15-ਸਾਲਾ ਭਾਰਤੀ ਕ੍ਰਿਕਟ ਖਿਡਾਰਨ ਸ਼ਿਫਾਲੀ ਵਰਮਾ ਨੇ ਆਸਟ੍ਰੇਲੀਆ ਏ ਵਿਰੁੱਧ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 78 ਗੇਂਦਾ ਵਿੱਚ 124 ਦੌੜਾਂ ਬਣਾ ਕੇ ਭਾਰਤ ਦੀ ਜਿੱਤ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਇਸ ਤੋਂ ਪਹਿਲਾਂ ਸ਼ਿਫਾਲੀ ਨੇ ਪਿਛਲੇ ਮਹੀਨੇ ਸਚਿਨ ਤੇਂਦੂਲਕਰ ਦਾ ਸਭ ਤੋਂ ਘੱਟ ਉਮਰ ਵਿੱਚ ਕਿਸੇ ਵੀ ਭਾਰਤੀ ਖਿਡਾਰੀ ਵੱਲੋਂ 50 ਦੌੜਾਂ ਦਾ ਆਂਕੜਾ ਪਾਰ ਕਰਨ ਦਾ ਰਿਕਾਰਡ ਤੋੜਿਆ ਸੀ ਜਦੋਂ ਉਸ ਨੇ ਵੈਸਟ ਇੰਡੀਜ਼ ਦੇ ਵਿਰੁੱਧ ਖੇਡਦੇ ਹੋਏ 49 ਗੇਂਦਾਂ ਤੇ 73 ਦੌੜਾਂ ਬਣਾਈਆਂ ਸਨ, ਜਿਨਾਂ ਵਿੱਚ 19 ਚੌਕੇ ਅਤੇ 4 ਛੱਕੇ ਸ਼ਾਮਲ ਸਨ।
ਅਗਲੇ ਸਾਲ ਫਰਵਰੀ ਤੇ ਮਾਰਚ ਦੌਰਾਨ ਖੇਡੇ ਜਾਣ ਵਾਲੇ ਟੀ-20 ਵਰਲਡ ਕੱਪ ਵਿੱਚ ਸ਼ੇਫਾਲੀ ਨੂੰ ਸਥਾਨ ਮਿਲਣ ਦੀ ਪੂਰੀ ਉਮੀਦ ਹੈ ਜਿਸ ਨੂੰ ਆਸਟ੍ਰੇਲੀਆ ਦੀ ਟੀਮ ਵਾਸਤੇ ਇੱਕ ਚੁਣੋਤੀ ਵਜੋਂ ਦੇਖਿਆ ਜਾ ਰਿਹਾ ਹੈ।
ਭਾਰਤ- ਏ ਦੇ 9 ਵਿਕੇਟ 'ਤੇ 312 ਦੌੜਾਂ ਦੇ ਜੁਆਬ ਵਿੱਚ ਆਸਟ੍ਰੇਲੀਆ-ਏ 9 ਵਿਕੇਟ ਦੇ ਨੁਕਸਾਨ ਨਾਲ 296 ਦੌੜਾਂ ਹੀ ਬਣਾ ਸਕਿਆ ਜਿਸ ਵਿੱਚ ਟਾਲਿਆ ਮੈਕਗਰਾਅ ਦੇ ਸ਼ਾਨਦਾਰ 97 ਰਨ ਸ਼ਾਮਲ ਸਨ।
ਆਸਟ੍ਰੇਲੀਆ-ਏ ਦੀ ਬਲਿੰਡਾ ਵਾਕਾਰੇਵਾ ਨੇ ਚੰਗੀ ਗੇਂਦਬਾਜ਼ੀ ਦੀ ਸ਼ੁਰੂਆਤ ਕਰਦੇ ਹੋਏ ਭਾਰਤੀ ਓਪਨਰ ਪਰੀਆ ਪੂਨੀਆ ਨੂੰ ਸਿਰਫ 8 ਦੌੜਾਂ ਤੇ ਹੀ ਸਮੇਟ ਦਿੱਤਾ ਅਤੇ ਇਸ ਤੋਂ ਤੁਰੰਤ ਬਾਅਦ ਹੀ ਦਿਆਲਨ ਹੇਮਲਤਾ ਨੂੰ ਵੀ ਸਿਫਰ ਤੇ ਫੁੰਡਦੇ ਹੋਏ ਵਾਪਸ ਪਵਿਲੀਅਨ ਭੇਜ ਦਿਤਾ ਸੀ।
ਪਰ ਉਸ ਤੋਂ ਬਾਅਦ ਸ਼ੇਫਾਲੀ ਵਰਮਾ ਦੇ ਮੈਦਾਨ ਤੇ ਉਤਰਨ ਤੋਂ ਬਾਅਦ ਹੋਈ ਧੂੰਆਂਧਾਰ ਬੱਲੇਬਾਜ਼ੀ ਨੂੰ ਆਸਟ੍ਰੇਲੀਆ ਦੀ ਕੋਈ ਵੀ ਗੇਂਦਬਾਜ਼ ਨੱਥ ਨਾ ਪਾ ਸਕੀ।

made 97 in Brisbane against India-A Source: Cricket Australia
ਸ਼ੇਫਾਲੀ ਵਰਮਾਂ ਅਤੇ ਵੇਦਾ ਕਰਿਸ਼ਨਾਮੂਰਤੀ ਦੀ ਭਾਗੇਦਾਰੀ ਨਾਲ ਤੀਜੀ ਵਿਕਟ ਲਈ 119 ਦੌੜਾਂ ਜੋੜੀਆਂ ਗਈਆਂ।
ਬ੍ਰਿਸਬੇਨ ਵਿਚਲੇ ਪਹਿਲੇ ਮੈਚ ਦੌਰਾਨ ਜਦੋਂ ਸ਼ਿਫਾਲੀ ਆਊਟ ਹੋਈ ਤਾਂ ਕੁੱਲ ਸਕੋਰ 167 ਦੌੜਾਂ ਸੀ, ਜਿਨਾਂ ਵਿੱਚੋਂ 124 ਇਕੱਲੀ ਸ਼ਿਫਾਲੀ ਦਾ ਯੋਗਦਾਨ ਹੀ ਸੀ।
ਆਸਟ੍ਰੇਲੀਅਨ ਗੇਂਦਬਾਜ਼ੀ ਵਿੱਚ ਸਭ ਤੋਂ ਚੰਗਾ ਪ੍ਰਦਰਸ਼ਨ ਮੌਲੀ ਸਟਰਾਨੋ ਦਾ ਮੰਨਿਆ ਜਾ ਸਕਦਾ ਹੈ ਜਿਸ ਨੇ ਸ਼ਿਫਾਲੀ ਵਰਮਾਂ ਦੀ ਵਿਕਟ ਗਿਰਾਉਂਦੇ ਹੋਏ ਖੇਡ ਦੀ ਦਿਸ਼ਾ ਬਦਲੀ। ਉਸ ਨੇ 7 ਓਵਰਾਂ ਵਿੱਚ 29 ਦੌੜਾਂ ਤੇ ਇਕ ਵਿਕਟ ਹਾਸਲ ਕੀਤੀ। ਇਸੀ ਤਰਾਂ ਮੈਕਗਰਾਅ ਨੇ 8 ਓਵਰਾਂ ਵਿੱਚ 48 ਦੌੜਾਂ ਦਿੰਦੇ ਹੋਏ 3 ਵਿਕਟਾਂ, ਹੈਦਰ ਗਰਾਹਮ ਨੇ 20 ਓਵਰਾਂ ਵਿੱਚ 55 ਦੌੜਾਂ ਤੇ 2 ਵਿਕਟਾਂ ਹਾਸਲ ਕੀਤੀਆਂ।
ਬੱਲੇਬਾਜ਼ੀ ਵਿੱਚ ਆਸਟ੍ਰੇਲੀਆ ਦੀ ਟੀਮ ਵਲੋਂ ਮੈਕਗਰਾਅ ਅਤੇ ਜੋਰਜੀਆ ਰੇਡਮੇਅਨ ਨੇ ਚੰਗੀ ਸ਼ੁਰੂਆਤ ਕੀਤੀ। ਰੇਡਮੇਅਨ ਨੇ 30 ਦੋੜਾਂ ਜੋੜੀਆਂ।
ਮੈਕਗਰਾਅ ਦਾ ਸੈਂਕੜਾ ਬਨਾਉਣ ਦਾ ਸੁਫਨਾ ਉਦੋਂ ਚੂਰ ਹੋ ਗਿਆ ਜਦੋਂ 90 ਗੇਂਦਾ ਤੇ 97 ਦੌੜਾਂ ਬਨਾਉਣ ਤੋਂ ਬਾਅਦ ਭਾਰਤੀ ਗੇਂਦਬਾਜ਼ ਦੇਵਿਕਾ ਵੈਦਿਆ ਨੇ ਆਪਣੀ ਹੀ ਗੇਂਦ ਤੇ ਖੁੱਦ ਆਪ ਹੀ ਇਸ ਆਲ-ਰਾਊਂਡਰ ਨੂੰ ਕੈਚ ਕਰ ਲਿਆ।
ਇਸ ਤੋਂ ਅਲਾਵਾ ਐਨਾਬਲ ਸਦਰਲੈਂਡ ਨੇ 52 ਦੌੜਾਂ ਅਤੇ ਮੌਲੀ ਸਟਰਾਨੋ ਨੇ 32 ਦੋੜਾਂ ਦਾ ਯੋਗਦਾਨ ਪਾਇਆ ਅਤੇ ਆਸਟ੍ਰੇਲੀਆ ਨੇ 50 ਓਵਰਾਂ ਵਿੱਚ ਕੁੱਲ 296 ਦੌੜਾਂ ਜੋੜੀਆਂ।
ਕਰਿਕਟ ਆਸਟ੍ਰੇਲੀਆ ਦੇ ਹਵਾਲੇ ਨਾਲ ਪਤਾ ਚਲਿਆ ਹੈ ਕਿ, ਇਹ ਦੋਵੇਂ ਟੀਮਾਂ ਇੱਕ ਵਾਰ ਫੇਰ ਇਸੀ ਮੈਦਾਨ ਵਿੱਚ ਸ਼ਨੀਵਾਰ ਅਤੇ ਸੋਮਵਾਰ ਨੂੰ ਆਪਣੇ ਅਗਲੇ ਮੈਚ ਖੇਡਣਗੀਆਂ। ਚੌਥਾ, ਪੰਜਵਾਂ ਅਤੇ ਛੇਵਾਂ ਮੈਚ 19, 21, 23 ਦਸੰਬਰ ਨੂੰ ਗੋਲਡ ਕੋਸਟ ਵਿੱਚ ਖੇਡੇ ਜਾਣੇ ਹਨ।