ਹਰੇਕ ਸਾਲ ਦੁਨੀਆ ਭਰ ਦੇ ਦੇਸ਼ਾਂ ਤੋਂ ਲੱਖਾਂ ਲੋਕ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਪਰਵਾਸ ਕਰਦੇ ਹਨ। ਇਹ ਦੋਵੇ ਮੁਲਕ ਵਿਸ਼ਵ ਭਰ ਦੇ ਸਭ ਤੋਂ ਬੇਹਤਰੀਨ ਦੇਸ਼ਾਂ ਵਿੱਚ ਗਿਣੇ ਜਾਂਦੇ ਹਨ ਅਤੇ ਦੋਵਾਂ ਮੁਲਕਾਂ ਦਾ ਆਪਣਾ- ਆਪਣਾ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜਿਸਦੇ ਹੇਠ ਮਿੱਥੀ ਹੱਦ ਮੁਤਾਬਿਕ ਬਿਨੈਕਾਰਾਂ ਨੂੰ ਹਰੇਕ ਸਾਲ ਅਰਜੀ ਅਤੇ ਪੱਕੇ ਵੀਜ਼ੇ ਜਾਰੀ ਕੀਤੇ ਜਾਂਦੇ ਹਨ।
ਸਕਿਲਡ ਇਮੀਗ੍ਰੇਸ਼ਨ ਦੇ ਲਈ ਦੋਵੇ ਮੁਲਕਾਂ ਦੀ ਇਕ ਸਾਂਝੀ ਲਿਸਟ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਸਟੈਂਡਰਡ ਕਲਾਸੀਫਿਕੇਸ਼ਨ ਓਫ ਅਕੁਪੇਸ਼ਨਜ਼ ਵਿੱਚ ਸਾਰੇ ਕਿੱਤੇ ਅਤੇ ਉਹਨਾਂ ਦੀ ਪਰਿਭਾਸ਼ਾ ਦਰਜ ਹੈ।
ਇਸ ਲਿਸਟ ਵਿੱਚ ਇੱਕ ਕਿੱਤਾ ਸੈਕਸ ਵਰਕਰ/ ਐਸਕਾਰਟ ਦਾ ਵੀ ਹੈ ਜੋ ਕਿ ਕਈਆਂ ਦੀ ਹੈਰਾਨੀ ਦਾ ਕਾਰਨ ਬਣ ਰਿਹਾ ਹੈ। ANZCO ਕੋਡ 451813 ਹੇਠ ਦਰਜ ਇਸ ਕਿੱਤੇ ਨੂੰ 'ਸੈਕਸ ਸੇਵਾਵਾਂ ਪ੍ਰਦਾਨ ਕਰਨਾ ਅਤੇ ਸਮਾਜਿਕ ਸੰਗ ਪ੍ਰਦਾਨ ਕਰਨਾ' ਪ੍ਰਭਾਸ਼ਿਤ ਕੀਤਾ ਗਿਆ ਹੈ।
ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਲਈ ਇਸ ਕਿੱਤੇ ਨੂੰ ਕਿਸੇ ਵੀ ਅਕੁਪੇਸ਼ਨ ਲਿਸਟ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਹੈ। ਪਰੰਤੂ ਨਿਊਜ਼ੀਲੈਂਡ ਹੈਰਲਡ ਦੀ ਖਬਰ ਮੁਤਾਬਿਕ, ਨਿਊਜ਼ੀਲੈਂਡ ਵਿੱਚ ਸੈਕਸ ਵਰਕਰ/ਐਸਕਾਰਟ ਇਸ ਕਿੱਤੇ ਦੇ ਇਮੀਗ੍ਰੇਸ਼ਨ ਲਈ ਪੁਆਇੰਟ ਹਾਸਿਲ ਕਰ ਸਕਦੇ ਹਨ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੈਬਸਾਈਟ ਮੁਤਾਬਿਕ, ਸੈਕਸ ਵਰਕਰ ਜਾਂ ਐਸਕਾਰਟ ਦੇ ਕਿੱਤੇ ਵਾਲੇ ਬਿਨੇਕਾਰ ਸ੍ਕਿਲ ਲੈਵਲ 5 ਵਿਚ ਜੇਕਰ $36.44 ਪ੍ਰਤੀ ਘੰਟਾ ਅਤੇ $75,795 ਸਾਲਾਨਾ ਕਮਾਉਂਦੇ ਹੋਣ ਤਾਂ ਉਹ ਇਮੀਗ੍ਰੇਸ਼ਨ ਲਈ ਪੁਆਇੰਟ ਕਲੇਮ ਕਰ ਸਕਦੇ ਹਨ।

Source: ANZCO Search
ਵੈਬਸਾਈਟ ਤੇ ਦਿੱਤੀ ਜਾਣਕਾਰੀ ਮੁਤਾਬਿਕ, ਬਿਨੈਕਾਰਾਂ ਕੋਲ ਇਸ ਪੇਸ਼ੇ ਦੇ ਲਈ ਵੈਧ ਯੋਗਤਾ ਤੋਂ ਅਲਾਵਾ ਤਿੰਨ ਸਾਲ ਦਾ ਕੰਮ ਚ ਤਜਰਬਾ ਹੋਣਾ ਵੀ ਜ਼ਰੂਰੀ ਹੈ।
ਇਸ ਪੇਸ਼ੇ ਦੇ ਸ੍ਕਿਲ ਲਿਸਟ ਤੇ ਹੋਣ ਦੇ ਬਾਵਜੂਦ, ਮਾਈਗ੍ਰੇਸ਼ਨ ਜਾਣਕਾਰ ਕਹਿੰਦੇ ਹਨ ਕਿ ਸੈਕਸ ਵਰਕਰ /ਐਸਕਾਰਟ ਵੱਲੋਂ ਇਮੀਗ੍ਰੇਸ਼ਨ ਲਈ ਕੀਤੀ ਅਰਜੀ ਦੇ ਸਫਲ ਹੋਣ ਦੀ ਸੰਭਾਵਨਾ ਨਹੀਂ ਹੈ।
ਆਮ ਤੌਰ ਤੇ ਇਮੀਗ੍ਰੇਸ਼ਨ ਲਈ ਅਰਜੀ ਦਾਖਿਲ ਕਰਨ ਸਮੇਂ ਬਿਨੈਕਾਰਾਂ ਨੂੰ ਆਪਣੇ ਰੋਜ਼ਗਾਰ ਦੇ ਸਬੂਤ ਦੇ ਤੌਰ ਤੇ ਆਪਣੇ ਰੋਜ਼ਗਾਰਦਾਤਾ ਵੱਲੋਂ ਜਾਰੀ ਕੀਤੇ ਜਾਂਦੇ ਦਾਜ਼ਤਾਵੇਜ਼ ਅਤੇ ਸਰਕਾਰ ਨੂੰ ਦਿੱਤੇ ਇਨਕਮ ਟੈਕਸ ਆਦਿ ਸਬੂਤ ਦੇ ਤੌਰ ਤੇ ਨਾਲ ਸ਼ਾਮਿਲ ਕਰਨੇ ਪੈਂਦੇ ਹਨ। ਕਈ ਮੁਲਕਾਂ ਵਿੱਚ ਸੈਕਸ ਵਰਕਰ ਦਾ ਪੇਸ਼ ਗੈਰ ਕਾਨੂੰਨੀ ਹੋਣ ਕਰਕੇ ਵੀ ਓਹਨਾ ਮੁਲਕਾਂ ਤੋਂ ਬਿਨੈਕਾਰਾਂ ਦੀ ਵੀਜ਼ਾ ਅਰਜ਼ੀਆਂ ਅਸਫਲ ਹੋ ਸਕਦੀਆਂ ਹਨ।