ਆਸਟ੍ਰੇਲੀਅਨ ਬਾਰਡਰ ਫੋਰਸ ਨੇ ਗੁਰਸ਼ਰਨ ਸਿੰਘ, ਜਿਨ੍ਹਾਂ ਦੇ ਸਪੁੱਤਰ ਦਾ ਐਡੀਲੇਡ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਨੂੰ ਹਮਦਰਦੀ ਦੇ ਅਧਾਰ 'ਤੇ ਭਾਰਤ ਤੋਂ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦਿੱਤੀ ਹੈ। ਆਪਣੇ ਬੇਟੇ ਦੀ ਦੇਖਭਾਲ ਲਈ ਹਰ ਸੰਭਵ ਕੋਸ਼ਿਸ਼ ਦਾ ਪੱਕਾ ਇਰਾਦਾ ਬਣਾ ਕੇ ਆਏ ਇਸ ਪਿਤਾ ਨੂੰ ਹੁਣ ਉਸਦੇ ਇਲਾਜ ਉੱਤੇ ਆਉਣ ਵਾਲ਼ੇ ਖ਼ਰਚੇ ਬਾਰੇ ਚਿੰਤਾ ਹੈ।
ਗੁਰਸ਼ਰਨ ਸਿੰਘ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਇਹੋ ਜਿਹੇ ਔਖੇ ਹਾਲਾਤਾਂ ਵਿੱਚ ਆਪਣੇ ਪੁੱਤਰ ਦੀ ਦੇਖਭਾਲ ਲਈ ਆਸਟ੍ਰੇਲੀਆ ਆਉਣਾ ਪਵੇਗਾ।
ਉਨ੍ਹਾਂ ਦੇ ਪੁੱਤਰ ਮਨਜੋਤ ਸਿੰਘ ਚੀਮਾ ਨੂੰ ਐਡੀਲੇਡ ਦੇ ਇੱਕ ਹੋਟਲ ਵਿੱਚ ਤੈਰਾਕੀ ਕਰਦਿਆਂ ਰੀੜ੍ਹ ਦੀ ਹੱਡੀ ਉੱਤੇ ਗੰਭੀਰ ਸੱਟਾਂ ਲਗੀਆਂ ਸਨ।
ਉਹ ਪਿਛਲੇ ਸਾਲ ਐਡੀਲੇਡ ਵਿੱਚ ਆਪਣੇ ਦੋਸਤਾਂ ਨਾਲ਼ ਕ੍ਰਿਸਮਿਸ ਦੀਆਂ ਛੁੱਟੀਆਂ ਕੱਟਣ ਗਿਆ ਸੀ ਜਿੱਥੇ ਕਿ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
"ਮੈਨੂੰ ਐਡੀਲੇਡ ਵਿੱਚ ਸਥਾਨਕ ਸੰਸਦ ਮੈਂਬਰਾਂ ਦੇ ਸਮਰਥਨ ਨਾਲ ਹਮਦਰਦੀ ਦੇ ਅਧਾਰ 'ਤੇ ਛੋਟ ਮਿਲੀ ਹੈ। ਮੈਂ ਸਿਡਨੀ ਵਿੱਚ ਕੁਆਰੰਟੀਨ ਸਮਾਂ ਪੂਰਾ ਕਰਨ ਤੋਂ ਬਾਅਦ ਐਡੀਲੇਡ ਪਹੁੰਚਿਆ ਹਾਂ," ਗੁਰਸ਼ਰਨ ਸਿੰਘ ਨੇ ਕਿਹਾ।
"ਮਨਜੋਤ ਦਾ ਇਲਾਜ ਠੀਕ ਚੱਲ ਰਿਹਾ ਹੈ ਪਰ ਉਹ ਅਜੇ ਵੀ ਆਪਣੀਆਂ ਲੱਤਾਂ ਮਹਿਸੂਸ ਨਹੀਂ ਕਰ ਸਕਦਾ, ਜੋ ਸਾਡੇ ਅਤੇ ਡਾਕਟਰਾਂ ਲਈ ਕਾਫੀ ਚਿੰਤਾ ਦਾ ਵਿਸ਼ਾ ਹੈ।"
ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮਨਜੋਤ ਦੇ ਇਲਾਜ ਉੱਤੇ ਆ ਰਹੇ ਖ਼ਰਚੇ ਨੇ ਉਨ੍ਹਾਂ ਨੂੰ ਆਰਥਿਕ ਤੌਰ ਉੱਤੇ 'ਬੁਰੀ ਤਰਾਂਹ ਪ੍ਰਭਾਵਿਤ' ਕੀਤਾ ਹੈ ਅਤੇ ਉਹ ਇਹ ਖ਼ਰਚੇ ਦੇਣ ਲਈ ਕਾਫੀ ਸੰਘਰਸ਼ ਕਰ ਰਹੇ ਹਨ।
ਐਸ ਬੀ ਐਸ ਪੰਜਾਬੀ ਦੀ ਵੈਬਸਾਈਟ ਨੂੰ ਬੁੱਕਮਾਰਕ ਕਰੋ ਅਤੇ ਐਸ ਬੀ ਐਸ ਰੇਡੀਓ ਐਪ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।