ਇੱਕ 25 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਮਗਰੋਂ ਵਿਕਟੋਰੀਆ ਪੁਲਿਸ ਨੇ ਇੱਕ ਔਰਤ ਨੂੰ ਗਿਰਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੌਲੀਨ ਰਾਠੌੜ ਸੋਮਵਾਰ ਦੀ ਸ਼ਾਮ ਨੂੰ ਇੱਕ 19 ਸਾਲਾ ਔਰਤ ਨਾਲ ਔਨਲਾਈਨ ਜਾਣਕਾਰ ਹੋਣ ਮਗਰੋਂ ਉਸਨੂੰ ਮਿਲਣ ਮੈਲਬੌਰਨ ਦੇ ਉੱਤਰ- ਪੱਛਮੀ ਇਲਾਕੇ ਸਨਬੁਰੀ ਦੇ ਰੇਡ ਕ੍ਰਾਸ ਦੇ ਇੱਕ ਘਰ ਵਿੱਚ ਗਿਆ ਸੀ।
ਤਕਰੀਬਨ ਰਾਤ ਦੇ 9 ਵਜੇ ਐਮਰਜੰਸੀ ਸੇਵਾਵਾਂ ਨੂੰ ਉਸ ਘਰ ਤੇ ਸੱਦਿਆ ਗਿਆ ਜਿਥੇ ਮੌਲੀਨ ਰਾਠੌੜ ਗੰਭੀਰ ਹਾਲਤ ਵਿੱਚ ਜ਼ਖਮੀ ਮਿਲਿਆ। ਉਸਨੂੰ ਹਸਪਤਾਲ ਲਿਜਾਇਆ ਗਿਆ ਸੀ ਪਰੰਤੂ ਉਸ ਰਾਤ ਉਸਦੀ ਮੌਤ ਹੋ ਗਈ।
ਪੁਲਿਸ ਨੇ ਅਗਲੇ ਦਿਨ ਉਸ ਔਰਤ ਨੂੰ ਗਿਰਫ਼ਤਾਰ ਕਰ ਲਿਆ ਜਿਸਨੂੰ ਮੌਲੀਨ ਮਿਲਣ ਗਿਆ ਸੀ ਅਤੇ ਬਾਅਦ ਵਿੱਚ ਉਸਤੇ ਇਰਾਦਤਨ ਗੰਭੀਰ ਜ਼ਖਮੀ ਕਰਨ ਦੇ ਦੋਸ਼ ਦਰਜ ਕੀਤੇ ਗਏ।
ਮੌਲੀਨ ਦੇ ਇੱਕ ਦੋਸਤ ਲਵਪ੍ਰੀਤ ਸਿੰਘ ਨੇ ਦਾ ਏਜ ਅਖਬਾਰ ਨੂੰ ਦੱਸਿਆ ਕਿ ਮੌਲੀਨ ਚਾਰ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਆਸਟ੍ਰੇਲੀਆ ਆਇਆ ਸੀ।
"ਉਸਦੇ ਮਾਪੇ ਸਦਮੇ ਵਿੱਚ ਹਨ," ਉਸਨੇ ਦੱਸਿਆ ਕਿ ਉਹ ਆਪਣੇ ਮਾਪਿਆਂ ਦੀ ਇੱਕਲੀ ਔਲਾਦ ਸੀ।
"ਉਹ ਬੜਾ ਚੰਗਾ ਇਨਸਾਨ ਸੀ, ਉਸਦਾ ਸੁਭਾਅ ਬੜਾ ਹੱਸਮੁੱਖ ਸੀ ਅਤੇ ਉਹ ਕ੍ਰਿਕੇਟ ਪ੍ਰੇਮੀ ਸੀ। ਮੈਂ ਉਸ ਨਾਲ ਸਮਾਂ ਬਿਤਾਉਣਾ ਬੜਾ ਪਸੰਦ ਕਰਦਾ ਸੀ। ਉਹ ਬੜੀ ਨਿਮਰਤਾ ਨਾਲ ਪੇਸ਼ ਆਉਂਦਾ ਤੇ ਆਪਣੀ ਪੜ੍ਹਾਈ ਵਿੱਚ ਬੜੀ ਮਿਹਨਤ ਕਰਦਾ ਸੀ।"
ਮੌਲੀਨ ਸਟੂਡੈਂਟ ਵੀਸਾ ਤੇ ਸੀ ਅਤੇ ਉਸਦੇ ਫੇਸਬੂਕ ਤੇ ਦਿੱਤੀ ਜਾਣਕਾਰੀ ਮੁਤਾਬਿਕ ਉਸਨੇ ਚਾਰਲਸ ਸਟਰਟ ਯੂਨੀਵਰਸਿਟੀ ਤੋਂ ਪਿਛਲੇ ਸਾਲ ਅਕਾਊਂਟਿੰਗ ਦੀ ਪੜ੍ਹਾਈ ਖਤਮ ਕੀਤੀ ਸੀ।
ਗਿਰਫ਼ਤਾਰ ਕੀਤੀ 19 ਸਾਲ ਦੀ ਔਰਤ ਨੂੰ ਮੈਲਬੌਰਨ ਮੈਜਿਸਟਰੇਟ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿਸ ਮਗਰੋਂ ਉਸਨੂੰ ਸੋਮਵਾਰ ਤੱਕ ਕਸਟਡੀ ਵਿੱਚ ਭੇਜਿਆ ਗਿਆ ਹੈ।
ਪੁਲਿਸ ਨੇ ਕਿਹਾ ਕਿ ਉਸ ਖਿਲਾਫ ਦਰਜ ਦੋਸ਼ਾਂ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ।
ਚੈਨਲ 7 ਮੁਤਾਬਿਕ ਦੋਸ਼ੀ ਔਰਤ ਰਿਹਾਇਸ਼ੀ ਕੇਅਰ ਵਿੱਚ ਰਹਿੰਦੀ ਸੀ ਅਤੇ ਗੁਆਂਢੀਆਂ ਵੱਲੋ ਅਕਸਰ ਪੁਲਿਸ ਦੀ ਫੇਰੀਆਂ ਅਤੇ ਰੌਲੇ ਰੱਪੇ ਦੀ ਸ਼ਿਕਾਇਤਾਂ ਕੀਤੀਆਂ ਜਾਂਦੀਆਂ ਰਹੀਆਂ ਹਨ।