ਵਿਕਟੋਰੀਆ ਨੇ ਕੁਝ ਸਿਹਤ ਉਪਾਵਾਂ ਦੇ ਨਾਲ 2022 ਵਿੱਚ ਵਿਦਿਆਰਥੀਆਂ ਦੇ ਸੁਰੱਖਿਅਤ ਢੰਗ ਨਾਲ ਸਕੂਲ ਵਾਪਿਸ ਜਾਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜਦੋਂ ਕਿ ਅਧਿਕਾਰੀ ਅਤੇ ਸਿਹਤ ਮਾਹਿਰ ਬੱਚਿਆਂ ਲਈ ‘ਫੇਸ-ਟੂ-ਫੇਸ’ ਸਕੂਲ ਵਾਪਿਸ ਆਉਣ ਦੀ ਲੋੜ ਦਾ ਸਮਰਥਨ ਕਰ ਰਹੇ ਹਨ, ਉਥੇ ਚਿੰਤਾਵਾਂ ਹਨ ਕਿ ਪਹਿਲੇ ਕਾਰਜ ਕਾਲ ਦੀ ਸ਼ੁਰੂਆਤ ਵਿਘਨ ਕਾਰੀ ਹੋ ਸਕਦੀ ਹੈ ।
ਕੋਵਿਡ ਕਰ ਕੇ 18 ਮਹੀਨਿਆਂ ਤੱਕ ਟੁੱਟਵੀਂ ਪੜ੍ਹਾਈ ਅਤੇ ਰਿਮੋਟ ਲਰਨਿੰਗ ਦਾ ਅਨੁਭਵ ਕਰਨ ਤੋਂ ਬਾਅਦ, ਵਿਦਿਆਰਥੀ ਜਨਵਰੀ ਦੇ ਅੰਤ ਵਿੱਚ ਵਿਕਟੋਰੀਆ ਦੇ ਕਲਾਸ ਰੂਮਾਂ ਵਿੱਚ ਵਾਪਸ ਆ ਰਹੇ ਹਨ।
ਵਿਕਟੋਰੀਆ ਸਰਕਾਰ ਨੇ ਆਪਣੀ 'ਬੈਕ ਟੂ ਸਕੂਲ' ਯੋਜਨਾ ਜਾਰੀ ਕੀਤੀ ਹੈ, ਜਿਸ ਵਿੱਚ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ 14 ਮਿਲੀਅਨ ਤੋਂ ਵੱਧ ਰੈਪਿਡ ਐਂਟੀਜੇਨ ਟੈਸਟਾਂ ਦੀ ਡਿਲੀਵਰੀ ਸ਼ਾਮਿਲ ਹੈ।
ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ ਕਹਿਣਾ ਹੈ ਕਿ ਸਟਾਫ਼ ਅਤੇ ਵਿਦਿਆਰਥੀਆਂ ਨੂੰ ਕੋਵਿਡ 19 ਤੋਂ ਬਚਾਉਣ ਲਈ ਹਰ ਉਪਾਉ ਕੀਤਾ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ 'ਰਿਮੋਟ ਲਰਨਿੰਗ' ਨੂੰ ਸਿਰਫ ਆਖਰੀ ਉਪਾਉ ਵਜੋਂ ਹੀ ਵਰਤਿਆ ਜਾਵੇਗਾ।
ਯੋਜਨਾ ਦੇ ਤਹਿਤ, ਸਪੈਸ਼ਲ ਸਕੂਲਾਂ ਵਿੱਚ ਡਾਕਟਰੀ ਤੌਰ 'ਤੇ ਕਮਜ਼ੋਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਹਫ਼ਤੇ ਵਿੱਚ ਪੰਜ ਦਿਨ ਟੈਸਟ ਕਰਵਾਉਣ ਲਈ ਕਿਹਾ ਜਾਵੇਗਾ।
50,000 ਤੋਂ ਵੱਧ ਹਵਾ ਸ਼ੁੱਧ ਕਰਨ ਵਾਲੇ 'ਏਅਰ ਪਿਉਰਿਫਾਇਰਾਂ' ਦਾ ਆਰਡਰ ਦਿੱਤਾ ਗਿਆ ਹੈ। ਟਰਮ 1 ਦੀ ਸ਼ੁਰੂਆਤ ਲਈ, ਸਮੇਂ ਸਿਰ ਸਰਕਾਰੀ ਅਤੇ ਘੱਟ ਫ਼ੀਸ ਵਾਲੇ ਗੈਰ-ਸਰਕਾਰੀ ਸਕੂਲਾਂ ਨੂੰ ਇਹ ਏਅਰ ਪਿਉਰਿਫਾਇਰ ਡਿਲੀਵਰ ਕਰ ਦਿੱਤੇ ਜਾਣਗੇ ।
ਜੇਕਰ ਵਾਇਰਸ ਦਾ ਕੋਈ ਸਕਾਰਾਤਮਕ ਕੇਸ ਪਾਇਆ ਜਾਂਦਾ ਹੈ ਤਾਂ ਮਾਪਿਆਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਬੱਚੇ ਨੂੰ ਲੱਛਣਾਂ ਲਈ ਨਿਗਰਾਨੀ ਕਰਨ ਲਈ ਕਿਹਾ ਜਾਵੇਗਾ ਪਰ ਸਕੂਲਾਂ ਨੂੰ ਹੁਣ ਬੰਦ ਕਰਨ ਦੀ ਲੋੜ ਨਹੀਂ ਹੋਵੇਗੀ।
ਮੈਲਬੌਰਨ ਦੇ ਰਾਇਲ ਚਿਲਡਰਨ ਹਸਪਤਾਲ ਦੇ ਬਾਲ ਰੋਗ ਵਿਗਿਆਨੀ, ਪ੍ਰੋਫੈਸਰ ਸ਼ੈਰਨ ਗੋਲਡਫੀਲਡ ਦਾ ਕਹਿਣਾ ਹੈ ਕਿ ਵਿਅਕਤੀਗਤ ਤੌਰ 'ਤੇ ਸਕੂਲਾਂ ਵਿੱਚ ਵਾਪਸੀ ਨਾਲ ਬੱਚਿਆਂ ਦੀ ਭਾਵਨਾਤਮਕ ਤੰਦਰੁਸਤੀ ਵਧੇਗੀ।
ਨਿਊ ਸਾਊਥ ਵੇਲਜ਼ ਵੀ ਦੋ ਰਾਜਾਂ ਵਿਚਕਾਰ ਸਹਿਯੋਗ ਤੋਂ ਬਾਅਦ, ਲਗਭਗ ਰਲਦੀ ਮਿਲਦੀ ਇਹੋ ਜਿਹੀ 'ਬੈਕ-ਟੂ-ਸਕੂਲ' ਯੋਜਨਾ ਅਪਣਾ ਰਿਹਾ ਹੈ।
ਪ੍ਰੀਮੀਅਰ ਡੋਮਿਨਿਕ ਪੇਰੋਟੈਟ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਸਕੂਲ ਵਿੱਚ ਰੱਖਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੈ।
ਚੀਫ਼ ਮੈਡੀਕਲ ਅਫ਼ਸਰ ਕੈਰੀ ਚਾਂਟ ਦਾ ਕਹਿਣਾ ਹੈ ਕਿ ਜਦੋਂ ਸਕੂਲ ਖੁੱਲ੍ਹਦੇ ਹਨ, ਤਾਂ ਸੁਰੱਖਿਆ ਦੇ ਬਾਵਜੂਦ ਕੋਵਿਡ ਮਾਮਲਿਆਂ ਵਿੱਚ ਵਾਧਾ ਹੋਣ ਦੀ ਸੰਭਾਵਨਾ ਹੈ।
ਹਾਲਾਂਕਿ ਬਹੁਤ ਸਾਰੇ ਮਾਪੇ ਯੋਜਨਾ ਦਾ ਸਮਰਥਨ ਕਰ ਰਹੇ ਹਨ , ਪਰ ਕੁਝ ਮਾਪੇ ਇਸ ਬਾਰੇ ਚਿੰਤਤ ਹਨ ਕਿ ਸੁਰੱਖਿਆ ਉਪਾਅ ਉਹਨਾਂ ਦੇ ਬੱਚਿਆਂ ਨੂੰ ਕਿਵੇਂ ਪ੍ਰਭਾਵਤ ਕਰਨਗੇ।
ਕੁਈਨਜ਼ਲੈਂਡ ਰਾਜ ਪਹਿਲਾਂ ਹੀ ਸਕੂਲੀ ਸਾਲ ਦੀ ਸ਼ੁਰੂਆਤ ਵਿੱਚ ਦੇਰੀ ਕਰ ਚੁੱਕਾ ਹੈ।
ਦੱਖਣੀ ਆਸਟ੍ਰੇਲੀਆ ਨੇ ਵੀ 'ਫੇਸ ਟੂ ਫੇਸ' ਸਿੱਖਿਆ 'ਤੇ ਸਕੂਲਾਂ ਦੀ ਵਾਪਸੀ ਦਾ ਐਲਾਨ ਕੀਤਾ ਹੈ।
ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।