ਅੰਡਰ 19 ਵਿਸ਼ਵ ਕ੍ਰਿਕਟ ਕੱਪ ਦੇ ਦੂਸਰੇ ਸੈਮੀਫਾਈਨਲ ਮੈਚ ਵਿੱਚ ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿਚ 9 ਵਿਕਟਾਂ 'ਤੇ 272 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ਵਿਚ ਪਾਕਿਸਤਾਨ 69 ਦੌੜਾਂ ਹੀ ਬਣਾ ਸਕਿਆ। ਭਾਰਤ ਨੇ ਇਹ ਮੁਕਾਬਲਾ 203 ਦੇ ਵੱਡੇ ਫ਼ਰਕ ਨਾਲ ਜਿੱਤ ਲਿਆ ਹੈ।
ਭਾਰਤ ਵੱਲੋਂ ਸ਼ੁਬਮਨ ਗਿੱਲ ਨੇ ੯੪ ਗੇਂਦਾਂ ਉੱਤੇ ੧੦੨ ਰਨਾਂ ਦੀ ਸ਼ਾਨਦਾਰ ਪਾਰੀ ਖੇਡੀ ਜਿਸ ਦੀ ਬਦੌਲਤ ਉਸਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ।
ਤਿੰਨ ਫਰਵਰੀ ਨੂੰ ਫਾਈਨਲ ਵਿਚ ਭਾਰਤ ਦਾ ਆਸਟ੍ਰੇਲੀਆ ਨਾਲ ਮੁਕਾਬਲਾ ਹੋਵੇਗਾ।
ਆਸਟਰੇਲੀਆ ਅਫ਼ਗ਼ਾਨਿਸਤਾਨ ਨੂੰ ਛੇ ਵਿਕਟਾਂ ਨਾਲ ਹਰਾਕੇ ਫਾਈਨਲ ਵਿੱਚ ਪਹੁੰਚਿਆ ਹੈ।
ਪਹਿਲੇ ਸੈਮੀਫਾਈਨਲ ਮੈਚ ਵਿੱਚ ਟੂਰਨਾਮੈਂਟ ਵਿੱਚ ਹੁਣ ਤਕ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਅਫ਼ਗ਼ਾਨਿਸਤਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 181 ਦੌੜਾਂ ਬਣਾਈਆਂ, ਜੋ ਕਿ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਅਨ ਟੀਮ ਲਈ ਕੋਈ ਬਹੁਤਾ ਔਖਾ ਟੀਚਾ ਨਹੀਂ ਸੀ।
ਆਸਟਰੇਲੀਆ ਨੇ ਜੇਤੂ ਟੀਚੇ ਨੂੰ 37.3 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਸਲਾਮੀ ਬੱਲੇਬਾਜ਼ ਜੈਕ ਐਡਵਰਡਜ਼ ਨੇ 72 ਦੌੜਾਂ ਬਣਾਈਆਂ ਤੇ ਚਾਰ ਓਵਰਾਂ ’ਚ 16 ਦੌੜਾਂ ਬਦਲੇ ਇਕ ਵਿਕਟ ਵੀ ਲਈ। ਉਸ ਨੂੰ ‘ਮੈਨ ਆਫ਼ ਦਿ ਮੈਚ’ ਐਲਾਨਿਆ ਗਿਆ।