ਦੇਸ਼ ਭਰ ਵਿੱਚ, 26 ਜਨਵਰੀ ਇੱਕ ਜਨਤਕ ਛੁੱਟੀ ਹੈ ਜਿਸ ਵਿੱਚ ਬਹੁਤ ਸਾਰੇ ਭਾਈਚਾਰੇ ਬਾਰਬੀਕਿਉ, ਮੇਲੇ-ਗੇਲੇ ਅਤੇ ਗਰਮੀਆਂ ਦੀਆਂ ਛੁੱਟੀਆਂ ਦੇ ਅੰਤ ਦਾ ਆਨੰਦ ਮਾਣਦੇ ਹਨ। ਇਹ ਉਹ ਦਿਨ ਹੈ ਜਦੋਂ ਸੈਂਕੜੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਰਾਸ਼ਟਰੀ ਸਨਮਾਨਾਂ ਅਤੇ ਉਹਨਾਂ ਦੀ ਭਾਈਚਾਰਕ ਸੇਵਾ ਲਈ ਮਾਨਤਾ ਦਿੱਤੀ ਜਾਂਦੀ ਹੈ।
ਪਰ ਬਹੁਤ ਸਾਰੇ 'ਫਸਟ ਨੇਸ਼ਨਜ਼' (ਮੂਲਵਾਸੀ) ਲੋਕਾਂ ਲਈ, ਇਹ ਦਿਨ ਸੋਗ ਅਤੇ ਪ੍ਰਤੀਬਿੰਬ ਦਾ ਦਿਨ ਹੁੰਦਾ ਹੈ, ਕਿਉਂਕਿ ਇਹ ਬ੍ਰਿਟਿਸ਼ ਰਾਜ ਦੁਆਰਾ ਇੱਕ ਬਸਤੀਵਾਦੀ ਹਮਲੇ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ ਜਿਸਦੇ ਨਤੀਜੇ ਵਜੋਂ 'ਫਸਟ ਨੇਸ਼ਨਜ਼' ਲੋਕਾਂ ਦੀਆਂ ਕਈ ਪੀੜ੍ਹੀਆਂ ਦੇ ਵਿਰੁੱਧ ਜੰਗ, ਨਸਲਕੁਸ਼ੀ, ਨਸਲਵਾਦ ਅਤੇ ਹੋਰ ਅੱਤਿਆਚਾਰ ਹੋਏ ਹਨ।
ਤੇ ਉੱਧਰ ਹਜ਼ਾਰਾਂ ਨਵੇਂ ਅਤੇ ਮੌਜੂਦਾ ਪ੍ਰਵਾਸੀ ਭਾਈਚਾਰੇ ਦੇ ਲੋਕ ਆਸਟ੍ਰੇਲੀਆ ਵਿੱਚ ਨਾਗਰਿਕਤਾ ਪ੍ਰਾਪਤ ਕਰਨ ਦਾ ਜਸ਼ਨ ਵੀ ਮਨਾਉਣਗੇ।
ਇਸ ਲਈ, ਟਕਰਾਅ ਵਿੱਚ ਫਸੇ ਇਸ ਦਿਨ ਦਾ ਮੁੱਦਾ ਇਹ ਹੈ ਕਿ ਜਿਹੜਾ ਦਿਨ 'ਫਸਟ ਫਲੀਟ' ਦੀ ਆਮਦ ਨੂੰ ਦਰਸਾਉਂਦਾ ਹੈ, ਓਹੀ ਤਾਰੀਖ ਨੂੰ ਬਹੁ-ਸੱਭਿਆਚਾਰਕ ਪਿਛੋਕੜ ਵਾਲੇ ਲੋਕ ਆਸਟ੍ਰੇਲੀਅਨ ਝੰਡੇ ਹੇਠ ਏਕਤਾ ਮਨਾਉਂਦੇ ਹਨ। ਕਿ ਇਹ ਸਹੀ ਹੈ? ਇਹ ਇੱਕ ਅਜਿਹਾ ਸਵਾਲ ਹੈ ਜਿਸ ਨਾਲ ਬਹੁ-ਸੱਭਿਆਚਾਰਕ ਭਾਈਚਾਰੇ ਕਾਫੀ ਚਿਰ 'ਤੋਂ ਜੂਝ ਰਹੇ ਹਨ।
'ਸਾਨੂੰ ਆਪਸੀ ਸਾਂਝ ਦੀ ਭਾਵਨਾ ਪੈਦਾ ਕਰਨੀ ਚਾਹੀਦੀ ਹੈ'
2021 ਦੀ ਮਰਦਮਸ਼ੁਮਾਰੀ ਦੇ ਅਨੁਸਾਰ, 70 ਲੱਖ ਤੋਂ ਵੱਧ ਲੋਕ ਜਾਂ ਕਹਿ ਲਓ ਕਿ ਆਸਟ੍ਰੇਲੀਆ ਦੀ ਆਬਾਦੀ ਦੇ 29.3 ਪ੍ਰਤੀਸ਼ਤ ਲੋਕ ਵਿਦੇਸ਼ਾਂ ਵਿੱਚ ਪੈਦਾ ਹੋਏ ਹਨ।
ਸਿਡਨੀ ਦੇ ਇਥੋਪੀਆਈ ਭਾਈਚਾਰੇ ਦੀ ਅਸੇਫਾ ਬੇਕੇਲੇ ਨੇ ਆਦਿਵਾਸੀ ਭਾਈਚਾਰੇ ਨਾਲ ਕੰਮ ਕੀਤਾ ਹੈ ਅਤੇ ਫਸਟ ਨੇਸ਼ਨਜ਼ ਲੋਕਾਂ ਦੇ ਇਤਿਹਾਸ ਵਿੱਚ ਉਹ ਡੂੰਘੀ ਦਿਲਚਸਪੀ ਰੱਖਦੇ ਹਨ।
ਉਹ ਕਹਿੰਦੇ ਹਨ ਕਿ ਕਿਸੇ ਸਮਾਜ ਜਾਂ ਕੌਮ ਨਾਲ ਸਬੰਧਤ ਹੋਣ ਦੀ ਭਾਵਨਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ।
ਸ਼੍ਰੀ ਬੇਕੇਲੇ ਅਨੁਸਾਰ,“ਹਰੇਕ ਵਿਅਕਤੀ, ਹਰੇਕ ਨਾਗਰਿਕ ਅਤੇ ਖਾਸ ਤੌਰ 'ਤੇ ਸਵਦੇਸ਼ੀ ਆਸਟ੍ਰੇਲੀਅਨ ਜੋ ਇੱਥੇ 60,000 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ ਅਤੇ ਵਿਦੇਸ਼ਾਂ 'ਤੋਂ ਪਰਵਾਸ ਕੀਤੇ ਲੋਕਾਂ ਵਿੱਚ ਇਸ ਮੁਲਕ ਲਈ ਆਪਣੇਪਨ ਦੀ ਭਾਵਨਾ ਹੋਣੀ ਚਾਹੀਦੀ ਹੈ।
"ਇਤਿਹਾਸ, ਸੱਭਿਆਚਾਰ ਅਤੇ ਹਰ ਚੀਜ਼ ਨੂੰ ਸਾਂਝਾ ਕਰਨਾ ਅਤੇ ਏਕਤਾ ਦੀ ਭਾਵਨਾ ਨੂੰ ਵਿਕਸਿਤ ਕਰਨਾ ਸਾਰਿਆਂ ਲਈ ਬਿਹਤਰ ਹੈ
“ਮੈਨੂੰ ਤਰੀਕ ਬਦਲਣ ਵਿੱਚ ਕੋਈ ਸਮੱਸਿਆ ਨਹੀਂ ਹੈ। ਆਸਟ੍ਰੇਲੀਆ ਤਰੱਕੀ ਕਰ ਰਿਹਾ ਹੈ ਅਤੇ ਸਮਾਂ ਬਦਲ ਰਿਹਾ ਹੈ ਅਤੇ ਲੋਕਾਂ ਨੂੰ ਇਸਦੇ ਨਾਲ ਬਦਲਣ ਦੀ ਲੋੜ ਹੈ," ਉਨ੍ਹਾਂ ਕਿਹਾ।
ਆਸਟ੍ਰੇਲੀਆ ਇੱਕ ਬਹੁ-ਸੱਭਿਆਚਾਰਕ ਦੇਸ਼ ਹੈ ਅਤੇ ਆਸਟ੍ਰੇਲੀਅਨ ਸੱਭਿਆਚਾਰ ਦੇ ਹਰ ਇੱਕ ਹਿੱਸੇ ਦਾ ਸਤਿਕਾਰ ਕਰਨ ਦੀ ਲੋੜ ਹੈ।ਆਸਿਫਾ ਬੇਕੇਲੇ
ਉਨ੍ਹਾਂ ਅੱਗੇ ਕਿਹਾ ਕਿ "ਮੁੱਕਦੀ ਗੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਸ਼ਾਂਤੀ, ਸਦਭਾਵਨਾ ਅਤੇ ਏਕਤਾ ਦੀ ਲੋੜ ਹੈ।"
'ਜਸ਼ਨਾਂ ਲਈ ਗਲਤ ਦਿਨ'
ਬੁਚੁੱਲਾ ਅਤੇ ਗੱਬੀ ਗੱਬੀ ਆਦਮੀ, ਗੈਵਿਨ ਸੋਮਰਸ, ਇੱਕ ਗਾਇਕ-ਗੀਤਕਾਰ ਹੈ। ਉਹ ਆਸਟ੍ਰੇਲੀਆ ਨੂੰ ਮਨਾਉਣ ਅਤੇ ਆਸਟ੍ਰੇਲੀਆਈ ਹੋਣ ਲਈ ਇੱਕ ਦਿਨ ਹੋਣ ਦੀ ਮਹੱਤਤਾ ਨੂੰ ਸਵੀਕਾਰ ਕਰਦਾ ਹੈ ਹਾਲਾਂਕਿ ਉਹ ਕਹਿੰਦਾ ਹੈ ਕਿ ਮੌਜੂਦਾ ਤਾਰੀਖ ਇੱਕ ਜਸ਼ਨ ਲਈ ਗਲਤ ਦਿਨ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇੱਕ ਐਸੀ ਤਾਰੀਖ ਦੀ ਜ਼ਰੂਰਤ ਹੈ ਜੋ ਅਸੀਂ ਆਪਣੇ ਬਹੁ-ਸੱਭਿਆਚਾਰਕ ਸਹਿਯੋਗੀਆਂ ਅਤੇ ਮੂਲਵਾਸੀ ਸਮੂਹਾਂ ਦੇ ਨਾਲ, ਮਾਣ ਨਾਲ ਮਨਾ ਸਕੀਏ।
"ਇਹ ਮਹੱਤਵਪੂਰਨ ਹੋਵੇਗਾ ਕਿ ਇਸ ਦਿਨ ਨੂੰ ਅਸੀਂ ਇੱਕ ਤਾਰੀਖ 'ਤੇ ਇਕੱਠੇ ਹੋਕੇ ਮਨਾਈਏ ਜਿਸ ਨਾਲ ਅਸੀਂ ਸਾਰੇ ਸਹਿਮਤ ਹੋਈਏ," ਉਨ੍ਹਾਂ ਕਿਹਾ।
ਆਸਟ੍ਰੇਲੀਆ ਦਿਵਸ ਕੁੱਝ ਇਸ ਤਰ੍ਹਾਂ ਦੇ ਔਖੇ ਸਵਾਲ ਪੈਦਾ ਕਰਦਾ ਹੈ
'ਨਗਰਿੰਦਜਰੀ ਅਤੇ ਕੌਰਨਾ' ਆਦਮੀ ਅਤੇ 'ਕੇ ਡਬਲਿਊ ਵਾਈ' (KWY) ਦੇ ਸੀਈਓ, ਕ੍ਰੇਗ ਰਿਗਨੀ ਇੱਕ ਗੈਰ-ਲਾਭਕਾਰੀ, ਕਮਿਊਨਿਟੀ ਦੁਆਰਾ ਸੰਚਾਲਿਤ ਆਦਿਵਾਸੀ ਸੰਗਠਨ ਚਲਾਉਂਦੇ ਹਨ, ਉਨ੍ਹਾਂ ਅਨੁਸਾਰ ਆਸਟ੍ਰੇਲੀਆ ਦਿਵਸ ਅਸੁਵਿਧਾਜਨਕ ਸਵਾਲ ਉਠਾਉਂਦਾ ਹੈ।
ਅਸੀਂ ਇਕ ਦੂਜੇ ਨੂੰ ਕਿਵੇਂ ਦੇਖਦੇ ਹਾਂ? ਆਸਟ੍ਰੇਲੀਆ ਦਿਵਸ 'ਤੇ, ਸਾਨੂੰ ਆਪਣੇ ਆਪ ਤੋਂ ਇਹ ਪੁੱਛਣ ਲਈ ਕੁਝ ਸਮਾਂ ਕੱਢਣਾ ਚਾਹੀਦਾ ਹੈਕਰੇਗ ਰਿਗਨੀ
ਸ਼੍ਰੀ ਰਿਗਨੀ ਕਹਿੰਦੇ ਹਨ ਕਿ ਸਾਨੂ ਖੁੱਦ ਨੂੰ ਇਹ ਸਵਾਲ ਕਰਨਾ ਚਾਹੀਦਾ ਹੈ ਕਿ "ਕੀ ਅਸੀਂ ਆਪਣੇ ਆਪ ਨੂੰ ਇੱਕ ਸਾਂਝੇ ਭਵਿੱਖ ਦੇ ਨਾਲ ਇੱਕ ਤਸਵੀਰ ਵਿੱਚ ਦੇਖਦੇ ਹਾਂ?"
"ਮੈਂ ਮਹਿਸੂਸ ਕਰਦਾ ਹਾਂ ਕਿ ਇਹ ਸਾਡੀ ਕਿਸਮਤ, ਸਾਡੇ ਭਵਿੱਖ, ਅਸੀਂ ਆਪਣੇ ਆਪ ਨਾਲ ਕਿਵੇਂ ਪੇਸ਼ ਆਉਂਦੇ ਹਾਂ ਅਤੇ ਅਸੀਂ ਇੱਕ ਦੂਜੇ ਨਾਲ ਕਿਵੇਂ ਵਿਹਾਰ ਕਰਦੇ ਹਾਂ, ਇਹ ਸਵਾਲ ਇਸ ਨੂੰ ਨਿਰਧਾਰਤ ਕਰੇਗਾ। "

ਕੁਝ ਰਾਜਾਂ ਵਿੱਚ, ਸਥਾਨਕ ਕੌਂਸਲਾਂ 26 ਜਨਵਰੀ ਨੂੰ ਨਾਗਰਿਕਤਾ ਜਾਰੀ ਕਰਨ ਅਤੇ ਸਮਾਗਮਾਂ ਦੇ ਆਯੋਜਨ ਕਰਨ ਤੋਂ ਪਿੱਛੇ ਹਟ ਗਈਆਂ ਹਨ, ਜਿਸ ਵਿੱਚ ਮੈਲਬੌਰਨ ਦੇ ਉੱਤਰ ਵਿੱਚ ਮੈਰੀ-ਬੇਕ ਸਿਟੀ ਕੌਂਸਲ ਵੀ ਸ਼ਾਮਲ ਹੈ, ਜੋ ਕੁਲੀਨ ਰਾਸ਼ਟਰ ਦੇ ਵੁਰੁੰਡਜੇਰੀ ਵੋਈ-ਵੁਰੰਗ ਲੋਕਾਂ ਦੀਆਂ ਜ਼ਮੀਨਾਂ 'ਤੇ ਸਥਿਤ ਹੈ।
ਕੌਂਸਲ ਦੀ ਮੇਅਰ, ਐਂਜਲਿਕਾ ਪੈਨੋਪੋਲੋਸ, ਦਾ ਕਹਿਣਾ ਹੈ ਕਿ 26 ਜਨਵਰੀ ਦੀ ਮਿਤੀ 'ਫਸਟ ਨੇਸ਼ਨਜ਼' ਦੇ ਲੋਕਾਂ ਲਈ ਸਦੀਆਂ ਦੇ ਸੰਘਰਸ਼ ਦੀ ਸ਼ੁਰੂਆਤ ਨਾਲ ਨੇੜਿਓਂ ਜੁੜੀ ਹੋਈ ਹੈ।
ਐਂਜਲਿਕਾ ਨੇ ਦੱਸਿਆ ਕਿ "ਇਹ ਉਹ ਦਿਨ ਹੈ ਜਦੋਂ 1788 ਵਿੱਚ ਕਪਤਾਨ ਆਰਥੁਰ ਫਿਲਿਪ (ਅਤੇ ਫਸਟ ਫਲੀਟ) ਆਸਟ੍ਰੇਲੀਆ ਆਇਆ ਸੀ ਅਤੇ ਇਸ ਦੇਸ਼ ਤੇ ਕਬਜ਼ਾ ਅਤੇ ਨਸਲਕੁਸ਼ੀ ਸ਼ੁਰੂ ਹੋ ਗਈ ਸੀ।"
“ਹਕੀਕਤ ਇਹ ਹੈ ਕਿ ਸਾਡੇ ਕੋਲ ਅਜੇ ਵੀ ਅੰਤਰ-ਪੀੜ੍ਹੀ ਸਦਮੇ, ਪ੍ਰਣਾਲੀਗਤ ਨਸਲਵਾਦ ਅਤੇ ਅਪਰਾਧਿਕ ਨਿਆਂ ਪ੍ਰਣਾਲੀ ਦੇ ਨਾਲ ਵੱਡੇ ਮੁੱਦੇ ਹਨ ਜੋ ਇਸ (ਬਸਤੀਕਰਨ) ਦੀ ਵਿਰਾਸਤ ਹਨ।"
"ਅਤੇ ਇਸ ਲਈ ਇਹ ਬਹੁਤ ਮਹੱਤਵਪੂਰਨ ਹੈ ਕਿ ਜਦੋਂ ਸਾਨੂੰ ਫਸਟ ਨੇਸ਼ਨਜ਼ ਲੋਕਾਂ ਦੁਆਰਾ ਕਿਹਾ ਜਾਂਦਾ ਹੈ ਕਿ 26 ਜਨਵਰੀ ਮਨਾਉਣ ਦਾ ਦਿਨ ਨਹੀਂ ਹੈ ਤਾਂ ਅਸੀਂ ਉਨ੍ਹਾਂ ਦੀ ਗੱਲ ਸੁਣੀਏ," ਐਂਜਲਿਕਾ ਨੇ ਕਿਹਾ।

ਸ਼੍ਰੀ ਰਿਗਨੀ ਨੇ ਇਸ ਦ੍ਰਿਸ਼ਟੀਕੋਣ ਦੀ ਵਕਾਲਤ ਕਰਦੇ ਹੋਏ ਕਿਹਾ ਕਿ "ਸਾਡੇ ਕੋਲ ਇੱਕ ਭਾਈਚਾਰੇ ਅਤੇ ਇੱਕ ਰਾਸ਼ਟਰ ਵਜੋਂ ਸਿੱਖਣ, ਸਿਖਾਉਣ ਅਤੇ ਸੁਣਨ ਦਾ ਮੌਕਾ ਹੈ।"
"ਇਸ ਭਾਈਚਾਰੇ ਦੇ ਹਿੱਸੇ ਵਜੋਂ ਅਤੇ ਇਸ ਰਾਸ਼ਟਰ ਦੇ ਇੱਕ ਹਿੱਸੇ ਵਜੋਂ, ਮੇਰਾ ਮੰਨਣਾ ਹੈ ਕਿ ਇਸ ਨਾਲ ਅਸੀਂ ਇੱਕ ਦੂਜੇ ਨੂੰ ਅਤੇ ਇਸ ਦੇਸ਼ ਨੂੰ ਮਾਨਤਾ ਦੇਣਾ, ਪਿਆਰ ਕਰਨਾ ਸਿੱਖਾਂਗੇ, ਸ਼੍ਰੀ ਰਿਗਨੀ ਨੇ ਕਿਹਾ। "
ਹਾਲਾਂਕਿ, ਉਨ੍ਹਾਂ ਅਨੁਸਾਰ ਮੁੱਖ ਸਵਾਲ ਇਹ ਹੈ ਕਿ ਆਸਟ੍ਰੇਲੀਆਈ ਲੋਕਾਂ ਨੂੰ ਕਿਹੜੇ ਦਿਨ ਮਨਾਉਣੇ ਚਾਹੀਦੇ ਹਨ?
ਉਸਨੇ ਕਿਹਾ ਕਿ 26 ਜਨਵਰੀ ਨੂੰ ਹੋਣ ਵਾਲੇ ਆਸਟ੍ਰੇਲੀਆ ਦਿਵਸ ਮਨਾਉਣ ਦਾ ਰਿਵਾਜ਼ ਮੁਕਾਬਲਤਨ ਨਵਾਂ ਹੈ ਅਤੇ ਇਹ ਸਿਰਫ 1994 ਤੋਂ ਹੀ ਆਸਟ੍ਰੇਲੀਆ-ਵਿਆਪੀ ਮਨਾਇਆ ਜਾ ਰਿਹਾ ਹੈ।
