ਸਿਡਨੀ ਵਿੱਚ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਨੂੰ ਪੁਲਿਸ ਨੇ 208 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਤੇ ਗੱਡੀ ਚਲਾਉਂਦੇ ਹੋਏ ਕਾਬੂ ਕੀਤਾ ਹੈ।
ਨਾਈਨ ਨੈਟਵਰਕ ਮੁਤਾਬਿਕ ਹਾਂਗ ਸ਼ੂ ਨਾਮ ਦਾ ਚੀਨੀ ਵਿਦਿਆਰਥੀ ਆਪਣੀ ਬੇਹੱਦ ਤਾਕਤਵਰ ਕਾਰ ਲੰਬੋਰਗਿਨੀ ਨੂੰ ਬੌਂਡਆਈ ਜੰਕਸ਼ਨ ਤੇ ਕਾਨੂੰਨ ਵੱਲੋਂ ਨਿਰਧਾਰਿਤ ਰਫਤਾਰ ਦੀ ਹੱਦ ਤੋਂ 120 ਕਿਲੋਮੀਟਰ ਤੋਂ ਵੀ ਵੱਧ ਤੇਜ਼ੀ ਨਾਲ ਚਲਾ ਰਿਹਾ ਸੀ। ਜਿਸ ਕਰਕੇ ਉਸਦਾ ਡ੍ਰਾਈਵਿੰਗ ਲਾਇਸੈਂਸ ਤਿੰਨ ਸਾਲਾਂ ਲਈ ਰੱਦ ਕੀਤਾ ਗਿਆ ਹੈ।
ਪੁਲਿਸ ਕਾਰ ਵਿੱਚ ਲੱਗੇ ਕੈਮਰੇ ਵਿੱਚ ਕੈਦ ਹੋਈਆਂ ਉਹ ਤਸਵੀਰਾਂ ਦਰਸ਼ਾਉਂਦੀਆਂ ਹਨ ਜਿਸ ਵਿੱਚ ਹੋਂਗ ਸ਼ੂ ਵਿਆਹ ਦੇ ਤੋਹਫੇ ਦੇ ਤੌਰ ਤੇ ਮਿਲੀ ਆਪਣੀ ਚਾਰ ਲੱਖ ਡਾਲਰ ਦੀ ਸਪੋਰਟਸ ਕਾਰ ਨੂੰ ਤੇਜ਼ੀ ਨਾਲ ਚਲਾਉਂਦਾ ਦਿਸਦਾ ਹੈ ਜਿਸ ਪਿੱਛੋਂ ਪੁਲਿਸ ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕੀਤਾ।
ਜਿਸ ਸਮੇ ਸ਼ੂ ਨੂੰ ਇਹ ਕਾਰ ਉਸਦੇ ਪਿਤਾ ਨੇ ਖਰੀਦ ਕੇ ਦਿੱਤੀ ਸੀ ਉਹ ਆਸਟ੍ਰੇਲੀਆ ਵਿੱਚ ਪੜ ਰਿਹਾ ਸੀ ਅਤੇ ਉਹ ਇਕ ਵਿਦੇਸ਼ੀ ਲਾਇਸੈਂਸ ਤੇ ਡਰਾਈਵ ਕਰ ਰਿਹਾ ਸੀ।

ਵੁੱਧਵਾਰ ਨੂੰ ਅਦਾਲਤ ਵੱਲੋਂ ਉਸਦਾ ਡ੍ਰਾਈਵਿੰਗ ਲਾਇਸੈਂਸ ਤਿੰਨ ਸਾਲ ਲਈ ਰੱਦ ਕਰ ਦਿੱਤਾ ਗਿਆ ਅਤੇ ਉਸੁ $3000 ਦਾ ਜੁਰਮਾਨਾ ਵੀ ਕੀਤਾ ਗਿਆ।
ਇਸਤੋਂ ਪਹਿਲਾ, ਦੋ ਵਾਰ ਉਹ ਅਦਾਲਤ ਵਿੱਚ ਪੇਸ਼ ਹੋਣ ਚ ਨਾਕਾਮ ਰਿਹਾ ਜਿਸ ਕਰਕੇ ਉਸਨੂੰ ਕੁਝ ਸਮਾਂ ਹਿਰਾਸਤ ਵਿੱਚ ਵੀ ਰੱਖਿਆ ਗਿਆ ਸੀ।
ਫੈਸਲਾ ਸੁਣਾਉਂਦਿਆਂ ਮੈਜਿਸਟ੍ਰੇਟ ਨੇ ਕਿਹਾ ਕਿ ਸ਼ੂ ਇੱਕ ਪੜੇ ਲਿਖੇ ਅਤੇ ਖੁਸ਼ਹਾਲ ਪਰਿਵਾਰ ਤੋਂ ਹੈ ਅਤੇ ਉਸਨੂੰ ਬੇਹਤਰ ਸਮਝ ਹੋਣੀ ਚਾਹੀਦੀ ਹੈ।
