ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਰੂਸ ਨੇ ਯੂਕਰੇਨ ਦੀਆਂ ਬੰਦਰਗਾਹਾਂ ‘ਤੇ ਆਪਣੀਆਂ ਨਾਕਾਬੰਦੀਆਂ ਨੂੰ ਖ਼ਤਮ ਨਾ ਕੀਤਾ ਤਾਂ ਲੱਖਾਂ ਲੋਕਾਂ ਨੂੰ ਗੰਭੀਰ ਅਕਾਲ ਅਤੇ ਭੁੱਖਮਰੀ ਵਰਗੇ ਹਾਲਾਤ ਝੱਲਣੇ ਪੈ ਸਕਦੇ ਹਨ। ਸਵਿਟਜ਼ਰਲੈਂਡ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਮੀਟਿੰਗ ਦੌਰਾਨ ਪ੍ਰਤੀਨਿਧੀਆਂ ਦਾ ਕਹਿਣਾ ਸੀ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਭੈੜਾ ਵਿਸ਼ਵਿਆਪੀ ਭੋਜਨ ਸੰਕਟ ਪੈਦਾ ਹੋ ਸਕਦਾ ਹੈ।
ਸਵਿਟਜ਼ਰਲੈਂਡ ਦੇ 'ਡਾਵੋਸ' ਵਿੱਚ ਵਿਸ਼ਵ ਆਰਥਿਕ ਫੋਰਮ ਚਾਰ ਦਿਨਾ ਦੇ ਸਿਖਰ ਸੰਮੇਲਨ ਲਈ ਇਕੱਠਾ ਹੋਇਆ ਜਿਸ ਦੌਰਾਨ ਯੂਕਰੇਨ-ਰੂਸ ਜੰਗ ਦਾ ਮੁੱਦਾ ਚਰਚਾ ਦਾ ਮੁੱਖ ਵਿਸ਼ਾ ਬਣ ਰਿਹਾ ਹੈ।
ਸੰਯੁਕਤ ਰਾਸ਼ਟਰ ਦੇ ਫ਼ੂਡ ਚੀਫ, ਡੇਵਿਡ ਬੀਸਲੀ ਦਾ ਕਹਿਣਾ ਹੈ ਕਿ ਭੋਜਨ ਸੰਕਟ ਪਹਿਲਾਂ ਹੀ ਪੈਦਾ ਹੋ ਰਿਹਾ ਸੀ, ਪਰ ਰੂਸ ਦੇ ਹਮਲੇ ਨੇ ਮਾਮਲੇ ਨੂੰ ਹੋਰ ਵੀ ਗੰਭੀਰ ਬਣਾ ਦਿੱਤਾ ਹੈ।
ਜੇ ਰੂਸ ਨੇ ਯੂਕਰੇਨ ਦੀਆਂ ਬੰਦਰਗਾਹਾਂ ‘ਤੇ ਨਾਕਾਬੰਦੀ ਜਾਰੀ ਰੱਖੀ, ਤਾਂ ਵਿਸ਼ਵਿਆਪੀ ਕਣਕ ਦਾ ਨਿਰਯਾਤ ਦਾ ਲਗਭਗ 10 ਪ੍ਰਤੀਸ਼ਤ ਘੱਟ ਹੋ ਜਾਵੇਗਾ।
ਨਤੀਜੇ ਵਜੋਂ ਨਵੰਬਰ ਤੱਕ 1.9 ਬਿਲੀਅਨ ਦੇ ਕਰੀਬ ਲੋਕ ਭੋਜਨ ਅਸੁਰੱਖਿਆ ਦਾ ਸਾਹਮਣਾ ਕਰ ਸਕਦੇ ਹਨ।
ਰੂਸੀ ਅਤੇ ਯੂਕਰੇਨ ਦੇ ਅਨਾਜ ‘ਤੇ ਨਿਰਭਰ ਦੇਸ਼ਾਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚੇਗਾ।
ਬੇਨਿਨ ਅਤੇ ਸੋਮਾਲੀਆ, ਕਣਕ ਲਈ ਪੂਰੀ ਤਰ੍ਹਾਂ ਨਾਲ ਇਨ੍ਹਾਂ ਦੋਵਾਂ ਦੇਸ਼ਾਂ ‘ਤੇ ਨਿਰਭਰ ਕਰਦੇ ਹਨ ਅਤੇ ਮਿਸਰ 82 ਪ੍ਰਤੀਸ਼ਤ ਲਈ ਇਨ੍ਹਾਂ 'ਤੇ ਨਿਰਭਰ ਹੈ ।
ਯੂਕਰੇਨ ਦਾ ਕਹਿਣਾ ਹੈ ਕਿ ਰੂਸ ਨਾ ਸਿਰਫ ਉਸ ਦੇ ਨਿਰਯਾਤ ਨੂੰ ਰੋਕ ਰਿਹਾ ਹੈ, ਬਲਕਿ ਉਸ ਦੇ ਅਨਾਜ ਨੂੰ ਵੀ ਚੋਰੀ ਕਰ ਰਿਹਾ ਹੈ।
ਜਰਮਨੀ ਦਾ ਕਹਿਣਾ ਹੈ ਕਿ ਯੂਰਪੀਅਨ ਯੂਨੀਅਨ ਕੁੱਝ ਦਿਨਾਂ ਦੇ ਅੰਦਰ-ਅੰਦਰ ਰੂਸੀ ਤੇਲ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਲਈ ਸਹਿਮਤ ਹੋ ਜਾਵੇਗੀ।
ਜ਼ਿਆਦਾ ਜਾਣਕਾਰੀ ਲਈ ਆਡੀਓ ਰਿਪੋਰਟ ਸੁਣੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।