ਖਜਾਨਚੀ ਸਕਾਟ ਮੋਰੀਸਨ ਨੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬਟ ਵੱਲੋਂ ਆਸਟ੍ਰੇਲੀਆ ਦੇ ਸਲਾਨਾ ਇਮੀਗ੍ਰੇਸ਼ਨ ਕੋਟੇ ਵਿੱਚ 80,000 ਦੀ ਕਮੀ ਕਰਨ ਦੀ ਮੰਗ ਤੇ ਸਖਤੀ ਨਾਲ ਜਵਾਬ ਦਿੰਦਿਆਂ ਕਿਹਾ ਹੈ ਕਿ ਪ੍ਰਵਾਸੀ ਆਸਟ੍ਰੇਲੀਆ ਵਿੱਚ ਆਰਥਿਕ ਯੋਗਦਾਨ ਪਾਉਂਦੇ ਹਨ।
ਸਿਡਨੀ ਵਿੱਚ ਇੱਕ ਭਾਸ਼ਣ ਦੌਰਾਨ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਟਰਨਬੁੱਲ ਸਰਕਾਰ ਨੂੰ ਹਰ ਸਾਲ ਜਾਰੀ ਕੀਤੇ ਜਾਣ ਵਾਲੇ ਪੱਕੇ ਵੀਜ਼ਿਆਂ ਦੀ ਗਿਣਤੀ ਮੌਜੂਦਾ 190,000 ਤੋਂ ਘਟਾ ਕੇ 110,000 ਕਰਨੀ ਚਾਹੀਦੀ ਹੈ।
"ਜਦੋਂ ਤੱਕ ਕਿ ਮੂਲ ਭੂਤ ਢਾਂਚਾ, ਹਾਊਸਿੰਗ ਅਤੇ ਏਕੀਕਰਨ ਉੱਪਰ ਨਹੀਂ ਆਉਂਦੇ, ਸਾਨੂੰ ਗਿਣਤੀ [ਪ੍ਰਵਾਸੀਆਂ ਦੀ] ਘਟਾਉਣੀ ਪਵੇਗੀ," ਸ਼੍ਰੀ ਐਬਟ ਨੇ ਕਿਹਾ।
ਪ੍ਰੰਤੂ ਖਜਾਨਚੀ ਮੋਰੀਸਨ ਨੇ ਸਖਤੀ ਨਾਲ ਪੱਕੇ ਵੀਜ਼ਿਆਂ ਤੇ ਪ੍ਰਵਾਸੀਆਂ ਦੇ ਆਸਟ੍ਰੇਲੀਆ ਵੱਲ ਆਰਥਿਕ ਯੋਗਦਾਨ ਦੇ ਹੱਕ ਵਿੱਚ ਨਿੱਤਰਦੀਆਂ ਕਿਹਾ ਕਿ ਉਹ ਟੈਕਸ ਅਦਾ ਕਰਦੇ ਹਨ।
"ਉਹਨਾਂ ਦਾ ਦੇਸ਼ ਦੀ ਅਰਥਵਿਵਸਥਾ ਨੂੰ ਅਸਲ ਵਿੱਚ ਫਾਇਦਾ ਹੈ," ਓਹਨਾ ਕਿਹਾ।
ਸ਼੍ਰੀ ਮੋਰੀਸਨ ਨੇ ਕਿਹਾ ਕਿ ਓਹਨਾ ਨੂੰ ਇੱਮੀਗਰੇਸ਼ਨ ਬਾਰੇ ਚਰਚਾ ਕਰਨ ਵਿੱਚ ਕੋਈ ਤਕਲੀਫ ਨਹੀਂ ਪਰ ਅਸਲ ਵਿੱਚ ਉਹ ਸ਼੍ਰੀ ਐਬਟ ਦੇ ਪ੍ਰਸਤਾਵ ਨੂੰ ਨਾਕਰਦੇ ਨਜ਼ਰ ਆਏ।

File image of then Australian Federal Social Services Minister Scott Morrison (left) and then Australian Prime Minister Tony Abbott, right. Source: AAP
"ਮੈਂ ਟੋਨੀ ਐਬਟ ਦਾ ਇਮੀਗ੍ਰੇਸ਼ਨ ਮੰਤਰੀ ਸੀ ਅਤੇ ਇਮੀਗ੍ਰੇਸ਼ਨ ਕੋਟਾ ਅੱਜ ਵੀ ਓਹੀ ਹੈ ਜੋ ਇਹ ਉਸ ਸਮੇ ਸੀ,"ਓਹਨਾ ਕਿਹਾ।
"ਉਸ ਸਮੇਂ ਇਸਨੂੰ ਘਟਾਉਣ ਲਈ ਕਦੇ ਕੋਈ ਚਰਚਾ ਹੋਈ ਹੋਵੇ, ਮੇਰੇ ਚੇਤੇ ਨਹੀਂ ਆਉਂਦੀ।"
ਸਲਾਨਾ ਇਮੀਗ੍ਰੇਸ਼ਨ ਰਿਪੋਰਟਾਂ ਮੁਤਾਬਿਕ, ਆਸਟ੍ਰੇਲੀਆ ਵਿਚ 2011 ਤੋਂ ਹਰ ਸਾਲ 190,000 ਪ੍ਰਵਾਸੀਆਂ ਨੂੰ ਲਿਆ ਜਾਂਦਾ ਹੈ। ਸਾਲ 2016-17 ਵਿਚ ਇਸ ਵਿੱਚ ਕੁਝ ਗਿਰਾਵਟ ਸੀ ਜਦੋਂ 183,000 ਲੋਕਾਂ ਨੂੰ ਪੱਕੇ ਵੀਜ਼ੇ ਦਿੱਤੇ ਗਏ ਜਦੋਂ ਕਿ ਕੋਟਾ 190,000 ਦਾ ਹੀ ਸੀ।
ਟੋਨੀ ਐਬਟ 2013 ਤੋਂ 2015 ਤੱਕ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਨ।
ਸ਼੍ਰੀ ਐਬਟ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਦਾ ਮੁੱਦਾ ਤਨਖਾਹਾਂ ਵਿੱਚ ਰੁਕੇ ਹੋਏ ਵਾਧੇ, ਘਰਾਂ ਦੀ ਵਧਦੀ ਕੀਮਤ, ਮੂਲ ਢਾਂਚੇ ਦੀ ਕਮੀ ਅਤੇ ਨਸਲੀ ਅਪਰਾਧਿਕ ਗੁਟਾਂ ਕਰਕੇ ਚੁੱਕ ਰਹੇ ਹਨ।
ਸ਼੍ਰੀ ਮੋਰੀਸਨ ਨੇ ਕਿਹਾ ਕਿ ਇਹ ਸਾਰੇ ਮੁੱਦੇ ਇਮੀਗ੍ਰੇਸ਼ਨ ਤੋਂ ਵੱਖਰੇ ਹਨ।
ਓਹਨਾ ਕਿਹਾ ਕਿ ਸ਼੍ਰੀ ਐਬਟ ਵੱਲੋਂ ਸੁਝਾਏ ਕਦਮ ਤੇ ਅਮਲ ਕਰਨ ਤੇ ਸਰਕਾਰ ਨੂੰ ਸਲਾਨਾ ਚਾਰ ਤੋਂ ਪੰਜ ਬਿਲੀਅਨ ਡੋਲਰ ਦਾ ਟੈਕਸ ਦਾ ਘਾਟਾ ਹੋਵੇ ਗਾ।
ਓਹਨਾ ਹਾਲ ਵਿੱਚ ਹੋਏ ਅਬਾਦੀ ਦੇ ਵਾਧੇ ਦੇ ਪਿਛੇ ਵੱਧ ਗਿਣਤੀ ਵਿਚ ਆ ਰਹੇ ਅੰਤਰਰਾਸ਼ਟਰੀ ਵਿਦਿਆਰਥੀ, ਬੈਕ ਪੈਕਰ ਅਤੇ ਅਰਜ਼ੀ ਵੀਜ਼ਿਆਂ ਤੇ ਆਉਂਦੇ ਲੋਕਾਂ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਪੱਕੇ ਪ੍ਰਵਾਸੀਆਂ ਦੀ ਗਿਣਤੀ 2011 ਤੋਂ ਸਥਿਰ ਹੈ।