ਬ੍ਰਿਸਬੇਨ ਨਿਵਾਸੀ ਸੰਦੀਪ ਕੌਰ ਇੱਕ ਬੀ-ਡਬਲ ਟਰੱਕ ਚਲਾਉਂਦੀ ਹੈ ਅਤੇ ਇਸ ਗੱਲ ਵਿੱਚ ਮਾਣ ਮਹਿਸੂਸ ਕਰਦੀ ਹੈ ਕਿ ਉਸਨੇ ਇਸ ਮਰਦ-ਪ੍ਰਧਾਨ ਕੰਮ ਵਿੱਚ ਹੌਂਸਲੇ ਅਤੇ ਸਵੈ-ਵਿਸ਼ਵਾਸ਼ ਨਾਲ਼ ਇੱਕ ਵੱਖਰੀ ਕਿਸਮ ਦੀ ਹਾਜ਼ਰੀ ਲਗਵਾਈ ਹੈ।
ਸੰਦੀਪ ਕੌਰ ਆਸਟ੍ਰੇਲੀਆ ਦੀਆਂ ਉਨ੍ਹਾਂ ਕੁਝ ਔਰਤਾਂ ਵਿੱਚੋਂ ਇੱਕ ਹੈ ਜੋ ਮਰਦ-ਪ੍ਰਧਾਨ ਟਰੱਕਿੰਗ ਸਨਅਤ ਵਿੱਚ ਇੱਕ ਡਰਾਈਵਰ ਵਜੋਂ ਕਰੀਅਰ ਬਣਾ ਰਹੀਆਂ ਹਨ।
ਉਹ ਪਿਛਲੇ ਚਾਰ ਸਾਲਾਂ ਤੋਂ ਟਰੱਕ ਚਲਾ ਰਹੀ ਹੈ - ਪਹਿਲੇ ਤਿੰਨ ਸਾਲ ਛੋਟੇ ਟਰੱਕ ਉੱਤੇ ਤਜ਼ੁਰਬਾ ਲੈਣ ਪਿੱਛੋਂ ਉਸਨੇ ਅਜੇ ਸਾਲ ਪਹਿਲਾਂ ਹੀ ਵੱਡੇ ਬੀ-ਡਬਲ ਟਰੱਕ ਨੂੰ ਚਲਾਉਣਾ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ।
ਕੰਮ ਦੇ ਸਿਲਸਿਲੇ ਵਿੱਚ ਉਸਨੂੰ ਲੰਬਿਆਂ ਅੰਤਰਰਾਜੀ ਰੂਟਾਂ, ਬ੍ਰਿਸਬੇਨ ਤੋਂ ਸਿਡਨੀ, ਮੈਲਬੌਰਨ ਅਤੇ ਐਡੀਲੇਡ ਵਰਗੇ ਹੋਰ ਵੀ ਵੱਡੇ ਸ਼ਹਿਰਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ।
ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਉਸਨੇ ਇੱਕ ਟਰੱਕ-ਚਾਲਕ ਦੇ ਰੂਪ ਵਿੱਚ ਆਉਂਦੀਆਂ ਚੁਣੌਤੀਆਂ ਬਾਰੇ ਗੱਲ ਕੀਤੀ।
“ਇਹ ਕਾਫ਼ੀ ਦਿਲਚਸਪ ਕੰਮ ਹੈ। ਇਹ ਓਨਾ ਮੁਸ਼ਕਲ ਵੀ ਨਹੀਂ ਹੈ ਜਿੰਨਾ ਮੈਂ ਸੋਚਿਆ ਸੀ। ਚੰਗੀ ਗੱਲ ਇਹ ਹੈ ਕਿ ਤੁਸੀਂ ਆਪਣੇ ਖੁਦ ਦੇ ਬੌਸ ਹੋ। ਤੁਹਾਡਾ ਔਰਤ ਹੋਣਾ ਇੱਥੇ ਕੋਈ ਮਾਇਨੇ ਨਹੀਂ ਰੱਖਦਾ, ਸਿਰਫ ਦਿੱਤੇ ਹੋਏ ਕੰਮ ਦੇ ਮਾਇਨੇ ਹਨ ਜੋ ਤੁਸੀਂ ਪੂਰਾ ਕਰਨਾ ਹੈ।”
ਸੰਦੀਪ ਨੂੰ ਟਰੱਕਿੰਗ ਸਨਅਤ ਵਿੱਚ ਆਪਣਾ ਰਾਹ ਸਿੱਧਾ ਕਰਨ ਲਈ ਕੁਝ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪਿਆ।
"ਜਦ ਮੈਂ ਨੌਕਰੀ ਲੱਭਣੀ ਸ਼ੁਰੂ ਕੀਤੀ ਤਾਂ ਫੋਨ ਉੱਤੇ ਪੁੱਛਿਆ ਜਾਂਦਾ ਸੀ ਕਿ ਕੀ ਇਹ ਮੈਂ ਆਪਣੇ ਪਤੀ ਲਈ ਪੁੱਛ ਰਹੀ ਹਾਂ। ਇਹ ਇੱਕ ਮਰਦ-ਪ੍ਰਧਾਨ ਨੌਕਰੀ ਹੈ ਤੇ ਇਸ ਸੋਚ ਨੂੰ ਤੋੜਨਾ ਮੁਸ਼ਕਿਲ ਹੈ। ਪਹਿਲੀ ਰੁਕਾਵਟ ਤੁਹਾਡਾ ਆਪਣਾ ਮਨ ਹੈ। ਇਕ ਵਾਰ ਜਦੋਂ ਤੁਸੀਂ ਇਸ 'ਤੇ ਕਾਬੂ ਪਾ ਲੈਂਦੇ ਹੋ ਤਾਂ ਸਭ ਕੁਝ ਬਹੁਤ ਸੌਖਾ ਹੋ ਜਾਂਦਾ ਹੈ।
ਸੰਦੀਪ ਨੇ ਕਿਹਾ ਕਿ ਆਤਮ ਵਿਸ਼ਵਾਸ ਅਤੇ ਹੌਂਸਲੇ ਵਾਲੀਆਂ ਔਰਤਾਂ ਜੋ ਡ੍ਰਾਇਵਿੰਗ ਕਰਨਾ ਪਸੰਦ ਕਰਦੀਆਂ ਹਨ, ਜੇ ਚਾਹੁਣ, ਤਾਂ ਬੇ-ਝਿਜਕ ਇਸ ਕਿੱਤੇ ਨੂੰ ਇੱਕ ਕਰੀਅਰ ਵਜੋਂ ਆਪਣਾ ਸਕਦੀਆਂ ਹਨ।
“ਜੇ ਤੁਸੀਂ ਇੱਕ ਔਰਤ ਹੋ ਅਤੇ ਟਰੱਕ ਡਰਾਈਵਰ ਦੇ ਕੰਮ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਥੋੜ੍ਹੀ ਹਿੰਮਤ ਅਤੇ ਸਵੈ-ਵਿਸ਼ਵਾਸ ਦੀ ਜ਼ਰੂਰਤ ਹੋਵੇਗੀ। ਲੰਬੇ ਸਮੇਂ ਲਈ ਘਰੋਂ ਬਾਹਰ ਰਹਿਣਾ, ਦੇਰ ਰਾਤ ਲੰਬਿਆਂ ਰੂਟਾਂ ਉੱਤੇ ਟਰੱਕ ਚਲਾਉਣਾ, ਇਹ ਇਕ ਚੁਣੌਤੀ ਵਾਲ਼ਾ ਕੰਮ ਹੋ ਸਕਦਾ ਹੈ ਜੋ ਹਰ ਕਿਸੇ ਦੇ ਸੁਭਾਅ ਤੇ ਲੋੜਾਂ ਨੂੰ ਫਿੱਟ ਨਹੀਂ ਬੈਠਦਾ।"
ਸੰਦੀਪ ਦੱਸਦੀ ਹੈ ਕਿ ਉਸ ਲਈ ਇਹ ਨੌਕਰੀ ਇੱਕ ਵਧੀਆ ਅਤੇ ਲਾਭਕਾਰੀ ਤਜ਼ੁਰਬਾ ਸਾਬਿਤ ਹੋਈ ਹੈ।
"ਇਹ ਮੇਰੀਆਂ ਆਰਥਿਕ ਲੋੜਾਂ ਪੂਰੀਆਂ ਕਰਦੀ ਹੈ। ਜੋ ਨੌਕਰੀ ਮੈਂ ਪਹਿਲਾਂ ਕਰਦੀ ਸੀ ਉਸ ਨਾਲੋਂ 2-3 ਗੁਣਾ ਵੱਧ ਤਨਖਾਹ ਹੈ ਅਤੇ ਇਹੀ ਕਾਰਨ ਹੈ ਕਿ ਮੈਂ ਇਸ ਕੰਮ ਨੂੰ ਅਜੇ ਚਲਦਾ ਰੱਖਾਂਗੀ।"
“ਮੈਨੂੰ ਇਸ ਨੌਕਰੀ ਨਾਲ਼ ਜੁੜਿਆ ਕੋਈ ਪਛਤਾਵਾ ਨਹੀਂ ਹੈ। ਸਗੋਂ ਮੈਂ ਸੋਚਦੀ ਹਾਂ ਕਿ ਕਾਸ਼ ਮੈਂ ਇਹ ਕੰਮ ਥੋੜ੍ਹਾ ਪਹਿਲਾਂ ਸ਼ੁਰੂ ਕਰ ਲੈਂਦੀ।"
ਸੰਦੀਪ ਨੇ ਕਿਹਾ ਕਿ ਉਹ ਚਾਹੁੰਦੀ ਹੈ ਕਿ ਹੋਰ ਔਰਤਾਂ ਵੀ ਟਰੱਕਿੰਗ ਉਦਯੋਗ ਵਿੱਚ ਉਪਲਬਧ ਮੌਕਿਆਂ ਰਾਹੀਂ ਵਿੱਤੀ-ਤੌਰ ਉਤੇ ਆਪਣੇ ਪੈਰਾਂ ਉੱਤੇ ਖੜ੍ਹੀਆਂ ਹੋਣ।
ਆਪਣੇ ਭਾਇਚਾਰੇ ਵਿੱਚ ਆਉਂਦੀਆਂ ਰੁਕਾਵਟਾਂ ਬਾਰੇ ਗੱਲ ਕਰਦਿਆਂ ਉਸਨੇ ਕਿਹਾ ਕਿ ਇਹ ਸਮਾਜਕ-ਆਰਥਿਕ ਤਾਣਾ-ਬਾਣਾ ਹੈ ਜੋ ਅਕਸਰ ਔਰਤਾਂ ਨੂੰ ਉਹੀ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਜੋ ਉਹ 'ਪੀੜ੍ਹੀ ਦਰ ਪੀੜ੍ਹੀ' ਕਰਦੀਆਂ ਆ ਰਹੀਆਂ ਹਨ।
“ਕੁਝ ਲੋਕਾਂ ਦੇ ਨੇਗਟਿਵ ਕਮੈਂਟ ਹੁਣ ਮੈਨੂੰ ਪਰੇਸ਼ਾਨ ਨਹੀਂ ਕਰਦੇ ਕਿਓਂਕਿ ਜ਼ਿਆਦਾਤਰ ਲੋਕਾਂ ਇਸ ਕੰਮ ਲਈ ਮੈਨੂੰ ਹੱਲਾਸ਼ੇਰੀ ਅਤੇ ਸ਼ਾਬਾਸ਼ੇ ਹੀ ਦਿੱਤੀ ਹੈ। ਤੁਸੀਂ ਅਕਸਰ ਉਨ੍ਹਾਂ ਲੋਕਾਂ ਤੋਂ ਗੱਲਾਂ ਸੁਣਦੇ ਹੋ ਜੋ ਕਹਿੰਦੇ ਹਨ ਕਿ ਇਹ ਕੰਮ ਤੁਹਾਡੇ ਲਈ ਨਹੀਂ ਬਣਿਆ ਜਾਂ ਤੁਹਾਡੇ ਤੋਂ ਨਹੀਂ ਹੋਣਾ - ਅੱਛਾ!! ਪਰ ਇਹ ਆਸਟ੍ਰੇਲੀਆ ਹੈ ਜਿੱਥੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਚੱਲ ਸਕਦੇ ਹੋ, ਗੱਲ ਭਾਵੇਂ ਆਪਣਾ ਕੈਰੀਅਰ ਚੁਨਣ ਦੀ ਹੋਵੇ ਜਾਂ ਕੋਈ ਹੋਰ ਸੁਪਨੇ ਪੂਰੇ ਕਰਨ ਦੀ!"
ਸੰਦੀਪ ਸਾਲ 2013 ਵਿੱਚ ਭਾਰਤ ਤੋਂ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਸੀ।
ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਗੁਰਾਇਆ ਦੀ ਰਹਿਣ ਵਾਲੀ, ਸੰਦੀਪ ਨੇ ਕਈ ਮੁਸ਼ਕਲਾਂ ਅਤੇ ਨਿੱਜੀ ਚੁਣੌਤੀਆਂ ਦਾ ਸਾਹਮਣਾ ਕੀਤਾ।
ਛੋਟੀ ਉਮਰੇ ਪਿਤਾ ਦੀ ਮੌਤ ਪਿੱਛੋਂ ਵਿੱਤੀ ਰੁਕਾਵਟਾਂ ਦੇ ਬਾਵਜੂਦ ਉਸਦੀ ਮਾਂ ਨੇ ਹੌਂਸਲੇ ਨਾਲ਼ ਉਸਦਾ ਪਾਲਣ-ਪੋਸ਼ਣ ਕੀਤਾ।
ਮੇਰੀ ਮਾਂ ਮੇਰੇ ਲਈ ਪ੍ਰੇਰਣਾਸਰੋਤ ਹੈ। ਉਹ ਹਮੇਸ਼ਾਂ ਮੈਨੂੰ ਚੜ੍ਹਦੀ ਕਲਾ ਵਿੱਚ ਰਹਿਣ ਲਈ ਉਤਸ਼ਾਹਿਤ ਕਰਦੀ ਹੈ ਖ਼ਾਸਕਰ ਓਦੋਂ ਜਦੋਂ ਹਾਲਤ ਮੇਰੇ ਪੱਖ ਵਿੱਚ ਨਹੀਂ ਹੁੰਦੇ।
ਸੰਦੀਪ ਨੇ ਆਪਣੇ ਪਰਿਵਾਰ, ਖਾਸ ਦੋਸਤ ਸੋਨਿਕਾ ਪੌਲ ਅਤੇ ਭਾਈਚਾਰੇ ਦਾ ਧੰਨਵਾਦ ਕੀਤਾ ਜਿੰਨਾ ਔਖੇ ਵੇਲ਼ੇ ਉਸਦਾ ਸਾਥ ਦਿੱਤਾ ਅਤੇ ਉਸਨੂੰ 'ਮੇਹਨਤ ਆਸਰੇ' ਇੱਕ ਖੁਸ਼ਹਾਲ ਜਿੰਦਗੀ ਜਿਓਣ ਲਈ ਪ੍ਰੇਰਿਤ ਕੀਤਾ।
“ਮੈਂ ਮੈਲਬੌਰਨ ਦੀ ਇੱਕ ਟ੍ਰੱਕਇੰਗ ਕੰਪਨੀ ਲਈ ਕੰਮ ਕਰ ਰਹੀ ਹਾਂ ਜੋ ਸਾਡੇ ਪੰਜਾਬੀ ਭਾਈਚਾਰੇ ਦੁਆਰਾ ਚਲਾਈ ਜਾ ਰਹੀ ਹੈ। ਮੈਂ ਇਸ ਦੇ ਮਾਲਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਇਸ ਕੰਮ ਲਈ ਮੇਰੇ 'ਤੇ ਭਰੋਸਾ ਦਿਖਾਇਆ ਹੈ।"
ਸੰਦੀਪ ਹੁਣ ਅਗਲੇ 10 ਸਾਲਾਂ ਦੌਰਾਨ ਆਪਣੀ ਖੁਦ ਦੀ ਟਰੱਕ ਕੰਪਨੀ ਖੜ੍ਹੀ ਕਰਨ ਲਈ ਯਤਨਸ਼ੀਲ ਹੈ।
ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿਕ ਕਰੋ...
Click this link to read this story in English.
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ