Key Points
- ਮਾਹਰਾਂ ਮੁਤਾਬਿਕ ਲੰਬੇ ਸਮੇਂ ਤੋਂ ਕੋਵਿਡ ਤੋਂ ਪੀੜ੍ਹਤ ਲੋਕਾਂ ਵਿੱਚ ਕੋਵਿਡ ਜਾਂ ਦਿਮਾਗੀ ਫੋਗ ਆਮ ਗੱਲ ਹੈ
- ਇਹ ਸਥਿਤੀ ਆਮ ਤੌਰ ਉੱਤੇ ਅਸਥਾਈ ਹੁੰਦੀ ਹੈ ਅਤੇ ਆਪਣੇ ਆਪ ਹੱਲ ਹੋ ਜਾਂਦੀ ਹੈ
- ਜੇਕਰ ਇਹ ਅੱਠ ਹਫ਼ਤਿਆਂ ਤੋਂ ਵੱਧ ਸਮੇਂ ਲਈ ਰਹਿੰਦੀ ਹੈ ਤਾਂ ਆਪਣੇ ਜੀ.ਪੀ ਨਾਲ ਸਲਾਹ ਕਰੋ
- ਮਾਹਰਾਂ ਮੁਤਾਬਿਕ ਬੁਝਾਰਤਾਂ ਨੂੰ ਸੁਲਝਾਉਣ ਅਤੇ ਵੀਡੀਓ ਗੇਮਾਂ ਵਰਗੀਆਂ ਬੋਧਾਤਮਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਨਾਲ ਮਦਦ ਮਿਲ ਸਕਦੀ ਹੈ
ਸਿਡਨੀ ਤੋਂ ਪ੍ਰੋਜੈਕਟ ਮੈਨੇਜਰ ਡਾਇਨੇ ਵਾਟਸ ਕੁੱਝ ਸ਼ਬਦਾਂ ਨੂੰ ਜੋੜਨ ਦੀ ਸਮਰੱਥਾ ਗਵਾ ਚੁੱਕੇ ਹਨ ਅਤੇ ਕੋਵਿਡ ਤੋਂ ਬਾਅਦ ਕੰਮ ਉੱਤੇ ਵਾਪਸ ਆਉਣ ਤੋਂ ਬਾਅਦ ਉਹ ਕੁੱਝ ਕਾਰੋਬਾਰੀ ਪ੍ਰਕਿਰਿਆਵਾਂ ਵੀ ਭੁੱਲ ਗਏ ਹਨ।
ਸ਼੍ਰੀਮਤੀ ਵਾਟਸ ਨੇ ਐਸ.ਬੀ.ਐਸ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੂੰ ਇਹ ਦੋਬਾਰਾ ਸਿਖਣੀਆਂ ਪਈਆਂ ਸਨ।
ਸ਼੍ਰੀਮਤੀ ਵਾਟਸ ਜੂਨ ਦੇ ਮਹੀਨੇ ਵਿੱਚ ਕਰੋਨਾਵਾਇਰਸ ਨਾਲ ਸੰਕਰਮਿਤ ਹੋਏ ਸਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਸ਼ਾਇਦ ਉਹਨਾਂ ਨੂੰ ਕੋਵਿਡ ਦੇ ਲੰਬੇ ਪ੍ਰਭਾਵਾਂ ਨਾਲ ਜੂਝਣਾ ਪੈ ਰਿਹਾ ਹੈ ਜੋ ਕਿ ਆਮ ਤੌਰ ਉੱਤੇ ਲਾਗ ਦੇ ਤਿੰਨ ਮਹੀਨਿਆਂ ਦੇ ਅੰਦਰ ਸਾਹਮਣੇ ਆਉਂਦੇ ਹਨ।
ਨਿਊ ਸਾਊਥ ਵੇਲਜ਼ ਹੈਲਥ ਮੁਤਾਬਕ ਕੋਵਿਡ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਲਈ ਕੋਈ ਟੈਸਟ ਉਪਲੱਬਧ ਨਹੀਂ ਹੈ ਅਤੇ ਇਸ ਦਾ ਨਿਦਾਨ ਕਰਨ ਵਾਲੇ ਡਾਕਟਰ ਨੂੰ ਸਮਾਨ ਲੱਛਣਾਂ ਵਾਲੀਆਂ ਹੋਰ ਸਥਿਤੀਆਂ ਨੂੰ ਵੀ ਧਿਆਨ ਵਿੱਚ ਰੱਖਣਾ ਪੈਂਦਾ ਹੈ।
ਲੋਂਗ ਕੋਵਿਡ ਵਿੱਚ ਆਮ ਤੌਰ ਉੱਤੇ ਬ੍ਰੇਨ ਫੋਗ਼, ਯਾਦਦਾਸ਼ਤ ਤੇ ਇਕਾਗਰਤਾ ਵਿੱਚ ਫ਼ਰਕ ਪੈਣਾ, ਨੀਂਦ ਦੀ ਸਮੱਸਿਆ, ਬੋਲਣ ਵਿੱਚ ਮੁਸ਼ਕਿਲ, ਉਦਾਸੀ ਜਾਂ ਚਿੰਤਾ ਅਤੇ ਥਕਾਵਟ ਵਰਗੀਆਂ ਸਥਿਤੀਆਂ ਸ਼ਾਮਲ ਹਨ।
ਇਸ ਤੋਂ ਇਲਾਵਾ ਹੋਰ ਸਥਿਤੀਆਂ ਵਿੱਚ ਸਾਹ ਲੈਣ ਵਿੱਚ ਮੁਸ਼ਕਲ, ਲਗਾਤਾਰ ਆਉਣ ਵਾਲੀ ਖੰਘ, ਛਾਤੀ ਵਿੱਚ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਸੁੰਘਣ ਅਤੇ ਸੁਆਦ ਵਿੱਚ ਅਸਮਰਥਾ ਅਤੇ ਬੁਖ਼ਾਰ ਸ਼ਾਮਲ ਹਨ।
'ਲੋਂਗ ਕੋਵਿਡ' ਕਲੀਨਿਕ ਬਾਰੇ ਜਾਣਕਾਰੀ ਹਾਸਲ ਕਰੋ:
ਏ ਸੀ ਟੀ ਨਿਊ ਸਾਊਥ ਵੇਲਜ਼ ਨੋਰਦਰਨ ਟੈਰੀਟਰੀ ਕੁਈਨਜ਼ਲੈਂਡ
ਦੱਖਣੀ ਆਸਟ੍ਰੇਲੀਆ ਤਸਮਾਨੀਆ ਵਿਕਟੋਰੀਆ ਪੱਛਮੀ ਆਸਟ੍ਰੇਲੀਆ
ਕੋਵਿਡ ਫੋਗ ਕੀ ਹੈ?
'ਕੋਵਿਡ ਫੋਗ' ਕੋਈ ਡਾਕਟਰੀ ਸ਼ਬਦ ਨਹੀਂ ਹੈ ਪਰ ਆਮ ਤੌਰ ਉੱਤੇ ਇਹ ਕੋਵਿਡ ਦੀ ਲਾਗ ਤੋਂ ਬਾਅਦ ਸੋਚਣ, ਧਿਆਨ ਕੇਂਦਰਿਤ ਕਰਨ ਅਤੇ ਯਾਦ ਰੱਖਣ ਦੀ ਮੁਸ਼ਕਲ ਵਰਗੀਆਂ ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ।
ਸਿਹਤ ਅਤੇ ਏਜਡ ਕੇਅਰ ਵਿਭਾਗ ਕੋਲ ਆਸਟ੍ਰੇਲੀਆ ਦੇ 'ਕੋਵਿਡ ਫੋਗ' ਮਾਮਲਿਆਂ ਦੇ ਅੰਕੜੇ ਨਹੀਂ ਹਨ।
ਪਰ ਸਿਡਨੀ ਦੇ ਸੇਂਟ ਵਿਨਸੈਂਟ ਹਸਪਤਾਲ ਵਿੱਚ 'ਲੋਂਗ ਕੋਵਿਡ' ਕਲੀਨਿਕ ਦੇ ਐਸੋਸੀਏਟ ਪ੍ਰੋਫੈਸਰ ਅਤੇ ਡਾਇਰੈਕਟਰ ਸਟੀਵਨ ਫੌਕਸ ਦੇ ਅਨੁਸਾਰ ਲੰਬੇ ਸਮੇਂ ਤੋਂ ਕੋਵਿਡ ਦਾ ਅਨੁਭਵ ਕਰਨ ਵਾਲੇ ਲੋਕਾਂ ਵਿੱਚ ਇਹ ਆਮ ਗੱਲ ਹੈ।
ਕਲੀਨਿਕ ਵਿੱਚ ਆਉਣ ਵਾਲੇ ਕਰੀਬ 10 ਤੋਂ 25 ਪ੍ਰਤੀਸ਼ਤ ਮਰੀਜ਼ ਖੁਦ ਕੋਵਿਡ ਫੋਗ ਦੀ ਸ਼ਿਕਾਇਤ ਕਰਦੇ ਹਨ ਅਤੇ ਜੇਕਰ ਮਰੀਜ਼ਾਂ ਤੋਂ ਆਪ ਅਜਿਹੀਆਂ ਸਮੱਸਿਆਵਾਂ ਬਾਰੇ ਸਵਾਲ ਪੁੱਛੇ ਜਾਣ ਤਾਂ ਇਹ ਸੰਖਿਆ ਹੋਰ ਵੱਧ ਸਕਦੀ ਹੈ।
'ਕੋਵਿਡ ਫੋਗ' ਦਾ ਨਿਦਾਨ
ਸਿਡਨੀ-ਅਧਾਰਤ ਡਾਕਟਰ- ਵਿਗਿਆਨੀ ਅਤੇ ਅਕੈਡਮਿਕ ਨਿਊਰੋਲੋਜਿਸਟ ਡਾਕਟਰ ਸੋਨੂੰ ਭਾਸਕਰ ਦਾ ਕਹਿਣਾ ਹੈ ਕਿ ਕੋਵਿਡ ਫੋਗ ਦਾ ਨਿਦਾਨ ਕਰਨਾ ਚੁਣੌਤੀਪੂਰਨ ਹੋ ਸਕਦਾ ਹੈ, ਕਿਉਂਕਿ ਇਹ ਕਿਸੇ ਵਿਅਕਤੀ ਦੇ ਕੋਵਿਡ-19 ਤੋਂ ਠੀਕ ਹੋਣ ਤੋਂ ਬਾਅਦ ਦਾ ਅਨੁਭਵ ਹੈ।
ਡਾਕਟਰ ਭਾਸਕਰ ਦਾ ਕਹਿਣਾ ਹੈ ਕਿ ਕੋਵਿਡ-19 ਤੋਂ ਠੀਕ ਹੋਣ ਵਾਲੇ ਬਹੁਤ ਸਾਰੇ ਲੋਕ ਲੰਬੇ ਸਮੇਂ ਤੱਕ ਨਿਊਰੋਲੋਜੀਕਲ ਅਤੇ ਬੋਧਾਤਮਕ ਸਮੱਸਿਆਵਾਂ ਦਾ ਅਨੁਭਵ ਕਰ ਸਕਦੇ ਹਨ।
ਪ੍ਰੋਫੈਸਰ ਫੌਕਸ ਕਹਿੰਦੇ ਹਨ ਕਿ 'ਕੋਵਿਡ ਫੋਗ' ਨੂੰ ਸਿਰਫ 'ਲੋਂਗ ਕੋਵਿਡ' ਨਾਲ ਹੀ ਨਹੀਂ ਜੋੜਿਆ ਜਾ ਸਕਦਾ ਕਿਉਂਕਿ ਚਿੰਤਾ ਅਤੇ ਥਕਾਵਟ ਵੀ ਬੋਧਾਤਮਕ ਸੋਚ ਨੂੰ ਪ੍ਰਭਾਵਿਤ ਕਰਦੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਕੋਵਿਡ ਫੋਗ ਨਾਲ ਨਜਿੱਠਣ ਲਈ ਇਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।
ਪ੍ਰੋਫੈਸਰ ਫੌਕਸ ਦਾ ਮੰਨਣਾ ਹੈ ਕਿ ਵਧੇਰੇ ਜ਼ਿੰਮੇਵਾਰੀਆਂ ਵਾਲੀਆਂ ਨੌਕਰੀਆਂ ਜਿਵੇਂ ਕਿ ਕਾਨੂੰਨੀ ਅਤੇ ਸਿਹਤ ਸੰਭਾਲ ਖੇਤਰਾਂ ਨਾਲ ਜੁੜੇ ਲੋਕ ਅਤੇ ਬਹੁਤ ਸਾਰੀ ਜਾਣਕਾਰੀ ਨੂੰ ਇੱਕਠਾ ਕਰਨ ਵਾਲੇ ਪੇਸ਼ੇ ਨਾਲ ਜੁੜੇ ਲੋਕ ਅਜਿਹੀ ਸਥਿਤੀ ਤੋਂ ਵਧੇਰੇ ਪ੍ਰਭਾਵਿਤ ਹੋਏ ਜਾਪਦੇ ਹਨ।
ਕੋਵਿਡ ਫੋਗ ਉਹਨਾਂ ਪੇਸ਼ਿਆਂ ਲਈ ਹੋਰ ਵੀ ਗੰਭੀਰ ਮੰਨਿਆ ਜਾ ਸਕਦਾ ਹੈ ਜਿੰਨ੍ਹਾਂ ਵਿੱਚ ਇਕਾਗਰਤਾ ਨੂੰ ਲੈ ਕੇ ਮਾਮੂਲੀ ਜਿਹੀ ਗਲ਼ਤੀ ਵੀ ਗੰਭੀਰ ਹੋ ਸਕਦੀ ਹੈ।
ਕੋਵਿਡ ਫੋਗ ਹੋਣ ਦੀ ਸਥਿਤੀ ਵਿੱਚ ਕੀ ਕੀਤਾ ਜਾਵੇ
ਜ਼ਿਆਦਾਤਰ ਮਾਮਲਿਆਂ ਵਿੱਚ ਕੋਵਿਡ ਫੋਗ ਆਪਣੇ ਆਪ ਠੀਕ ਹੋ ਜਾਂਦੀ ਹੈ।
ਪ੍ਰੋਫੈਸਰ ਫੌਕਸ ਕਹਿੰਦੇ ਹਨ ਕਿ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ 'ਕੋਵਿਡ ਫੋਗ ਤੋਂ ਪ੍ਰਭਾਵਿਤ ਹੋ ਰਹੇ ਹੋ ਤਾਂ ਇਸ ਤੋਂ ਘਬਰਾਓ ਨਾ।
ਜੇਕਰ ਤੁਹਾਨੂੰ ਚਿੰਤਾ ਜਾਂ ਡਿਪਰੈਸ਼ਨ ਹੈ ਤਾਂ ਉਸਦਾ ਇਲਾਜ ਕਰਨ ਨਾਲ ਕੋਵਿਡ ਫੋਗ ਦੇ ਠੀਕ ਹੋਣ ਵਿੱਚ ਵੀ ਮਦਦ ਮਿਲਦੀ ਹੈ।
ਪ੍ਰੋਫੈਸਰ ਫੌਕਸ ਦਾ ਕਹਿਣਾ ਹੈ ਕਿ ਜਿੰਨ੍ਹਾਂ ਲੋਕਾਂ ਨੂੰ ਲਾਗ ਲੱਗਣ ਤੋਂ ਅੱਠ ਹਫ਼ਤਿਆਂ ਬਾਅਦ ਵੀ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਬਿਨ੍ਹਾਂ ਦੇਰੀ ਆਪਣੇ ਸਿਹਤ ਸੰਭਾਲ ਪ੍ਰਦਾਤਾ ਜਾਂ ਜੀ.ਪੀ ਨਾਲ ਗੱਲਬਾਤ ਕਰਨ।
ਜ਼ਿਆਦਾਤਰ ਲੋਕ ਘਰ ਵਿੱਚ ਹੀ ਇਸਦਾ ਇਲਾਜ ਕਰ ਸਕੇ ਹਨ। ਪਰ ਜ਼ਿਆਦਾ ਕਸਰਤ ਵੀ ਨਹੀਂ ਕਰਨੀ ਚਾਹੀਦੀ। ਆਰਾਮ ਨਾਲ ਕੁੱਝ ਅਭਿਆਸ ਕੀਤੇ ਜਾ ਸਕਦੇ ਹਨ।
ਡਾਕਟਰ ਭਾਸਕਰ ਅੱਗੇ ਕਹਿੰਦੇ ਹਨ ਕਿ ਵੀਡੀਓ ਗੇਮਾਂ ਖੇਡਣ ਵਰਗੀਆਂ ਗਤੀਵਿਧੀਆਂ ਨਾਲ ਵੀ ਕੋਵਿਡ ਫੋਗ ਦੇ ਇਲਾਜ ਵਿੱਚ ਮਦਦ ਮਿਲ ਸਕਦੀ ਹੈ।
ਸ਼੍ਰੀਮਤੀ ਵਾਟਸ ਨੇ ਬ੍ਰੇਨ ਫੋਗ ਨੂੰ ਲੈ ਕੇ ਜੀ.ਪੀ ਨਾਲ ਗੱਲਬਾਤ ਨਹੀਂ ਕੀਤੀ ਪਰ ਉਹ ਆਪਣੇ ਲੱਛਣਾਂ ਦੀ ਨਿਗਰਾਨੀ ਕਰਦੇ ਰਹੇ ਹਨ ਤਾਂ ਜੋ ਉਹ ਨਿਸ਼ਚਿਤ ਕਰ ਸਕਣ ਕਿ ਉਹਨਾਂ ਵਿੱਚ ਸੁਧਾਰ ਹੋ ਰਿਹਾ ਹੈ।
ਉਹਨਾਂ ਦੱਸਿਆ ਕਿ ਉਹਨਾਂ ਨੇ ਹਮੇਸ਼ਾਂ ਚੰਗੀ ਖ਼ੁਰਾਕ ਲਈ ਹੈ ਅਤੇ ਹੌਲੀ-ਹੌਲੀ ਉਹਨਾਂ ਦੀ ਸਥਿਤੀ ਬੇਹਤਰ ਹੋ ਗਈ।
ਸ਼੍ਰੀਮਤੀ ਵਾਟਸ ਨੇ ਦੱਸਿਆ ਕਿ ਫਿਰ ਲਾਗ ਤੋਂ ਚਾਰ ਹਫ਼ਤਿਆਂ ਬਾਅਦ ਹੌਲੀ-ਹੌਲੀ ਉਹਨਾਂ ਦੀ ਕੋਵਿਡ ਫੋਗ ਦੀ ਸਥਿਤੀ ਬਿਲਕੁੱਲ ਠੀਕ ਹੋ ਗਈ।

ਅਜੇ ਹੋਰ ਖੋਜ ਦੀ ਲੋੜ ਹੈ
ਕੋਵਿਡ-19 ਦੇ ਪ੍ਰਭਾਵਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਅਜੇ ਹੋਰ ਖੋਜ ਦੀ ਲੋੜ ਹੈ।
ਪਰ ਹਾਲ ਹੀ ਵਿੱਚ ਲੈਂਸੇਟ ਮਨੋਵਿਗਿਆਨ ਦੇ ਤਾਜ਼ਾ ਪ੍ਰਕਾਸ਼ਿਤ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੀ ਲਾਗ ਦੇ ਦੋ ਸਾਲ ਤੋਂ ਬਾਅਦ ਵੀ ਕੁੱਝ ਲੋਕਾਂ ਨੂੰ ਬ੍ਰੇਨ ਫੋਗ, ਦਿਮਾਗੀ ਕਮਜ਼ੋਰੀ ਅਤੇ ਮਨੋਵਿਗਿਆਨ ਸਮੇਤ ਨਿਊਰੋਲੋਜੀਕਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਲਾ ਟ੍ਰੋਬ ਯੂਨੀਵਰਸਿਟੀ ਦੀ ਅਗਵਾਈ ਵਾਲੀ ਨੇਚਰ ਕਮਿਊਨੀਕੇਸ਼ਨ ਵਿੱਚ ਪ੍ਰਕਾਸ਼ਿਤ ਅਧਿਐਨ ਦਰਸਾਉਂਦਾ ਹੈ ਕਿ ਕੋਵਿਡ ਤੋਂ ਬਾਅਦ ਦੇ ਦੇਖੇ ਗਏ ਨਿਊਰੋਲੋਜੀਕਲ ਲੱਛਣ ਅਲਜ਼ਾਈਮਰ ਰੋਗ ਅਤੇ ਦਿਮਾਗੀ ਕਮਜ਼ੋਰੀ ਵਿੱਚ ਦੇਖੇ ਜਾਂਦੇ ਲੱਛਣਾਂ ਵਰਗੇ ਹਨ।
ਹਾਲਾਂਕਿ ਲੀਡ ਖੋਜਕਰਤਾ ਡਾਕਟਰ ਨਿਕ ਰੇਨੋਲਡਜ਼ ਐਸ.ਬੀ.ਐਸ ਨੂੰ ਦੱਸਦੇ ਹਨ ਕਿ ਅਲਜ਼ਾਈਮਰ ਅਤੇ ਡਿਮੈਂਸ਼ੀਆ ਦੇ ਇਲਾਜ ਲਈ ਵਿਕਸਤ ਕੀਤੀਆਂ ਗਈਆਂ ਦਵਾਈਆਂ ਭਵਿੱਖ ਵਿੱਚ ਕੋਵਿਡ ਦੀ ਲਾਗ ਤੋਂ ਬਾਅਦ ਦੇ ਨਿਊਰੋਲੋਜੀਕਲ ਲੱਛਣਾਂ ਦੇ ਇਲਾਜ ਲਈ ਵਰਤੀਆਂ ਜਾ ਸਕਦੀਆਂ ਹਨ।
ਐਸ.ਬੀ.ਐਸ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਭਾਈਚਾਰਿਆਂ ਨੂੰ ਕੋਵਿਡ-19 ਅੱਪਡੇਟ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਨਿਯਮਿਤ ਤੌਰ 'ਤੇ ਐਸ.ਬੀ.ਐਸ ਕੋਰੋਨਾਵਾਇਰਸ ਪੋਰਟਲ 'ਤੇ ਆਪਣੀ ਭਾਸ਼ਾ 'ਚ ਜਾਣਕਾਰੀ ਲਈ ਜਾ ਸਕਦੀ ਹੈ।
