ਪੰਜ ਸਾਲ ਪਹਿਲਾਂ, 30 ਜੂਨ 2013 ਨੂੰ ਇੱਕ ਨੋਜਵਾਨ ਮਾਤਾ ਉੱਤੇ ਜਬਰਦਸਤ ਹਮਲਾ ਕੀਤਾ ਗਿਆ ਸੀ। ਉੱਤਰੀ ਮੈਲਬਰਨ ਵਿੱਚੋਂ ਦੀ ਲੰਘਦੀ ਹੋਏ ਇਹ ਔਰਤ ਜਦੋਂ ਰਾਤ ਸਮੇਂ ਆਪਣੇ ਘਰ ਵਾਪਸ ਜਾ ਰਹੀ ਸੀ ਤਾਂ ਇਸ ਉੱਤੇ ਮਾਰ ਕੁੱਟ ਕਰਨ ਦੇ ਨਾਲ ਨਾਲ ਜਿਣਸੀ ਹਮਲਾ ਵੀ ਕੀਤਾ ਗਿਆ ਸੀ।
22 ਸਾਲਾਂ ਦੀ ਕਲੋਈ* ਨਾਮਕ ਇਸ ਔਰਤ ਉੱਤੇ ਕਿੰਗ ਸਟਰੀਟ ਤੇ ਤੜਕੇ ਤਿੰਨ ਵਜੇ ਹਮਲਾ ਕੀਤਾ ਗਿਆ ਸੀ ਅਤੇ ਹਮਲਾਵਰ ਨੇ ਉਸ ਸਮੇਂ ਗੂੜ੍ਹੇ ਰੰਗਾਂ ਦੇ ਕਪੜੇ ਪਾਏ ਹੋਏ ਸਨ।
ਹਮਲਾਵਰ ਨੇ ਪਹਿਲਾਂ ਕਲੋਈ ਨਾਲ ਗਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਪਰ ਜਦੋਂ ਇਸ ਨੇ ਇਤਰਾਜ ਜਤਾਇਆ ਤਾਂ ਹਮਲਾਵਰ ਨੇ ਇਸ ਨੂੰ ਇੱਕ ਸੁਨਸਾਨ ਗਲੀ ਵਿੱਚ ਜਬਰਦਸਤੀ ਘੜੀਸਦੇ ਹੋਏੇ ਇਸ ਤੇ ਕਹਿਰ ਢਾਹ ਦਿੱਤਾ।
ਇਸ ਔਰਤ ਨੂੰ ਬੁਰੀ ਤਰਾਂ ਮਾਰਨ ਕੁੱਟਣ ਤੋਂ ਬਾਅਦ ਇਸ ਨਾਲ ਜਿਣਸੀ ਸ਼ੋਸ਼ਣ ਵੀ ਕੀਤਾ ਗਿਆ।
‘ਮੈਨੂੰ ਬੇਸ਼ਕ ਇਸ ਨਾਲ ਕੋਈ ਇਨਸਾਫ ਤਾਂ ਨਹੀ ਮਿਲਣ ਵਾਲਾ ਪਰ ਮੈਨੂੰ ਇਹ ਯਕੀਨ ਜਰੂਰ ਹੋ ਜਾਵੇਗਾ ਕਿ ਇਹ ਹਮਲਾਵਰ ਹੋਰ ਕਿਸੇ ਨਾਲ ਅਜਿਹਾ ਨਹੀਂ ਕਰ ਸਕੇਗਾ’। ਕਲੋਈ ਨੇ ਆਪਣੇ ਆਪ ਨੂੰ ਜਨਤਕ ਕਰਨ ਦਾ ਫੈਸਲਾ ਲੈਂਦੇ ਹੋਏ ਅਜਿਹਾ ਕਿਹਾ ਤਾਂ ਕਿ ਪੜਤਾਲ ਨੂੰ ਕੋਈ ਦਿਸ਼ਾ ਮਿਲ ਸਕੇ।
ਹਾਲੇ ਤੱਕ ਹਮਲਾਵਾਰ ਦਾ ਪਤਾ ਦਸਣ ਵਾਸਤੇ ਕੋਈ ਵੀ ਅੱਗੇ ਨਹੀਂ ਆਇਆ ਹੈ ਜਿਸ ਨੂੰ ਆਖਰੀ ਵਾਰ ਹਮਲੇ ਤੋਂ ਬਾਅਦ ਚੈਟਵਿੰਡ ਸਟਰੀਟ ਵੱਲ ਦੌੜਦੇ ਹੋਏ ਦੇਖਿਆ ਗਿਆ ਸੀ।
ਇਸ ਸਮੇਂ ਵਿਕਟੋਰੀਆ ਪੁਲਿਸ ਨੇ ਹਮਲਾਵਰ ਦਾ ਪਤਾ ਦਸਣ ਵਾਲੇ ਨੂੰ ਇਨਾਮ ਵਜੋਂ $500,000 ਦੇਣ ਦੀ ਘੋਸ਼ਣਾ ਕੀਤੀ ਹੈ ਤਾਂ ਕਿ ਅਜੇ ਤਕ ਸਮਾਜ ਵਿੱਚ ਆਮ ਵਿਅਕਤੀ ਵਾਂਗ ਹੀ ਵਿਚਰ ਰਹੇ ਇਸ ਹਮਲਾਵਰ ਦਾ ਕੋਈ ਸੁਰਾਗ ਮਿਲ ਸਕੇ।
ਸੈਕਸੂਅਲ ਕਰਾਈਮ ਸਕੂਆਡ ਦੇ ਡਿਟੇਕਟਿਵ ਇੰਨਸਪੈਕਟਰ ਸਟੀਵ ਵਿਲਸਨ ਦਾ ਮੰਨਣਾ ਹੈ ਕਿ ਭਾਈਚਾਰੇ ਵਿੱਚ ਕਈ ਅਜਿਹੇ ਵਿਅਕਤੀ ਜਰੂਰ ਹਨ ਜਿਨਾਂ ਨੂੰ ਇਸ ਹਮਲਾਵਾਰ ਬਾਰੇ ਜਾਣਕਾਰੀ ਹੈ।

Shocking image of the victim from the night of the attack Source: Victoria Police
ਉਹਨਾਂ ਕਿਹਾ, ‘ਸਾਡੇ ਆਲੇ ਦੁਆਲੇ ਇੱਕ ਅਜਿਹਾ ਵਿਅਕਤੀ ਆਜਾਦ ਘੁੰਮ ਰਿਹਾ ਹੈ ਜਿਸ ਨੇ ਇੱਕ ਬਹੁਤ ਹੀ ਭਿਆਨਕ ਜਿਣਸੀ ਅਤੇ ਸ਼ਰੀਰਕ ਹਮਲਾ ਕੀਤਾ ਸੀ’।
‘ਮੈਂ ਜਨਤਾ ਨੂੰ ਅਪੀਲ ਕਰਦਾ ਹਾਂ ਕਿ ਪੁਲਿਸ ਵਲੋਂ ਜਾਰੀ ਕੀਤੀਆਂ ਜਾ ਰਹੀਆਂ ਫੋਟੋਆਂ ਨੂੰ ਅਤੇ ਹਮਲੇ ਸਮੇਂ ਰਿਕਾਰਡ ਹੋਈ ਗਲਬਾਤ ਨੂੰ ਧਿਆਨ ਨਾਲ ਸੁਣਦੇ ਹੋਏ ਆਪ ਇਹ ਫੈਸਲਾ ਕਰੋ, ਕਿ ਅਗਰ ਤੁਹਾਨੂੰ ਇਸ ਹਮਲਾਵਰ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਕੀ ਉਸ ਨੂੰ ਛੁਪਾਉਣਾ ਚਾਹੀਦਾ ਹੈ?’
ਵਿਕਟੋਰੀਆ ਪੁਲਿਸ ਮੁਤਾਬਕ ਪਿਛਲੇ ਇੱਕ ਦਹਾਕੇ ਦੌਰਾਨ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਕਰਾਈਮ ਸਟੋਪਰਸ ਵਿਕਟੋਰੀਆ ਵਲੋਂ ਹਮਲੇ ਦੀ ਨਕਲ ਕਰਦੀ ਹੋਈ ਵੀਡੀਓ ਜਾਰੀ ਕੀਤੀ ਗਈ ਹੈ।
ਸ਼ੱਕ ਹੈ ਕਿ ਹਮਲਾਵਰ ਜੋ ਕਿ ਵੀਹਵਿਆਂ ਦੇ ਅਖੀਰ ਦਾ ਹੋ ਸਕਦਾ ਹੈ, ਦੇਖਣ ਵਿੱਚ ਏਸ਼ੀਅਨ ਜਾਂ ਭਾਰਤੀ ਮੂਲ ਤੋਂ ਲਗਦਾ ਹੈ, ਔਸਤਨ ਸ਼ਰੀਰ ਦਾ ਮਾਲਕ ਹੈ ਜਿਸ ਨੇ ਛੋਟੇ ਵਾਲ ਕੱਟੇ ਹੋਏ ਸਨ ਅਤੇ ਦਾੜੀ ਵੀ ਨਹੀਂ ਬਣਾਈ ਹੋਈ ਸੀ। ਹਮਲੇ ਦੀ ਰਾਤ ਇਸ ਨੇ ਕਾਲੇ ਰੰਗ ਦੀ ਕਮੀਜ, ਨੀਲੇ ਰੰਗ ਦੀ ਜੀਨ ਅਤੇ ਉਪਰ ਖੁੱਲੀ ਹੋਈ ਚਮੜੇ ਦੀ ਜੈਕਟ ਪਾਈ ਹੋਈ ਸੀ।

The suspect is believed to be of Asian or Indian subcontinent appearance Source: Victoria Police
ਕਰਾਈਮ ਸਟੋਪਰਸ ਆਸਟ੍ਰੇਲੀਆ ਦੀ ਚੀਫ ਐਗਜ਼ੈਕਟਿਵ ਐਰੀਕਾ ਓਵਨਸ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਸ ਹਮਲਾਵਰ ਬਾਰੇ ਕੋਈ ਵੀ ਛੋਟਾ ਜਾਂ ਮਾਮੂਲੀ ਲਗਣ ਵਾਲਾ ਸੁਰਾਗ ਵੀ ਇਸ ਸਮੇਂ ਬਹੁਤ ਲਾਹੇਵੰਦ ਹੋ ਸਕਦਾ ਹੈ। ਅਤੇ ਜਾਣਕਾਰੀ ਦੇਣ ਵਾਲੇ ਦੀ ਗੋਪਨੀਅਤਾ ਦਾ ਵੀ ਪੂਰਾ ਧਿਆਨ ਰਖਿਆ ਜਾਵੇਗਾ।
ਜਾਣਕਾਰੀ ਦੇਣ ਵਾਸਤੇ ਕਰਾਈਮ ਸਟੋਪਰਸ ਨੂੰ 1800 333 000 ਉੱਤੇ ਫੋਨ ਕੀਤਾ ਜਾ ਸਕਦਾ ਹੈ ਜਾਂ ਉਹਨਾਂ ਦੀ ਵੈਬਸਾਈਟ www.crimestoppers.com.au ਉੱਤੇ ਵੀ ਜਾਇਆ ਜਾ ਸਕਦਾ ਹੈ।
Anyone with information about the incident is asked to contact Crime Stoppers on 1800 333 000 or visit www.crimestoppers.com.au