ਸਿੱਖ ਡਾਕਟਰਾਂ ਨੂੰ ਦਾੜ੍ਹੀ ਕਾਰਨ ਚਿਹਰੇ ਉੱਤੇ ਮਾਸਕ ਪੂਰੀ ਤਰਾਂ ਨਾਲ ਫਿੱਟ ਨਹੀਂ ਸਨ ਬੈਠਦੇ ਅਤੇ ਇਸ ਕਰਕੇ ਉਹਨਾਂ ਨੂੰ ਰੋਜ਼ਾਨਾ ਡਿਊਟੀਆਂ ਤੋਂ ਦੂਰ ਕਰ ਦਿੱਤਾ ਗਿਆ ਸੀ। ਪਰ ਹੁਣ ਇਹਨਾਂ ਡਾਕਟਰਾਂ ਨੇ ਮਾਸਕ ਪਾਉਣ ਦਾ ਇੱਕ ਹੋਰ ਢੰਗ ਲੱਭ ਲਿਆ ਹੈ ਜਿਸ ਨੂੰ ਨਿਊ ਸਾਊਥ ਵੇਲਜ਼ ਦੇ ਸਿਹਤ ਵਿਭਾਗ ਨੇ ਵੀ ਮਨਜ਼ੂਰ ਕਰ ਲਿਆ ਹੈ।
ਨਾਰਥ ਸ਼ੋਰ ਸਿੱਖ ਐਸੋਸ਼ਿਏਸ਼ਨ ਅਤੇ ਸਿੱਖ ਡਾਕਟਰਾਂ ਨੇ ਮਿਲ ਕੇ ਇੱਕ ਅਜਿਹਾ ਹੱਲ ਲੱਭਿਆ ਹੈ ਜਿਸ ਨਾਲ ਦਾੜ੍ਹੀ ਦੇ ਉੱਪਰੋਂ ਦੀ ਵੀ ਮਾਸਕ ਪੂਰੀ ਤਰਾਂ ਨਾਲ ਫਿਟ ਕਰਕੇ ਪਾਇਆ ਜਾ ਸਕਦਾ ਹੈ।
ਇਸ ਹੱਲ ਨੂੰ ਨਿਊ ਸਾਊਥ ਵੇਲਜ਼ ਦੇ ਸਿਹਤ ਵਿਭਾਗ ਨੇ ਵੀ ਮਨਜ਼ੂਰ ਕਰ ਲਿਆ ਹੈ ਅਤੇ ਹੁਣ ਉਮੀਦ ਹੈ ਕਿ ਇਸ ਨਾਲ ਆਸਟ੍ਰੇਲੀਆ ਦੇ ਬਾਕੀ ਰਾਜਾਂ ਦੇ ਸਿੱਖ ਡਾਕਟਰਾਂ ਨੂੰ ਵੀ ਲਾਭ ਮਿਲ ਸਕੇਗਾ।
ਪ੍ਰਮੁੱਖ ਨੁਕਤੇ:
- ਸਿੱਖ ਡਾਕਟਰਾਂ ਨੂੰ ਦਾੜ੍ਹੀ ਕਾਰਨ ਮਾਸਕ ਪੂਰੀ ਤਰਾਂ ਫਿਟ ਨਹੀਂ ਸਨ ਬੈਠਦੇ।
- ਭਾਈਚਾਰਕ ਸਹਿਯੋਗ ਨਾਲ ਹੁਣ ਇਹਨਾਂ ਸਿੱਖ ਡਾਕਟਰਾਂ ਨੇ ਇੱਕ ਨਿਵੇਕਲਾ ਹੱਲ ਲੱਭ ਲਿਆ ਹੈ।
- ਦਾੜ੍ਹੀ ਉੱਪਰ ਇੱਕ ਇਲਾਸਟਿਕ ਬੈਂਡ ਪਹਿਨਣ ਤੋਂ ਬਾਅਦ ਮਾਸਕ ਖਿਸਕਦਾ ਨਹੀਂ ਹੈ।
- ਸੁਝਾਏ ਨਵੇਂ ਤਰੀਕੇ ਨੂੰ ਨਿਊ ਸਾਊਥ ਵੇਲਜ਼ ਦੇ ਸਿਹਤ ਵਿਭਾਗ ਨੇ ਮੰਨਜ਼ੂਰ ਕਰ ਲਿਆ ਹੈ।
ਨਾਰਥ ਸ਼ੋਰ ਸਿੱਖ ਐਸੋਸ਼ਿਏਸ਼ਨ ਦੇ ਹਰਬੀਰ ਸਿੰਘ ਭਾਟੀਆ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਕਰੋਨਾਵਾਇਰਸ ਦੀ ਸ਼ੁਰੂਆਤ ਤੋਂ ਹੀ ਸਿਹਤ ਵਿਭਾਗ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਅਤੇ ਹੋਰਨਾ ਕਰਮਚਾਰੀਆਂ ਲਈ ਮਾਸਕ ਪਾਉਣੇ ਸਖ਼ਤੀ ਨਾਲ ਲਾਗੂ ਕੀਤੇ ਗਏ ਸਨ”।
“ਇਸ ਸਖ਼ਤੀ ਕਾਰਨ ਸਿੱਖ ਡਾਕਟਰਾਂ ਨੂੰ ਇੱਕ ਨਵੀਂ ਚੁਣੋਤੀ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਉਹਨਾਂ ਦੇ ਚਿਹਰੇ ਉੱਤੇ ਦਾੜ੍ਹੀ ਹੋਣ ਕਾਰਨ ਮਾਸਕ ਪੂਰੀ ਤਰਾਂ ਨਾਲ ਫਿਟ ਨਹੀਂ ਸਨ ਬੈਠਦੇ ਅਤੇ ਇਸ ਨੂੰ ਲਾਗ ਦੇ ਫੈਲਣ ਦਾ ਖ਼ਤਰਾ ਮੰਨਿਆ ਗਿਆ ਸੀ।”
ਸਿੱਖ ਡਾਕਟਰਾਂ ਨੇ ਆਸਟ੍ਰੇਲੀਅਨ ਸਿੱਖ ਮੈਡੀਕਲ ਐਸੋਸ਼ਿਏਸ਼ਨ (ਏਸਮਾ) ਨਾਮੀ ਐਸੋਸ਼ਿਏਸ਼ਨ ਬਣਾ ਕਿ ਇਸ ਉੱਤੇ ਗੰਭੀਰਤਾ ਨਾਲ ਵਿਚਾਰਾਂ ਸ਼ੁਰੂ ਕਰ ਦਿੱਤੀਆਂ ਸਨ।
ਇਸ ਨਵੇਂ ਹੱਲ ਨੂੰ ਮੰਨਜ਼ੂਰ ਕਰਵਾਉਣ ਤੋਂ ਪਹਿਲਾਂ ਕਈ ਚੁਣੋਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਜਿਹਨਾਂ ਵਿੱਚ ਇਸ ਦੀ ਵਿਆਪਕ ਟੈਸਟਿੰਗ ਕਰਨਾ ਵੀ ਸ਼ਾਮਿਲ ਸੀ।
ਭਾਈਚਾਰਕ ਸਮੂਹਾਂ ਅਤੇ ਡਾਕਟਰਾਂ ਨੇ ਮਿਲ ਨੇ ਇੱਕ ਕੈਂਪ ਲਾਉਂਦੇ ਹੋਏ ਭਾਈਚਾਰੇ ਦੇ ਸਿੱਖ ਵਿਅਕਤੀਆਂ ਨੂੰ ਇਸ ਵਿੱਚ ਭਾਗ ਲੈਣ ਦੀ ਬੇਨਤੀ ਕੀਤੀ ਅਤੇ ਇੱਕ ਅਜ਼ਾਦ ਟੈਸਟਿੰਗ ਅਥਾਰਟੀ ਦੁਆਰਾ ਇਸ ਵਾਸਤੇ ਲੋੜੀਂਦਾ ਡਾਟਾ ਇਕੱਠਾ ਕਰਵਾਇਆ।
ਇਸ ਇਕੱਠੇ ਕੀਤੇ ਡਾਟੇ ਨੂੰ ਨਿਊ ਸਾਊਥ ਵੇਲਜ਼ ਦੇ ‘ਕਲੀਨੀਕਲ ਐਕਸੀਲੈਂਸ ਕਮਿਸ਼ਨ’ ਵਲੋਂ ਅੰਤ ਨੂੰ ਮਨਜ਼ੂਰ ਕਰ ਲਿਆ ਗਿਆ ਅਤੇ ਸਿੱਖ ਡਾਕਟਰਾਂ ਨੂੰ ਇਸ ਨਵੇਂ ਤਰੀਕੇ ਦੇ ਨਾਲ ਦਾੜ੍ਹੀ ਦੇ ਉੱਪਰੋਂ ਦੀ ਮਾਸਕ ਪਾਉਣ ਦੀ ਇਜਾਜਤ ਦੇ ਹੀ ਦਿੱਤੀ।
ਸ਼੍ਰੀ ਭਾਟੀਆ ਨੇ ਕਿਹਾ, “ਹੁਣ ਐਸਮਾ ਨਾਮੀ ਸੰਸਥਾ ਦਾ ਅਗਲਾ ਕਾਰਜ ਆਸਟ੍ਰੇਲੀਆ ਦੇ ਹੋਰਨਾ ਰਾਜਾਂ ਵਿੱਚ ਵਸੇ ਹੋਏ ਸਿੱਖ ਡਾਕਟਰਾਂ ਦੀ ਮਦਦ ਕਰਨਾ ਹੈ”।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ www.sbs.com.au/language/coronavirus ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।