ਮੱਧ ਪ੍ਰਦੇਸ਼ ਵਿੱਚ ਆਯੋਜਿਤ ਸਮੂਹ ਵਿਆਹ ਸਮਾਰੋਹ ਵਿੱਚ ਮੰਤਰੀ ਗੋਪਾਲ ਭਰਗਵ ਨੇ ਸੱਤ ਸੌ ਨਵੀਆਂ ਵਿਆਹੀਆਂ ਔਰਤਾਂ ਨੂੰ ਥਾਪੀਆਂ ਵੰਡੀਆਂ।
ਤਕਰੀਬਨ ਇੱਕ ਫੁੱਟ ਲੰਬੀਆਂ ਥਾਪੀਆਂ ਉੱਤੇ " ਸ਼ਰਾਬੀਆਂ ਨੂੰ ਕੁੱਟਣ ਲਈ" ਅਤੇ "ਪੁਲਿਸ ਦਖਲ ਨਹੀਂ ਦਵੇਗੀ" ਸ਼ਬਦ ਲਿਖੇ ਹੋਏ ਹਨ। ਭਰਗਵਾ ਨੇ ਔਰਤਾਂ ਨੂੰ ਸਲਾਹ ਦਿੱਤੀ ਕਿ ਉਹ ਪਹਿਲਾਂ ਸ਼ਰਾਬੀ ਪਤੀਆਂ ਨਾਲ ਗੱਲ ਬਾਤ ਕਰਕੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕਰਣ ਪਰ ਜੇ ਗੱਲ ਨਹੀਂ ਬਣਦੀ ਤਾਂ ਥਾਪੀ ਦਾ ਇਸਤੇਮਾਲ ਕਰਨ।
ਭਰਗਵ ਨੇ AFP ਨੂੰ ਦੱਸਿਆ ਕਿ ਓਹ ਪੇਂਡੂ ਇਲਾਕਿਆਂ ਵਿੱਚ ਸ਼ਰਾਬੀ ਪਤੀਆਂ ਵੱਲੋਂ ਔਰਤਾਂ ਉੱਤੇ ਕੀਤੇ ਜਾਣ ਵਾਲੇ ਜ਼ੁਲਮ ਵੱਲ ਧਿਆਨ ਖਿੱਚਣਾ ਚਾਹੁੰਦੇ ਸਨ। ਓਹਨਾ ਕਿਹਾ ਕਿ ਓਹਨਾ ਦਾ ਘਰੇਲੂ ਹਿੰਸਾ ਨੂੰ ਵਧਾਵਾ ਦੇਣ ਦਾ ਮਕਸਦ ਨਹੀਂ ਹੈ ਬਲਕਿ ਉਹ ਘਰੇਲੂ ਹਿੰਸਾ ਨੂੰ ਖਤਮ ਕਰਨਾ ਚਾਹੁੰਦੇ ਹਨ।
ਹਾਲ ਹੀ ਵਿਚ ਕਈ ਭਾਰਤੀ ਸੂਬਿਆਂ ਨੇ ਸ਼ਰਾਬ ਦੀ ਬਿਕਰੀ ਉੱਤੇ ਲਗਾਮ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਸ਼ਰਾਬ ਦੇ ਨਸ਼ੇ ਕਾਰਨ ਹੋਣ ਵਾਲੀ ਹਿੰਸਾ ਨੂੰ ਰੋਕਿਆ ਜਾ ਸਕੇ।
ਪਰ ਕਈ ਮਾਹਰਾਂ ਨੇ ਅਜੇਹੇ ਉਪਰਾਲਿਆਂ ਸੰਬੰਧੀ ਚਿੰਤਾ ਜਤਾਈ ਹੈ ਕਿ ਹਿੰਸਾ ਨਾਲ ਨਿਪਟਣ ਲਈ ਹਿੰਸਾ ਦਾ ਇਸਤੇਮਾਲ ਹੋਰ ਮੁਸ਼ਕਲਾਂ ਪੈਦਾ ਕਰ ਸਕਦਾ ਹੈ।