ਭਾਰਤ ਨੂੰ ਜਾਣ ਵਾਲੇ ਆਸਟ੍ਰੇਲੀਅਨਾਂ ਲਈ ਹਿਦਾਇਤ ਕੀਤੀ ਗਈ ਹੈ ਕਿ ਉਹ ਉੱਥੇ ਨਾਗਰਿਕਤਾ ਬਿੱਲ ਨੂੰ ਲੈ ਕਿ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਪ੍ਰਤੀ ਉੱਚ ਦਰਜੇ ਦੀ ਸਾਵਧਾਨੀ ਵਰਤਣ।
ਆਸਟ੍ਰੇਲੀਅਨ ਵਿਦੇਸ਼ ਮੰਤਰਾਲੇ ਅਤੇ ਵਪਾਰ ਵਿਭਾਗ ਨੇ ਮੰਗਲਵਾਰ ਨੂੰ ਨਾਗਰਿਕਤਾ ਸੋਧ ਬਿੱਲ ਦੇ ਜਵਾਬ ਵਿੱਚ ਭਾਰਤ ਵਿੱਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇੱਕ ‘ਅਲਰਟ’ ਜਾਰੀ ਕਰ ਦਿੱਤਾ ਹੈ।
ਡੀਫੈਟ ਨੇ ਇੱਕ ਤਾਜਾ ਅਪਡੇਟ ਵਿੱਚ ਕਿਹਾ ਹੈ, ‘ਭਾਰਤ ਵਿੱਚ ਨਵੇਂ ਨਾਗਰਿਕਤਾ ਸੋਧ ਬਿੱਲ ਨੂੰ ਲੈ ਕਿ ਕਈ ਥਾਵਾਂ ਤੇ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਸਥਾਨਕ ਅਧਿਕਾਰੀਆਂ ਨੇ ਕਈ ਥਾਵਾਂ ਤੇ ਕਰਫਿਊ ਲਗਾ ਦਿੱਤਾ ਹੈ। ਟਰਾਂਸਪੋਰਟ ਅਤੇ ਸੰਚਾਰ ਸੇਵਾਵਾਂ ਵਿੱਚ ਬਿਨਾਂ ਕਿਸੇ ਨੋਟਿਸ ਦੇ ਵਿਘਨ ਪੈ ਸਕਦਾ ਹੈ’।
ਮਿਲੀਆਂ ਰਿਪੋਰਟਾਂ ਅਨੁਸਾਰ ਭਾਰਤ ਦੇ ਅਲੱਗ ਅਲੱਗ ਹਿਸਿਆਂ ਵਿੱਚ ਸ਼ੁਰੂ ਹੋਏ ਪ੍ਰਦਰਸ਼ਨ ਜੋ ਕਿ ਯੂਨਿਵਰਸਟੀਆਂ ਤੱਕ ਵੀ ਪਹੁੰਚ ਗਏ ਹਨ, ਵਿੱਚ ਛੇ ਲੋਕਾਂ ਦੀ ਮੌਤ ਸਮੇਤ ਸੈਂਕੜੇ ਹੋਰ ਜਖਮੀ ਹੋ ਗਏ ਹਨ। ਕਈ ਸਰਕਾਰੀ ਅਤੇ ਗੈਰ ਸਰਕਾਰੀ ਇਮਾਰਤਾਂ ਦੇ ਨਾਲ ਨਾਲ ਵਾਹਨਾਂ ਨੂੰ ਵੀ ਨੁਕਸਾਨਿਆ ਗਿਆ ਹੈ।
ਐਤਵਾਰ ਨੂੰ ਪੁਲਿਸ ਵਲੋਂ ਇੱਕ ਯੁਨਿਵਰਸਿਟੀ ਕੈਂਪਸ ਵਿੱਚ ਦਾਖਲ ਹੋ ਕਿ ਅੱਥਰੂ ਗੈਸ ਦੇ ਨਾਲ ਨਾਲ ਕਈ ਪ੍ਰਦਰਸ਼ਨਕਾਰੀਆਂ ਉੱਤੇ ਲਾਠੀਆਂ ਵੀ ਵਰਾਈਆਂ ਗਈਆਂ ਸਨ।

Demonstrators during a protest against the Citizenship Amendment Bill (CAB) in Guwahati, Assam, India. Source: EPA
ਡੀਫੈਟ ਵਲੋਂ ਜਾਰੀ ਕੀਤੀ ਜਾਣਕਾਰੀ ਵਿੱਚ ਦਸਿਆ ਗਿਆ ਹੈ ਕਿ ਭਾਰਤ ਦੇ ਕਈ ਰਾਜਾਂ, ਜਿਨਾਂ ਵਿੱਚ ਅਸਾਮ, ਮੇਘਾਲਿਆ, ਤਰਿਪੁਰਾ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਤੇਲੰਗਾਨਾਂ, ਦਿੱਲੀ ਸ਼ਾਮਲ ਹਨ, ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

Activists of various leftist student organisations participated in a torch rally in Kolkata, India on Tuesday, 17 December, 2019. Source: Getty
ਡੀਫੈਟ ਵਲੋਂ ਜਾਰੀ ਕੀਤੀ ਚਿਤਾਵਨੀ ਅਨੁਸਾਰ, ‘ਅੱਤਵਾਦੀ ਹਮਲੇ ਕਿਸੇ ਵੀ ਸਮੇਂ ਅਤੇ ਕਿਸੇ ਵੀ ਸਥਾਨ ਤੇ ਹੋ ਸਕਦੇ ਹਨ। ਉਹ ਪ੍ਰਸਿੱਧ ਸੈਲਾਨੀ ਕੇਂਦਰਾਂ ਅਤੇ ਵਿਦੇਸ਼ੀ ਲੋਕਾਂ ਦੀ ਖਿੱਚ ਵਾਲੇ ਸਥਾਨਾਂ ਨੂੰ ਨਿਸ਼ਾਨਾਂ ਬਣਾ ਸਕਦੇ ਹਨ। ਅਧਿਕਾਰਤ ਚਿਤਾਵਨੀਆਂ ਨੂੰ ਗੰਭੀਰਤਾ ਨਾਲ ਲਵੋ’।
ਇਸ ਵਲੋਂ ਨਵੇਂ ਬਣਾਏ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਯਾਤਰਾ ਵਿਰੁੱਧ ਵੀ ਚਿਤਾਵਨੀ ਦਿੱਤੀ ਜਾ ਰਹੀ ਹੈ।
ਡੀਫੈਟ ਵਲੋਂ ਔਰਤਾਂ ਨੂੰ ਇਕੱਲੇ ਤੌਰ ਤੇ ਭਾਰਤ ਜਾਣ ਵਿਰੁੱਧ ਵੀ ਸਾਵਧਾਨ ਕੀਤਾ ਗਿਆ ਹੈ।
ਡੀਫੈਟ ਦੇ ਆਂਕੜਿਆਂ ਅਨੁਸਾਰ ਹਰ ਸਾਲ ਤਕਰੀਬਨ 3 ਲੱਖ 50 ਹਜਾਰ ਆਸਟ੍ਰੇਲੀਅਨ ਭਾਰਤ ਦੀ ਯਾਤਰਾ ਕਰਦੇ ਹਨ ਅਤੇ ਜਿਆਦਾਤਰ ਇਹਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।