹਿਲਾਂ ਤੋਂ ਹੀ ਅੰਦਾਜ਼ੇ ਲਾਏ ਜਾ ਰਹੇ ਸੀ।

ਸਕਿਲਡ ਮਾਈਗ੍ਰੇਸ਼ਨ ਪ੍ਰੋਗਰਾਮ

ਸਰਕਾਰ ਐਮਪਲੋਏਰ-ਸਪਾਂਸਰਡ, ਗਲੋਬਲ ਟੈਲੇਂਟ, ਬਿਜ਼ਨਸ ਇਨੋਵੇਸ਼ਨ ਅਤੇ ਇਨਵੈਸਟਮੈਂਟ ਵੀਜ਼ਾ ਪ੍ਰੋਗਰਾਮ ਨੂੰ ਪਹਿਲਾਂ ਵਾਂਗ ਹੀ ਪਹਿਲ ਦੇਣੀ ਜਾਰੀ ਰੱਖੇਗੀ।

ਐਸ ਬੀ ਐਸ ਪੰਜਾਬੀ ਨੂੰ ਦਿੱਤੇ ਬਿਆਨ ਵਿੱਚ ਗ੍ਰਹਿ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ 2021-22 ਮਾਈਗ੍ਰੇਸ਼ਨ ਪ੍ਰੋਗਰਾਮ ਵਿੱਚ ਕਾਰੋਬਾਰੀ ਇਨੋਵੇਸ਼ਨ ਅਤੇ ਇਨਵੈਸਟਮੈਂਟ ਪ੍ਰੋਗਰਾਮ ਅਧੀਨ 13,500, ਗਲੋਬਲ ਟੈਲੇਂਟ ਵੀਜ਼ਾ ਪ੍ਰੋਗਰਾਮ ਅਧੀਨ 15,000 ਅਤੇ ਐਮਪਲੋਯਰ ਸਪਾਂਸਰਡ ਪ੍ਰੋਗਰਾਮ ਅਧੀਨ 22,000 ਧਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।

ਗ੍ਰਹਿ ਵਿਭਾਗ ਅਨੁਸਾਰ 2021-22 ਵਿੱਚ ਉਨ੍ਹਾਂ ਸਕਿਲਡ ਵੀਜ਼ਾ ਸ਼੍ਰੇਣੀਆਂ ਨੂੰ ਤਰਜੀਹ ਦਿੱਤੀ ਜਾਵੇਗੀ ਜੋ ਆਸਟ੍ਰੇਲੀਆ ਦੀ ਆਰਥਿਕਤਾ ਅਤੇ ਰੁਜ਼ਗਾਰ ਨੂੰ ਮੁੜ ਸੁਰਜੀਤ ਕਰਨ ਵਿੱਚ ਸਹਾਈ ਹੋਣਗੀਆਂ।

ਤਰਜੀਹੀ ਮਾਈਗ੍ਰੇਸ਼ਨ ਕਿੱਤਿਆਂ ਦੀ ਸੂਚੀ ਵਿੱਚ ਵਾਧਾ

ਆਸਟ੍ਰੇਲੀਅਨ ਸਰਕਾਰ ਨੇ ਸਾਲ 2021-22 ਲਈ ਤਰਜੀਹੀ ਮਾਈਗ੍ਰੇਸ਼ਨ ਕਿੱਤਿਆਂ ਦੀ ਸੂਚੀ ਵਿਚ 22 ਹੋਰ ਕਿੱਤਿਆਂ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਹੁਣ ਹੋਰ ਕਿੱਤਾ-ਮੁਖੀ ਕਾਮਿਆਂ ਦਾ ਵੀਜ਼ਾ ਅਤੇ ਫਿਰ ਪੀ ਆਰ ਲੈਣ ਦਾ ਰਾਹ ਪੱਧਰਾ ਹੋਵੇਗਾ।

ਇਸ ਦੌਰਾਨ ਮੌਜੂਦਾ ਮਾਈਗ੍ਰੇਸ਼ਨ ਕਿੱਤਾ ਸੂਚੀਆਂ ਉਸੇ ਤਰਾਂਹ ਰਹਿਣਗੀਆਂ ਤੇ ਵੀਜ਼ਾ ਅਰਜ਼ੀਆਂ ਉੱਤੇ ਕਾਰਵਾਈ ਪਹਿਲਾਂ ਦੀ ਤਰਾਂਹ ਜਾਰੀ ਰਹੇਗੀ ਪਰ ਪੀ ਐਮ ਐਸ ਓ ਐਲ ਸੂਚੀ ਵਿਚਲੇ ਬਿਨੈਕਾਰਾਂ ਨੂੰ ਪਹਿਲ ਮਿਲੇਗੀ।

ਸਾਲ 2021 ਲਈ ਜਾਰੀ ਇਸ ਪੀ ਐਮ ਐਸ ਓ ਐਲ ਸੂਚੀ ਵਿੱਚ ਹੁਣ ਕੁੱਲ 41 ਤਰਜੀਹ ਵਾਲੇ ਕਿੱਤੇ ਦਰਜ ਹਨ ਜਿਸ ਵਿੱਚ ਅਕਾਉਂਟੈਂਟ, ਸ਼ੈੱਫ, ਸਿਵਲ ਇੰਜੀਨੀਅਰ ਅਤੇ ਸਾੱਫਟਵੇਅਰ ਪ੍ਰੋਗਰਾਮਰ ਵੀ ਸ਼ਾਮਿਲ ਕੀਤੇ ਗਏ ਹਨ।

ਸਰਕਾਰ ਦੁਆਰਾ ਇਹ ਫੈਸਲਾ ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਫੈਲਾਅ ਕਰਕੇ ਪੈਦਾ ਹੋਏ ਹਾਲਾਤਾਂ ਦੀ ਸਮੀਖਿਆ ਪਿੱਛੋਂ ਲਿਆ ਗਿਆ ਹੈ।

ਮੈਲਬੌਰਨ ਵਿੱਚ ਮਾਈਗ੍ਰੇਸ਼ਨ ਏਜੰਟ ਵਜੋਂ ਕੰਮ ਕਰਦੇ ਰਣਬੀਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਅਕਾਉਂਟੈਂਟ ਅਤੇ ਸ਼ੈੱਫ ਕਿੱਤੇ ਵਾਲ਼ੇ ਬਿਨੈਕਾਰਾਂ ਲਈ ਉਮੀਦ ਦੀ ਇਕ ਨਵੀਂ ਕਿਰਨ ਹੈ।

“ਅਕਾਉਂਟੈਂਟ, ਸ਼ੈੱਫ, ਸਾੱਫਟਵੇਅਰ ਅਤੇ ਐਪਲੀਕੇਸ਼ਨ ਪ੍ਰੋਗਰਾਮਰਾਂ ਲਈ ਇਹ ਬਹੁਤ ਵੱਡੀ ਖਬਰ ਹੈ - ਇਹ ਉਹ ਪੇਸ਼ੇ ਹਨ ਜੋ ਭਾਰਤੀ ਵੀਜ਼ਾ ਬਿਨੈਕਾਰਾਂ ਵਿੱਚ ਕਾਫੀ ਪ੍ਰਚਲਿਤ ਹਨ। ਇਹ ਪ੍ਰਕਿਰਿਆ ਰੋਜ਼ਗਾਰਦਾਤਾ ਦੁਆਰਾ ਸਪਾਂਸਰ ਕੀਤੇ ਸਬ-ਕਲਾਸ 184, 494 ਅਤੇ 483 ਲਈ ਵੀਜ਼ਾ ਪ੍ਰੋਸੈਸਿੰਗ ਨੂੰ ਕਾਫੀ ਸੁਚਾਰੂ ਬਣਾਏਗੀ ਪਰ ਇਥੇ ਇਹ ਯਾਦ ਰੱਖਣਾ ਕਾਫੀ ਜ਼ਰੂਰੀ ਹੈ ਕਿ ਜ਼ਿਆਦਾਤਰ ਹਾਲਾਤਾਂ ਵਿੱਚ ਤਿੰਨ ਸਾਲਾਂ ਦਾ ਕੰਮ ਦਾ ਤਜਰਬਾ ਹੋਣਾ ਲਾਜ਼ਮੀ ਹੈ,” ਉਨ੍ਹਾਂ ਕਿਹਾ।

ਅੰਤਰਰਾਸ਼ਟਰੀ ਵਿਦਿਆਰਥੀ

ਮਾਹਿਰ ਸ਼੍ਰੀ ਕੈਲੇ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਮੌਜੂਦ ਅੰਤਰਾਸ਼ਟਰੀ ਵਿਦਿਆਰਥੀਆਂ ਲਈ ਆਪਣੇ ਸਥਾਈ ਨਿਵਾਸ ਦਾ ਰਾਹ ਪੱਧਰਾ ਕਰਨ ਦਾ ਸੁਨਹਿਰਾ ਮੌਕਾ ਹੋਵੇਗਾ ਜਿਸ ਵਿੱਚ 'ਕ੍ਰਿਟੀਕਲ ਸੇਕ੍ਟਰ' ਵਿਚਲੇ ਵਿਦਿਆਰਥੀਆਂ ਅਤੇ ਤਰਜੀਹੀ ਕਿੱਤਿਆਂ ਵਿੱਚ ਸ਼ਾਮਿਲ ਬਿਨੈਕਾਰਾਂ ਨੂੰ ਲਾਭ ਮਿਲਣ ਦੀ ਉਮੀਦ ਹੈ।

ਪਹਿਲਾਂ ਤੋਂ ਆਏ ਸਰਕਾਰੀ ਬਿਆਨ ਮੁਤਾਬਿਕ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜਿਆਦਾ ਕੰਮ ਕਰਨ ਦਾ ਮੌਕਾ ਮਿਲੇਗਾ।

ਹੌਸਪੀਟੇਲਟੀ ਤੇ ਟੂਰਿਜ਼ਮ ਸੈਕਟਰ ‘ਚ ਕੰਮ ਕਰਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਲਈ  ਪੰਦਰਵਾੜੇ 40 ਘੰਟੇ ਕੰਮ ਕਰਨ ਦੀ ਸੀਮਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜੇ ਕੋਈ ਖੇਤੀਬਾੜੀ, ਸਿਹਤ ਜਾਂ ਏਜ਼ਡ ਕੇਅਰ ਸੈਕਟਰ ‘ਚ ਕੰਮ ਕਰਦਾ ਹੈ ਤਾਂ ਉਸ ਨੂੰ ਵੀ ਇਸ ਤੋਂ ਲਾਭ ਮਿਲੇਗਾ।

ਨਾਗਰਿਕਤਾ ਅਰਜ਼ੀ ਦੀ ਫ਼ੀਸ ਵਿੱਚ 1 ਜੁਲਾਈ ਤੋਂ ਵਾਧਾ

ਆਸਟ੍ਰੇਲੀਅਨ ਸਰਕਾਰ ਨੇ ਨਾਗਰਿਕਤਾ ਫ਼ੀਸ ਵਧਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਸੋਧੀ ਹੋਈ ਰਕਮ ਮਹਿੰਗਾਈ, ਸਟਾਫ਼ ਉਤੇ ਆ ਰਹੀ ਲਾਗਤ ਅਤੇ ਅਰਜ਼ੀਆਂ ਵਿੱਚ ਵੱਧ ਰਹੀ ਜਟਿਲਤਾ ਦੇ ਚਲਦਿਆਂ ਕੀਤੀ ਗਈ ਹੈ।

ਇਸ ਤਬਦੀਲੀ ਤੋਂ ਬਾਅਦ ਨਾਗਰਿਕਤਾ ਦੀ ਅਰਜ਼ੀ ਲਈ ਫ਼ੀਸ 285 ਡਾਲਰ ਤੋਂ ਵਧ ਕੇ 490 ਡਾਲਰ ਹੋ ਜਾਏਗੀ।

ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ, “ਨਵੀਂ ਫ਼ੀਸ ਨਾਗਰਿਕਤਾ ਅਰਜ਼ੀਆਂ ਦੀ ਪ੍ਰਕਿਰਿਆ ਨਾਲ਼ ਜੁੜੇ ਖ਼ਰਚਿਆਂ ਅਤੇ ਮਹਿੰਗਾਈ ਦਰ ਵਿੱਚ ਹੋਏ ਵਾਧੇ ਦੇ ਅਨੁਕੂਲ ਕੀਤੀ ਗਈ ਹੈ।"

ਤਬਦੀਲੀ ਨੂੰ ਜਾਇਜ਼ ਠਹਿਰਾਉਂਦਿਆਂ ਸ੍ਰੀ ਹਾਕ ਨੇ ਕਿਹਾ ਕਿ ਆਸਟ੍ਰੇਲੀਅਨ ਨਾਗਰਿਕਤਾ ਅਰਜ਼ੀ ਫ਼ੀਸ ਸਾਲ 2016 ਤੋਂ ਬਾਅਦ ਪਹਿਲੀ ਵਾਰੀ ਵਧਾਈ ਗਈ ਹੈ ਅਤੇ ਨਾਗਰਿਕਤਾ ਦੀ ਅਰਜ਼ੀ ਪ੍ਰਕਿਰਿਆ ਅਤੇ ਖਰਚਿਆਂ ਸਮੇਤ ਕਈ ਹੋਰ ਕਾਰਕਾਂ ਨੂੰ ਧਿਆਨ ਵਿੱਚ ਰੱਖਕੇ ਇਹ ਫ਼ੈਸਲਾ ਲਿਆ ਗਿਆ ਹੈ।

ਮਾਈਗ੍ਰੇਸ਼ਨ ਫੈਸਲਿਆਂ ਦੀ ਸਮੀਖਿਆ ਲਈ ਫੀਸ ਵਿੱਚ ਭਾਰੀ ਵਾਧਾ

1 ਜੁਲਾਈ 2021 ਤੋਂ ਮਾਈਗ੍ਰੇਸ਼ਨ ਫੈਸਲਿਆਂ ਦੀ ਸਮੀਖਿਆ ਲਈ ਅਰਜ਼ੀ ਫੀਸਾਂ ਵੀ ਵਧਾਈਆਂ ਗਈਆਂ ਹਨ।

ਪ੍ਰਬੰਧਕੀ ਅਪੀਲ ਟ੍ਰਿਬਿਊਨਲ (ਏ.ਏ.ਟੀ.) ਵਿੱਚ ਪਰਵਾਸ ਸਬੰਧੀ ਫੈਸਲਿਆਂ ਦੀ ਸਮੀਖਿਆ ਕਰਨ ਦੀ ਫੀਸ ਮੌਜੂਦਾ $1764 ਤੋਂ ਵਧਾ ਕੇ 3,000 ਡਾਲਰ ਕਰ ਦਿੱਤੀ ਗਈ ਹੈ ਜੋ ਕਿ ਲਗਭਗ 70 ਪ੍ਰਤੀਸ਼ਤ ਦਾ ਵਾਧਾ ਹੈ। ਉਹਨਾਂ ਮਾਮਲਿਆਂ ਵਿੱਚ ਜਿੱਥੇ 50% ਫੀਸ ਵਿੱਚ ਕਟੌਤੀ ਦਿੱਤੀ ਜਾਂਦੀ ਹੈ, ਭੁਗਤਾਨਯੋਗ ਫੀਸ $1,500 ਹੋਵੇਗੀ।

ਆਸਟ੍ਰੇਲੀਅਨ ਸਰਕਾਰ ਦੀ ਪਰਵਾਸ ਨੀਤੀ ਅਤੇ ਵੀਜ਼ਾ ਤਬਦੀਲੀਆਂ ਦੇ ਹੁਨਰਮੰਦ ਪ੍ਰਵਾਸੀਆਂ, ਅੰਤਰਰਾਸ਼ਟਰੀ ਵਿਦਿਆਰਥੀ, ਪ੍ਰਵਾਸੀਆਂ ਦੇ ਮਾਪੇ ਜਾਂ ਪਾਰਟਨਰ ਤੇ ਆਸਟ੍ਰੇਲੀਅਨ ਸਥਾਈ ਨਿਵਾਸੀਆਂ ਉੱਤੇ ਪੈਂਦੇ ਅਸਰਾਂ ਬਾਰੇ ਪੂਰੀ ਜਾਣਕਾਰੀ ਲਈ ਇਹ ਆਡੀਓ ਰਿਪੋਰਟ ਸੁਣੋ: 

ਆਸਟ੍ਰੇਲੀਆ ਵਿੱਚ 1 ਜੁਲਾਈ ਤੋਂ ਆਏ ਬਦਲਾਵਾਂ ਦਾ ਸਕਿਲਡ ਮਾਈਗ੍ਰੇਸ਼ਨ, ਵਿਦਿਆਰਥੀਆਂ, ਮਾਪਿਆਂ ਤੇ ਸਥਾਈ ਨਿਵਾਸੀਆਂ 'ਤੇ ਪੈਂਦੇ ਅਸਰ ਬਾਰੇ ਜਾਣਕਾਰੀ
00:00 00:00


ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।

Coming up next

# TITLE RELEASED TIME MORE
ਆਸਟ੍ਰੇਲੀਆ ਵਿੱਚ 1 ਜੁਲਾਈ ਤੋਂ ਆਏ ਬਦਲਾਵਾਂ ਦਾ ਸਕਿਲਡ ਮਾਈਗ੍ਰੇਸ਼ਨ, ਵਿਦਿਆਰਥੀਆਂ, ਮਾਪਿਆਂ ਤੇ ਸਥਾਈ ਨਿਵਾਸੀਆਂ 'ਤੇ ਪੈਂਦੇ ਅਸਰ ਬਾਰੇ ਜਾਣਕਾਰੀ 01/07/2021 12:30 ...
ਤੁਸੀਂ ਆਸਟ੍ਰੇਲੀਆ ਵਿੱਚ ਦਾਖਲ ਹੋਣ ਤੋਂ ਪਹਿਲਾਂ ਆਪਣੇ ਨਾਲ ਕੀ ਲਿਆ ਸਕਦੇ ਹੋ ਅਤੇ ਕੀ ਨਹੀਂ 01/12/2021 10:35 ...
ਭਾਰਤ ਵਿੱਚ ਅੰਤਰਜਾਤੀ ਜੋੜਿਆਂ ਦੁਆਰਾ ਦਰਪੇਸ਼ ਜੋਖਮ 01/12/2021 10:00 ...
ਮਹਾਂਮਾਰੀ ਕਾਰਨ ਲੱਗੀਆਂ ਬੰਦਸ਼ਾਂ ਦੌਰਾਨ ਤੈਰਾਕੀ ਸਿੱਖਣ ਤੋਂ ਪੱਛੜੇ ਛੋਟੇ ਬੱਚਿਆਂ ਲਈ ਗਰਮੀਆਂ ਦਾ ਮੌਸਮ ਹੋ ਸਕਦਾ ਹੈ ਖਤਰਨਾਕ 01/12/2021 22:00 ...
ਵਹਿਮ ਭਰਮ ਅਤੇ ਲੋਕ ਵਿਸ਼ਵਾਸ ਦੀਆਂ ਗੱਲਾਂ 26/11/2021 07:30 ...
ਡਾਇਬੀਟੀਜ਼ ਇੱਕ ਅਜਿਹਾ ਰੋਗ ਹੈ ਜਿਸ ਨੂੰ ਜੀਵਨਸ਼ੈਲੀ ਵਿੱਚ ਮਾਮੂਲੀ ਤਬਦਲੀਆਂ ਦੁਆਰਾ ਅਸਾਨੀ ਨਾਲ ਕਾਬੂ ਵਿੱਚ ਕੀਤਾ ਜਾ ਸਕਦਾ ਹੈ 24/11/2021 21:00 ...
ਕੰਮ ਵਾਲੀ ਥਾਂ 'ਤੇ ਹੋਣ ਵਾਲਾ ਵਿਤਕਰਾ ਕੀ ਹੈ ਅਤੇ ਜੇਕਰ ਤੁਹਾਨੂੰ ਲਗਦਾ ਹੈ ਕਿ ਤੁਸੀਂ ਵਿਤਕਰੇ ਦੇ ਪੀੜਤ ਹੋ ਤਾਂ ਤੁਸੀਂ ਕੀ ਕਰ ਸਕਦੇ ਹੋ? 24/11/2021 09:18 ...
ਆਸਟ੍ਰੇਲੀਆ ਦੇ ਔਰਫਨ ਰਿਲੇਟਿਵ ਵੀਜ਼ੇ ਬਾਰੇ ਵਿਸ਼ੇਸ ਜਾਣਕਾਰੀ 23/11/2021 07:06 ...
ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀਆਂ ਭਾਰਤੀ ਸੰਗਤਾਂ 19/11/2021 09:08 ...
ਨਨਕਾਣਾ ਸਾਹਿਬ ਵਿਖੇ ਉਤਸ਼ਾਹ ਨਾਲ ਗੁਰਪੁਰਬ ਦੇ ਸਮਾਗਮਾਂ ਦਾ ਆਗਮਨ 18/11/2021 07:01 ...
View More