ਭਾਰਤ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਨਾਲ 13,000 ਕਰੋੜ ਰੁਪਏ ਜੋ ਕਿ ਤਕਰੀਬਨ ਦੋ ਬਿਲੀਅਨ ਅਮਰੀਕੀ ਡਾਲਰ ਦੇ ਬਰਾਬਰ ਹੈ, ਦਾ ਘਪਲਾ ਕਰਕੇ ਵਿਦੇਸ਼ ਫਰਾਰ ਹੋਣ ਦੇ ਦੋਸ਼ੀ ਹੀਰਾ ਵਪਾਰੀ ਨੀਰਵ ਮੋਦੀ ਨੂੰ ਲੰਡਨ ਦੀ ਇੱਕ ਅਦਾਲਤ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਮਗਰੋਂ ਉਸਨੂੰ ਜੇਲ ਭੇਜਿਆ ਗਿਆ ਹੈ। ਉਸਨੂੰ ਬੀਤੇ ਵੁੱਧਵਾਰ ਲੰਡਨ ਦੇ ਇੱਕ ਸਟੇਸ਼ਨ ਤੋਂ ਗਿਰਫ਼ਤਾਰ ਕੀਤਾ ਗਿਆ।
ਹਾਲਾਂਕਿ ਉਸਨੇ ਪੰਜ ਲੱਖ ਪਾਉਂਡ ਦੇ ਬਾਂਡ ਦੇ ਪੇਸ਼ਕਸ਼ ਕੀਤੀ, ਪਰੰਤੂ ਲੰਡਨ ਦੇ ਮੈਟਰੋਪੋਲੀਟਨ ਮੇਜਿਸਟ੍ਰੇਟ ਦੀ ਅਦਾਲਤ ਨੇ ਇਸ ਪੇਸ਼ਕਸ਼ ਨੂੰ ਨਾਮੰਜ਼ੂਰ ਕਰਦਿਆਂ ਉਸਨੂੰ 29 ਮਾਰਚ ਦੀ ਉਸਦੀ ਅਗਲੀ ਪੇਸ਼ੀ ਤੱਕ ਜੇਲ ਭੇਜ ਦਿੱਤਾ ਹੈ। ਅਦਾਲਤ ਨੂੰ ਕਿਹਾ ਗਿਆ ਕਿ ਘਪਲੇ ਦੀ ਵੱਡੀ ਰਕਮ ਅਤੇ ਉਸਦੇ ਕੋਲ ਮੌਜੂਦ ਸੋਮਿਆਂ ਦੇ ਚਲਦਿਆਂ ਖ਼ਦਸ਼ਾ ਹੈ ਕਿ ਉਹ ਫਰਾਰ ਹੋ ਸਕਦਾ ਹੈ।
ਭਾਰਤ ਵੱਲੋਂ ਮੋਦੀ ਵਿਰੁੱਧ ਹਵਾਲਗੀ ਦੀ ਮੰਗ ਕੀਤੇ ਜਾਣ ਉਪਰੰਤ ਬ੍ਰਿਟੇਨ ਵੱਲੋਂ ਉਸਦੇ ਵਿਰੁੱਧ ਪਿਛਲੇ ਹਫਤੇ ਵਾਰੰਟ ਜਾਰੀ ਕੀਤੇ ਗਏ ਸਨ। ਪਰੰਤੂ ਉਸਦੀ ਅਸਲ ਹਾਵਾਲਗੀ ਨੂੰ ਲੰਮਾ ਸਮਾਂ ਲੱਗ ਸਕਦਾ ਹੈ। ਭਾਰਤ ਪਹਿਲਾਂ ਹੀ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਜੋ ਕਿ 9000 ਕਰੋੜ ਰੁਪਏ ਦੇ ਘਪਲੇ ਦਾ ਦੋਸ਼ੀ ਹੈ, ਦੀ ਹਵਾਲਗੀ ਦੇ ਲਈ ਬ੍ਰਿਟੇਨ ਵਿੱਚ ਕਾਨੂੰਨੀ ਕਾਰਵਾਈ ਵਿੱਚ ਸ਼ਾਮਿਲ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਮੋਦੀ ਦੀ ਗਿਰਫ਼ਤਾਰੀ ਦਾ ਸੁਆਗਤ ਕੀਤਾ।

Mehul Choksi and Nirav Modi Source: Supplied
48 ਸਾਲ ਦੇ ਨੀਰਵ ਮੋਦੀ ਦੇ ਭਾਰਤ ਅਤੇ ਵਿਦੇਸ਼ਾਂ ਵਿੱਚ ਹੀਰਿਆਂ ਦੇ ਕਾਰੋਬਾਰ ਹਨ ਅਤੇ ਉਸਦੇ ਗਾਹਕਾਂ ਵਿੱਚ ਫਿਲਮ ਦੁਨੀਆ ਦੇ ਸਿਤਾਰੇ ਸ਼ਾਮਿਲ ਹਨ। ਪਿਛਲੇ ਸਾਲ ਖੁਲਾਸਾ ਹੋਇਆ ਕਿ ਨੀਰਵ ਮੋਦੀ ਵੱਲੋਂ ਪੰਜਾਬ ਨੈਸ਼ਨਲ ਬੈਂਕ ਤੋਂ ਜਾਅਲੀ ਲੈਟਰ ਆੱਫ ਕਰੈਡਿਟ ਬਣਾ ਕੇ ਇਸ ਘਪਲੇ ਨੂੰ ਅੰਜਾਮ ਦਿੱਤਾ। ਇਸ ਕਥਿਤ ਘਪਲੇ ਵਿੱਚ ਉਸਦਾ ਰਿਸ਼ਤੇਦਾਰ ਮੇਹੁਲ ਚੌਕਸੀ ਵੀ ਦੋਸ਼ੀ ਹੈ। ਚੌਕਸੀ ਪਹਿਲਾਂ ਹੀ ਐਂਟੀਗਾ ਦੀ ਨਾਗਰਿਕਤਾ ਲੈ ਚੁੱਕਿਆ ਹੈ।