29 ਸਾਲ ਦੀ ਰਵਨੀਤ ਕੌਰ ਪਿਛਲੇ ਮਹੀਨੇ ਦੀ 27 ਤਾਰੀਕ ਨੂੰ ਭਾਰਤ ਪਹੁੰਚੀ ਸੀ। ਜਿਸ ਪਿੱਛੋਂ ਉਸਨੇ ਕੁਝ ਸਮਾਂ ਆਪਣੇ ਸਹੁਰੇ ਪਰਿਵਾਰ ਦੇ ਨਾਲ ਚੰਡੀਗੜ੍ਹ ਵਿੱਚ ਬਿਤਾਇਆ ਅਤੇ ਇਸ ਮਗਰੋਂ 3 ਮਾਰਚ ਨੂੰ ਉਹ ਫਿਰੋਜ਼ਪੁਰ ਜ਼ਿਲੇ ਦੇ ਪਿੰਡ ਬੱਗੇ ਕੇ ਪਿੱਪਲ ਵਿੱਚ ਆਪਣੇ ਮਾਪਿਆਂ ਦੇ ਘਰ ਆ ਗਈ।
ਰਵਨੀਤ ਦੇ ਨਾਲ ਉਸਦੀ ਚਾਰ ਸਾਲ ਦੀ ਬੱਚੀ ਵੀ ਸੀ।
ਕੁਈਨਸਲੈਂਡ ਦੇ ਗੋਲ੍ਡ ਕੋਸਟ ਦੀ ਰਹਿਣ ਵਾਲੀ ਰਵਨੀਤ, ਉਸਦੇ ਮਾਪਿਆਂ ਵੱਲੋਂ ਪੁਲਿਸ ਨੂੰ ਦੱਸੇ ਮੁਤਾਬਿਕ, ਬੀਤੇ ਵੀਰਵਾਰ 14 ਮਾਰਚ ਨੇ ਆਪਣੇ ਪਤੀ ਦੇ ਨਾਲ ਦਿਨ ਦੇ ਸਾਢੇ 11 ਵਜੇ ਫੋਨ ਤੇ ਗੱਲ ਕਰਦੀ ਘਰੋਂ ਬਾਹਰ ਨਿਕਲੀ ਅਤੇ ਮੁੜਕੇ ਵਾਪਿਸ ਨਹੀਂ ਆਈ।
ਪੁਲਿਸ ਨੇ ਸ਼ਿਕਾਇਤ ਮਿਲਣ ਤੇ ਰਵਨੀਤ ਦੇ ਅਗਵਾ ਹੋਣ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਹੈ।
ਜਾਂਚ ਅਧਿਕਾਰੀ ਮੋਹਿਤ ਧਵਨ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਫਿਲਹਾਲ ਕਿਸੇ ਕਿਸਮ ਦੇ ਅਜਿਹੇ ਸਬੂਤ ਨਹੀਂ ਮਿਲੇ ਹਨ ਜੋ ਕਿ ਜਬਰਦਸਤੀ ਅਗਵਾ ਕੀਤੇ ਜਾਣ ਵੱਲ ਇਸ਼ਾਰਾ ਕਰਦੇ ਹੋਣ। ਨਾ ਹੀ ਕੋਈ ਫਿਰੌਤੀ ਦੀ ਮੰਗ ਕੀਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਪੜਤਾਲ ਦੇ ਲਈ ਕਥਿਤ ਘਟਨਾ ਵਾਲੀ ਥਾਂ ਦੇ ਨੇੜਲੇ ਇਲਾਕਿਆਂ ਤੋਂ ਸੀ ਸੀ ਟੀ ਵੀ ਕੈਮਰੇ ਵੀ ਚੈੱਕ ਕਰ ਰਹੀ ਹੈ।
ਰਵਨੀਤ ਕੌਰ ਦੇ ਛੋਟੇ ਭਰਾ ਨੇ ਕਿਹਾ ਕਿ ਆਪਣੀ ਮਾਂ ਦੀ ਗੈਰਹਾਜ਼ਰੀ ਵਿੱਚ ਰਵਨੀਤ ਦੀ ਬੱਚੀ ਬੇਹੱਦ ਪ੍ਰੇਸ਼ਾਨ ਹੈ ਅਤੇ ਬਾਰ ਬਾਰ ਰੋਂਦੀ ਹੈ।
ਉਸਨੇ ਦੱਸਿਆ ਕਿ ਪਰਿਵਾਰ ਨੇ ਘਟਨਾ ਦੇ ਸਬੰਧ ਵਿੱਚ ਆਸਟ੍ਰੇਲੀਅਨ ਹਾਈ ਕਮਿਸ਼ਨ ਦੇ ਨਾਲ ਵੀ ਸੰਪਰਕ ਕੀਤਾ ਹੈ।