ਪਿਛਲੇ ਕੁਝ ਹਫ਼ਤਿਆਂ ਵਿੱਚ ਸ਼੍ਰੀ ਸਿੰਘ ਦੀ ਚੈਰਿਟੀ ‘ਟਰਬਨਜ਼ 4 ਆਸਟ੍ਰੇਲੀਆ’ ਨੇ ਆਪਣੇ ਭੋਜਨ ਪਾਰਸਲਾਂ ਲਈ "ਬੇਮਿਸਾਲ ਮੰਗ" ਦੇਖੀ ਹੈ।
"ਲੋਕ ਸਾਨੂੰ ਦੱਸ ਰਹੇ ਹਨ ਕਿ ਉਹ ਪਰਿਵਾਰਕ ਸਮਾਗਮਾਂ ਨੂੰ ਬੰਦ ਕਰ ਰਹੇ ਹਨ ਕਿਉਂਕਿ ਉਹ ਲੋਕਾਂ ਦੀ ਮੇਜ਼ਬਾਨੀ ਕਰਨ ਤੋਂ ਅਸਮਰੱਥ ਹਨ", ਉਸਨੇ ਐਸਬੀਐਸ ਨਿਊਜ਼ ਨੂੰ ਦੱਸਿਆ।
‘ਟਰਬਨਜ਼ 4 ਆਸਟ੍ਰੇਲੀਆ’ ਦੇ ਲਈ ਰਹਿਣ-ਸਹਿਣ ਦੀ ਲਾਗਤ ਦੇ ਸੰਕਟ ਦਾ ਇਹ ਮਤਲਬ ਹੈ ਕਿ ਲਾਕਡਾਊਨ ਦੌਰਾਨ ਭਾਰੀ ਮੰਗ ਤੋਂ ਬਾਅਦ ਹਾਲਾਤ ਹਾਲੇ ਵੀ ਨਹੀਂ ਬਦਲੇ।
ਕ੍ਰਿਸਮਸ ਨੇੜੇ ਆਉਂਦਿਆਂ ਹੀ ਸੰਗਠਨ ਨੇ ਹੁਣ ਹੋਰ ਉਪਰਾਲੇ ਸ਼ੁਰੂ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੁਸ਼ਕਿਲ ਵਿੱਤੀ ਹਾਲਾਤਾਂ ਦਾ ਸਾਹਮਣਾ ਕਰ ਰਹੇ ਲੋਕ ਤਿਉਹਾਰਾਂ ਦਾ ਸੀਜ਼ਨ ਮਨਾ ਸਕਣ।
ਕ੍ਰਿਸਮਸ ਲੰਚ ਅਤੇ ਤੋਹਫ਼ੇ
ਸ਼੍ਰੀ ਸਿੰਘ, ਆਪਣੀ ਜਵਾਨੀ ਦੇ ਦਿਨਾਂ ਦੌਰਾਨ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ ਅਤੇ ਉਸ ਨੇ 2015 ਵਿੱਚ ‘ਟਰਬਨਜ 4 ਆਸਟ੍ਰੇਲੀਆ’ ਦੀ ਸਥਾਪਨਾ ਕੀਤੀ ਸੀ।
ਉੁਸ ਦੇ ਯਤਨਾਂ ਨੇ ਉਸ ਨੂੰ 2023 ਆਸਟ੍ਰੇਲੀਅਨ ਲੋਕਲ ਹੀਰੋ ਦਾ ਨਾਮ ਦਿੱਤਾ ਅਤੇ ਇਸ ਸਾਲ ਉਸ ਨੇ ਚੈਰਿਟੀ ਨੂੰ ਪੂਰਾ ਸਮਾਂ ਦੇਣਾ ਸ਼ੁਰੂ ਕਰ ਦਿੱਤਾ।
ਸ਼੍ਰੀ ਸਿੰਘ ਨੇ ਕਿਹਾ, “ਅਸੀਂ ਕੋਵਿਡ ਦੌਰਾਨ ਭੋਜਨ ਦੀ ਰਾਹਤ ਪਹੁੰਚਾ ਰਹੇ ਸੀ ਅਤੇ ਹੁਣ ਰਹਿਣ-ਸਹਿਣ ਦੀਆਂ ਲਾਗਤਾਂ ਦੇ ਸੰਕਟ ਕਾਰਨ ਉਸ ਤਰ੍ਹਾਂ ਅੱਗੇ ਚੱਲ ਰਿਹਾ ਹੈ, ਅਜਿਹੇ ਸਮੇਂ ਜਦੋਂ ਲੋਕ ਭੋਜਨ ਦੇ ਲਈ ਸੰਘਰਸ਼ ਕਰ ਰਹੇ ਹਨ।”
ਮਹਿੰਗਾਈ ਨੇ ਰੋਜ਼ਾਨਾ ਜੀਵਨ ਖਰਚਿਆਂ ਦੀਆਂ ਕੀਮਤਾਂ ਨੂੰ ਵਧਾ ਦਿੱਤਾ ਹੈ ਅਤੇ ਆਸਟ੍ਰੇਲੀਆਈ ਘਰਾਂ ਦੇ ਬਜਟ ਨੂੰ ਨਿਚੋੜਿਆ ਜਾ ਰਿਹਾ ਹੈ।
ਫੂਡ ਪਾਰਸਲ ਦੀ ਜਿਆਦਾ ਮੰਗ ਨੂੰ ਦੇਖਦਿਆਂ ‘ਟਰਬਨਜ਼ 4 ਆਸਟ੍ਰੇਲੀਆ’ ਇਸ ਕ੍ਰਿਸਮਸ ’ਤੇ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰ ਰਿਹਾ ਹੈ।
ਉਸ ਨੇ ਕਿਹਾ, “ਜਿਹੜੇ ਲੋਕ ਕਰਿਆਨੇ ਦਾ ਸਾਮਾਨ (ਗਰੋਸਰੀ) ਲੈਣ ਆਉਂਦੇ ਹਨ, ਉਹ ਇਹ ਵੀ ਪੁੱਛਦੇ ਹਨ ਕਿ ਕੀ ਸਾਡੇ ਕੋਲ ਕੋਈ ਖਿਡੌਣੇ ਹੋਣਗੇ, ਅਸੀਂ ਆਪਣੇ ਪੋਤੇ-ਪੋਤੀਆਂ ਜਾਂ ਪਰਿਵਾਰ ਦੇ ਬੱਚਿਆਂ ਨੂੰ ਕੁਝ ਦੇਣਾ ਚਾਹੁੰਦੇ ਹਾਂ।”

ਉਨ੍ਹਾਂ ਗੱਲਾਂ ਦੇ ਸਿੱਟੇ ਵਜੋਂ ਸੰਗਠਨ ਵਲੋਂ ਪਹਿਲੀ ਵਾਰ ਕ੍ਰਿਸਮਸ ਲੰਚ ਪ੍ਰੋਗਰਾਮ ਉਲੀਕਿਆ ਗਿਆ ਹੈ।
ਕ੍ਰਿਸਮਸ ਦੇ ਦੁਪਹਿਰ ਦੇ ਖਾਣੇ, ਕ੍ਰਿਸਮਸ (25 ਦਸੰਬਰ) ਤੋਂ ਪਹਿਲਾਂ ਮੈਲਬਰਨ ਅਤੇ ਸਿਡਨੀ ਵਿੱਚ ਆਯੋਜਿਤ ਕੀਤੇ ਜਾਣਗੇ ਅਤੇ ਇਨ੍ਹਾਂ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਖਿਡੌਣੇ ਦੇ ਹੈਂਪਰ ਪ੍ਰਦਾਨ ਕੀਤੇ ਜਾਣਗੇ।
ਲਗਭਗ 250 ਲੋਕਾਂ ਨੇ ਸਿਡਨੀ ਲੰਚ ਸਮਾਗਮ ਲਈ ਅਤੇ ਲਗਭਗ 70 ਲੋਕਾਂ ਨੇ ਮੈਲਬਰਨ ਲੰਚ ਸਮਾਗਮ ਲਈ ਰਜਿਸਟਰ ਕੀਤਾ ਹੈ।
ਪਰਿਵਾਰਾਂ ਨੂੰ ਉਨ੍ਹਾਂ ਦੇ ਬੱਚਿਆਂ ਲਈ ਤੋਹਫ਼ੇ ਪ੍ਰਦਾਨ ਕਰਨ ਲਈ ਖਿਡੌਣਾ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।
ਸ਼੍ਰੀ ਸਿੰਘ ਨੇ ਕਿਹਾ ਕਿ ਉਹ ਜਾਣਦਾ ਹੈ ਕਿ ਇਹ ਸਮਾਗਮ ਬਹੁਤ ਸਾਰੇ ਲੋਕਾਂ ਲਈ ਮਹੱਤਵਪੂਰਨ ਹੋਣਗੇ।
ਉਸ ਨੇ ਕਿਹਾ, “ਮੈਂ ਲੋਕਾਂ ਨੂੰ ਭੋਜਨ ਦਾ ਇੰਤਜ਼ਾਰ ਕਰਦੇ ਹੋਏ ਰੋਂਦਿਆਂ ਵੇਖਿਆ ਹੈ ਅਤੇ ਉਹ ਕਹਿੰਦੇ ਨੇ ‘ਸਾਡੀ ਦੇਖਭਾਲ ਕਰਨ ਲਈ ਧੰਨਵਾਦ’।”
“ਇਹ ਵਿਲੱਖਣ ਮੰਗ ਹੈ ਜੋ ਅਸੀਂ ਦੇਖ ਰਹੇ ਹਾਂ।”
‘ਇਸ ਦਾ ਮਕਸਦ ਬੱਚਿਆਂ ਦੇ ਚਿਹਰਿਆਂ ਉੱਤੇੇ ਮੁਸਕਾਨ ਲਿਆਉਣਾ ਹੈ’
ਅਮਰ ਸਿੰਘ ਸਮੇਤ, ‘ਟਰਬਨਜ਼ 4 ਆਸਟ੍ਰੇਲੀਆ’ ਦੇ ਬਹੁਤ ਸਾਰੇ ਵਾਲੰਟੀਅਰ ਸਿੱਖ ਹੋਣ ਨਾਤੇ ਖੁਦ ਕ੍ਰਿਸਮਸ ਨਹੀਂ ਮਨਾਉਂਦੇ।
"ਪਰ ਇਹ ਉਹ ਚੀਜ਼ ਹੈ ਜੋ ਅਸੀਂ ਦੂਜਿਆਂ ਲਈ ਕਰਦੇ ਹਾਂ," ਸਿੰਘ ਨੇ ਕਿਹਾ।
"ਸਾਡੇ ਕੋਲ ਇਸ ਸਮੇਂ ਦੌਰਾਨ ਹੋਰ ਤਿਉਹਾਰ ਹੁੰਦੇ ਹਨ ਪਰ ਮੁੱਕਦੀ ਗੱਲ, ਇਹ ਸਾਰਾ ਕੁਝ ਕ੍ਰਿਸਮਸ ਮਨਾਉਣ ਜਾਂ ਨਾ ਮਨਾਉਣ ਵਾਲੇ ਲੋਕਾਂ ਬਾਰੇ ਨਹੀਂ ਹੈ ਬਲਕਿ ਇਸ ਦਾ ਮਕਸਦ ਬੱਚਿਆਂ ਦੇ ਚਿਹਰਿਆਂ ’ਤੇ ਮੁਸਕਰਾਹਟ ਲਿਆਉਣਾ ਹੈ ਤੇ ਪਰਿਵਾਰਾਂ ਵਲੋਂ ਇਹ ਕਹਿਣਾ ਕਿ ਦੇਖੋ ਇਹ ਠੀਕ ਹੈ।”
ਸ਼੍ਰੀ ਸਿੰਘ ਨੇ ਕਿਹਾ ਕਿ ਦਸੰਬਰ ਦੇ ਆਖਰੀ ਦਿਨਾਂ ਨੂੰ ਸਿੱਖ ਲੋਕਾਂ ਲਈ 'ਸੋਗ ਦਾ ਸਮਾਂ' ਮੰਨਿਆ ਜਾਂਦਾ ਹੈ।
“ਸਿੱਖਾਂ ਦੇ ਆਖਰੀ ਗੁਰੂੁ, ਦਸਵੇਂ ਗੁਰੂ ਅਤੇ ਉਨ੍ਹਾਂ ਦੇ ਬੱਚਿਆਂ ਦੀ ਇਸੇ ਮਹੀਨੇ ਸ਼ਹਾਦਤ ਹੋਈ ਸੀ।”
“ਉਨ੍ਹਾਂ ਵਿੱਚੋਂ ਦੋ ਪੰਜਾਬ ਦੇ ਇਸਲਾਮਕ ਧਾੜਵੀਆਂ ਵਿਰੁੱਧ ਲੜਾਈ ਵਿੱਚ ਮਾਰੇ ਗਏ ਅਤੇ ਦੋ ਹੋਰ ਛੋਟੇ ਬੱਚਿਆਂ ਨੂੰ ਜੀਵਨ ਦਾ ਕੋਈ ਹੋਰ ਤਰੀਕਾ ਸਵੀਕਾਰ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਜ਼ਿੰਦਾ ਦਫ਼ਨਾਇਆ ਗਿਆ।
"ਇਸ ਲਈ ਇਹ ਸੋਗ ਦਾ ਮਹੀਨਾ ਹੈ ਜੋ ਕੁਰਬਾਨੀ ਨੂੰ ਮੰਨਦਾ ਹੈ."
ਸ਼੍ਰੀ ਸਿੰਘ ਨੇ ਕਿਹਾ ਬਹੁਤ ਸਾਰੇ ਸਿੱਖ ਇਸ ਸਮੇਂ ਦੌਰਾਨ ਆਪਣੇ ਗੁਰਦਆਰਾ ਸਾਹਿਬਾਨ ਵਿੱਚ ਜਾਂਦੇ ਹਨ ਅਤੇ ਆਸਟ੍ਰੇਲੀਆ ਵੱਸੇ ਬਹੁਤੇ ਸਿੱਖ ਭਾਰਤ ਵਿੱਚ ਆਪਣੇ ਪਰਿਵਾਰਾਂ ਕੋਲ ਵੀ ਜਾਂਦੇ ਹਨ।
ਉੁਸ ਨੇ ਕਿਹਾ ਕਿ ਬਹੁਤ ਸਾਰੇ ਜਿਨ੍ਹਾਂ ਨੇ ਮਹਾਂਮਾਰੀ ਦੇ ਕਾਰਨ ਪਿਛਲੇ ਚਾਰ ਸਾਲਾਂ ਤੋਂ ਆਪਣੇ ਪਰਿਵਾਰਾਂ ਨੂੰ ਨਹੀਂ ਦੇਖਿਆ ਹੈ, ਇਸ ਸਮੇਂ ਦੌਰਾਨ ਭਾਰਤ ਜਾਣ ਦੀ ਉਮੀਦ ਕਰਨਗੇ।ਹਾਲਾਂਕਿ ਕੁਝ ਅਜਿਹੇ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਆਪਣੀ ਵਿੱਤੀ ਸਥਿਤੀ ਮੁਾਤਬਿਕ ਆਪਣੇ ਸਫ਼ਰ ਰੱਦ ਕਰਨੇ ਪੈਣਗੇ।
‘ਟਰਬਨਜ਼ 4 ਆਸਟ੍ਰੇਲੀਆ’ ਉਨ੍ਹਾਂ ਲੋਕਾਂ ਤੋਂ ਕ੍ਰਿਸਮਸ ਦੇ ਦੁਪਹਿਰ ਦੇ ਖਾਣੇ ਦੇ ਸਮਾਗਮਾਂ ਲਈ ਰਜਿਸਟ੍ਰੇਸ਼ਨ ਲੈ ਰਿਹਾ ਹੈ, ਜੋ ਸੰਸਥਾ ਤੋਂ ਭੋਜਨ ਦੇ ਪਾਰਸਲ ਇਕੱਠੇ ਕਰਦੇ ਹਨ ਪਰੰਤੂ ਉਸ ਦਿਨ ਕੋਈ ਵੀ ਵਿਅਕਤੀ ਸਮਾਗਮ ਦਾ ਹਿੱਸਾ ਬਣ ਸਕਦਾ ਹੈ।
ਸਿਡਨੀ ਵਿੱਚ ਕ੍ਰਿਸਮਸ ਲੰਚ 10 ਦਸੰਬਰ ਨੂੰ ਅਤੇ ਮੈਲਬਰਨ ਦੇ ਵਿੱਚ 17 ਦਸੰਬਰ ਨੂੰ ਹੋਵੇਗਾ।
