ਇੱਕ ਛੋਟੇ ਜਿਹੇ ਭਾਈਚਾਰਕ ਇਕੱਠ ਤੋਂ ਸ਼ੁਰੂ ਹੋ ਕਿ ਸਿੱਖ ਯੂਥ ਆਸਟ੍ਰੇਲੀਆ ਅਦਾਰਾ ਇਸ 20 ਸਾਲਾਂ ਦੇ ਸਫਰ ਦੌਰਾਨ ਸਲਾਨਾਂ ਕੈਂਪਾਂ ਦੁਆਰਾ ਹਜ਼ਾਰਾਂ ਨੌਜਵਾਨਾਂ ਦੀ ਸ਼ਖਸ਼ੀਅਤ ਸੁਧਾਰਨ ਦੇ ਨਾਲ-ਨਾਲ ਭਾਈਚਾਰੇ ਲਈ ਵੀ ਨਿਵੇਕਲੇ ਕਾਰਜ ਕਰਦਾ ਆ ਰਿਹਾ ਹੈ।
ਪੱਤਰਕਾਰੀ ਤੋਂ ਲੇਖਣੀ ਵੱਲ ਮੁੜੇ ਸੁਰਿੰਦਰਜੀਤ ਸਿੰਘ ਨੇ ਇੱਕ ਪੁਸਤਕ ਸਿਰਜਦੇ ਹੋਏ ਸਿੱਖ ਯੂਥ ਆਸਟ੍ਰੇਲੀਆ ਦੀਆਂ ਪਿਛਲੇ 20 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਤਸਵੀਰਾਂ ਸਮੇਤ ਕਲਮਬੱਧ ਕੀਤਾ ਹੈ।
ਐਸ ਬੀ ਐਸ ਪੰਜਾਬੀ ਨਾਲ ਗਲ ਕਰਦੇ ਹੋਏ ਸ਼੍ਰੀ ਸਿੰਘ ਨੇ ਕਿਹਾ, “ਮੈਨੂੰ ਇਹ ਕਿਤਾਬ ਤਿਆਰ ਕਰਨ ਦਾ ਖਿਆਲ ਸਾਲ 2017 ਵਿੱਚ ਆਇਆ ਸੀ ਜਦੋਂ ਇਸ ਸੰਸਥਾ ਦੇ ਬਹੁਤ ਸਾਰੇ ਮੌਢੀ ਸੰਸਥਾਪਕ ਸੇਵਾ ਮੁਕਤੀ ਵਲ ਵਧ ਰਹੇ ਸਨ”।
“ਇਸ ਲਈ ਮੈਂ ਜਰੂਰੀ ਸਮਝਿਆ ਕਿ ਇਹਨਾਂ ਸੰਸਥਾਪਕਾਂ ਅਤੇ 20 ਸਾਲਾਂ ਦੇ ਸਫਰ ਦੌਰਾਨ ਇਸ ਨਾਲ ਜੁੜਦੇ ਰਹੇ ਸੇਵਾਦਾਰਾਂ ਸਮੇਤ ਕੈਂਪਾਂ ਵਿੱਚ ਭਾਗ ਲੈਣ ਵਾਲਿਆਂ ਦੇ ਵਿਚਾਰ ਅਤੇ ਤਸਵੀਰਾਂ ਸੰਭਾਲ ਲਈਆਂ ਜਾਣ।”
ਇਸ ਪੁਸਤਕ ਨੂੰ ਤਿਆਰ ਕਰਨ ਵਾਸਤੇ ਸ਼੍ਰੀ ਸਿੰਘ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਮਿਲਣਾ ਅਤੇ ਉਹਨਾਂ ਦੇ ਵਿਚਾਰ ਰਿਕਾਰਡ ਕਰਨੇ ਪਏ।
ਸਿੱਖ ਯੂਥ ਆਸਟ੍ਰੇਲੀਆ ਦਾ ਸਭ ਤੋਂ ਪਹਿਲਾ ਇਕੱਠ (ਕੈਂਪ) 1998 ਵਿੱਚ ਸਿਡਨੀ ਦੇ ਆਸਟਰਲ ਗੁਰੂਦੁਆਰਾ ਸਾਹਿਬ ਵਿੱਚ ਲਾਇਆ ਗਿਆ ਸੀ ਜਿਸ ਵਿੱਚ ਉਂਗਲਾਂ 'ਤੇ ਗਿਣੇ ਜਾ ਸਕਣ ਵਾਲੇ ਬੱਚਿਆਂ ਨੇ ਹੀ ਭਾਗ ਲਿਆ ਸੀ।
ਪਰ ਇਸ 20 ਸਾਲਾਂ ਦੇ ਸਫਰ ਦੌਰਾਨ ਗਰਮੀਆਂ ਵਿੱਚ ਲਗਾਏ ਜਾਣ ਵਾਲੇ ਕੈਂਪ ਹੁਣ 4 ਤੋਂ 5 ਦਿਨ ਚਲਦੇ ਹਨ ਅਤੇ ਇਸ ਵਿੱਚ 300 ਦੇ ਕਰੀਬ ਨੌਜਵਾਨ, ਬੱਚੇ ਅਤੇ ਉਹਨਾਂ ਦੇ ਪਰਿਵਾਰ ਭਾਗ ਲੈਂਦੇ ਹਨ।
“ਨੌਜਵਾਨਾਂ ਲਈ ਸ਼ੁਰੂ ਕੀਤੇ ਗਏ ਇਹ ਕੈਂਪ ਹੁਣ ਪਰਿਵਾਰਕ ਕੈਂਪ ਬਣ ਚੁੱਕੇ ਹਨ”, ਸ਼੍ਰੀ ਸਿੰਘ ਨੇ ਕਿਹਾ।
ਇਹਨਾਂ ਸਲਾਨਾਂ ਕੈਂਪਾਂ ਤੋਂ ਅੱਗੇ ਵਧਦੇ ਹੋਏ ਹੁਣ ਸਿੱਖ ਯੂਥ ਆਸਟ੍ਰਲੀਆ ਕਈ ਪ੍ਰਕਾਰ ਦੇ ਹੋਰ ਨਿਵੇਕਲੇ ਅਤੇ ਉੱਦਮ ਭਰੇ ਯਤਨ ਵੀ ਕਰ ਰਿਹਾ ਹੈ ਜਿਹਨਾਂ ਵਿੱਚ 'ਯੰਗ ਸਿੱਖ ਪਰੋਫੈਸ਼ਨਲ ਨੈੱਟਵਰਕ, ਸਿੱਖੀ ਟੂ ਗਿਵ, ਕਲਚਰ ਕੇਅਰ, ਇਕੋ-ਸਿੱਖ ਅਤੇ ਮਾਈਟੀ ਖਾਲਸਾ' ਪ੍ਰਮੁੱਖ ਹਨ।
ਸੁਰਿੰਦਰਜੀਤ ਸਿੰਘ ਨੂੰ ਇਸ ਕਿਤਾਬ ਨੂੰ ਪੂਰਾ ਕਰਨ ਵਿੱਚ ਦੋ ਸਾਲ ਦਾ ਸਮਾਂ ਲੱਗਿਆ ਪਰ ਕੋਵਿਡ-19 ਮਹਾਂਮਾਰੀ ਕਾਰਨ ਇਸ ਦੀ ਘੁੰਡ-ਚੁਕਾਈ ਅੱਗੇ ਪਾਉਣੀ ਪਈ ਸੀ।
160 ਪੰਨਿਆਂ ਵਾਲੀ ਇਸ ਰੰਗੀਨ ਤਸਵੀਰਾਂ ਨਾਲ ਜੜੀ ਪੁਸਤਕ ਨੂੰ ਸਿੱਖ ਯੂਥ ਆਸਟ੍ਰੇਲੀਆ ਦੀ ਵੈੱਬਸਾਈਟ ਨਾਲ ਸੰਪਰਕ ਕਰਦੇ ਹੋਏ ਪ੍ਰਾਪਤ ਕੀਤਾ ਜਾ ਸਕਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।