Key Points
- ਮੰਗਲਵਾਰ ਅਤੇ ਬੁੱਧਵਾਰ ਨੂੰ ਅੰਦਰੂਨੀ ਨਦੀਆਂ ਵਿੱਚ ਮਾਮੂਲੀ ਤੋਂ ਵੱਡੇ ਹੜ੍ਹ ਆਉਣ ਦੇ ਖਤਰਿਆਂ ਕਾਰਨ ਨਿਊ ਸਾਊਥ ਵੇਲਜ਼ ਦੇ ਕਈ ਕਸਬਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ
- ਨਿਊ ਸਾਊਥ ਵੇਲਜ਼ ਵਿੱਚ ਇਲਾਕਿਆਂ ਨੂੰ ਖਾਲੀ ਕਰਨ ਦੀਆਂ ਪੰਜ ਚੇਤਾਵਨੀਆਂ ਲਾਗੂ ਹਨ
ਨਿਊ ਸਾਊਥ ਵੇਲਜ਼ ਦੇ ਕੁਝ ਹਿੱਸਿਆਂ ਵਿੱਚ ਰਾਤ ਭਰ ਤੇਜ਼ ਗਰਜ਼ ਅਤੇ ਭਾਰੀ ਬਾਰਿਸ਼ ਹੋਣ ਨਾਲ ਕਈ ਥਾਵਾਂ 'ਤੇ ਹੜ੍ਹ ਆ ਗਏ।
ਮੰਗਲਵਾਰ ਸਵੇਰੇ ਟੁਮਟ ਕੈਰਾਵੈਨ ਪਾਰਕ, ਅਡੇਲੋਂਗ ਦੇ ਕੁਝ ਹਿੱਸਿਆਂ, ਬੂਰੋਵਾ, ਕੂਟਮੁੰਦਰਾ ਵਿੱਚ ਮੁਟਾਮਾ ਕ੍ਰੀਕ ਦੇ ਨੇੜੇ, ਅਤੇ ਵਿਲੋ ਬੈਂਡ ਦੇ ਕੁਝ ਹਿੱਸਿਆਂ ਵਿੱਚ ਨਿਵਾਸੀਆਂ ਲਈ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਮੌਸਮ ਵਿਗਿਆਨ ਬਿਊਰੋ ਨੇ ਕਿਹਾ ਕਿ ਅੱਜ ਦੁਪਹਿਰ ਨੂੰ ਸਕੋਨ, ਕੈਨੋਵਿੰਡਰਾ ਅਤੇ ਗੁੰਡਾਗਈ ਵਿਖੇ ਵੱਡੇ ਹੜ੍ਹ ਅਤੇ ਬਾਥਰਸਟ ਵਿਖੇ ਮੱਧਮ ਹੜ੍ਹ ਆਉਣ ਦੀ ਸੰਭਾਵਨਾ ਹੈ।
ਟੁਮਟ ਵੀ ਹੜ੍ਹ ਦੀ ਚਪੇਟ ਵਿੱਚ ਆ ਸਕਦਾ ਹੈ।
ਬੁੱਧਵਾਰ ਸ਼ਾਮ ਨੂੰ ਨਨਾਮੀ ਅਤੇ ਸ਼ੁੱਕਰਵਾਰ ਨੂੰ ਫੋਰਬਸ ਵਿਖੇ ਵੱਡੇ ਹੜ੍ਹ ਆਉਣ ਦੀ ਸੰਭਾਵਨਾ ਹੈ।
ਬਿਊਰੋ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਦੇ ਉੱਤਰ-ਪੂਰਬੀ ਹਿੱਸਿਆਂ ਵਿੱਚ ਹੁਣ ਭਾਰੀ ਬਾਰਿਸ਼ ਨਹੀਂ ਹੋ ਰਹੀ।
ਪਰ ਕਈ ਥਾਵਾਂ 'ਲਈ ਤੇਜ਼ ਹਵਾਵਾਂ ਨਾਲ ਨੁਕਸਾਨ ਪਹੁੰਚਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਪਿਛਲੇ 24 ਘੰਟਿਆਂ ਵਿੱਚ, ਨਿਊ ਸਾਊਥ ਵੇਲਜ਼ ਐਸ ਈ ਐਸ ਨੇ 48 ਹੜ੍ਹ ਬਚਾਅ, ਸਹਾਇਤਾ ਲਈ 759 ਬੇਨਤੀਆਂ, ਅਤੇ 42 ਤੂਫਾਨ-ਸਬੰਧਤ ਬੇਨਤੀਆਂ ਦਾ ਜਵਾਬ ਦਿੱਤਾ ਹੈ।
ਸੋਮਵਾਰ ਦੇਰ ਰਾਤ ਬੂਰੋਵਾ ਨੇੜੇ ਹੜ੍ਹ ਦੇ ਪਾਣੀ ਵਿੱਚ ਇੱਕ ਗੱਡੀ ਦੇ ਵਹਿ ਜਾਣ ਤੋਂ ਬਾਅਦ ਅਧਿਕਾਰੀਆਂ ਵੱਲੋਂ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਦੱਸਿਆ ਗਿਆ ਕਿ ਰਾਤ 11.15 ਵਜੇ, ਬੂਰੋਵਾ ਤੋਂ ਲਗਭਗ 50 ਕਿਲੋਮੀਟਰ ਪੂਰਬ ਵਿੱਚ, ਪ੍ਰੈਸਟਨ ਕ੍ਰੀਕ ਨੇੜੇ ਚਾਰ ਵਿਅਕਤੀਆਂ ਵੱਲੋਂ ਹੜ੍ਹਗ੍ਰਸਤ ਸੜਕ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਦੋ ਵਿਅਕਤੀ ਕਾਰ ਵਿੱਚੋਂ ਬਾਹਰ ਨਿਕਲਕੇ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋ ਗਏ।
ਬੂਰੋਵਾ ਦੇ ਵਸਨੀਕਾਂ ਨੂੰ ਖਤਰਨਾਕ ਫਲੈਸ਼ ਹੜ੍ਹਾਂ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ।
ਨਿਊ ਸਾਊਥ ਵੇਲਜ਼ ਐਸ ਈ ਐਸ ਨੇ ਕਿਹਾ, "ਬੂਰੋਵਾ ਡੈਮ ਦੇ ਰੈੱਡ ਅਲਰਟ 'ਤੇ ਪਹੁੰਚਣ ਕਾਰਨ ਪ੍ਰਭਾਵਿਤ ਖੇਤਰਾਂ ਨੂੰ ਹੁਣ ਖਾਲੀ ਕਰਨ ਦੀ ਲੋੜ ਹੈ।
ਪ੍ਰਭਾਵਿਤ ਵਸਨੀਕ ਬੂਰੋਵਾ ਸ਼ੋਗਰਾਉਂਡ ਵਿਖੇ ਸ਼ਰਨ ਲੈ ਸਕਦੇ ਹਨ।
ਟੁਮਟ ਕੈਰਾਵੈਨ ਪਾਰਕ ਦੇ ਵਸਨੀਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਪਿਛਲੇ ਕਈ ਦਿਨਾਂ ਅਤੇ ਹਫ਼ਤਿਆਂ ਤੋਂ ਹੋਈ ਬਾਰਿਸ਼ ਕਾਰਨ ਮੁਰਮਬਿਜੀ ਨਦੀ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਨਵੇਂ ਹੜ੍ਹਾਂ ਦਾ ਖਤਰਾ ਬਣਾਇਆ ਹੋਇਆ ਹੈ।
ਕੂਟਮੁੰਦਰਾ ਵਿੱਚ ਮੁਟਾਮਾ ਕ੍ਰੀਕ ਦੇ ਨੇੜੇ ਰਹਿਣ ਵਾਲੇ ਵਸਨੀਕਾਂ ਨੂੰ ਸ਼ੋਗਰਾਉਂਡ ਜਾਂ ਰਗਬੀ ਕਲੱਬ ਵਿੱਚ ਸ਼ਰਨ ਲੈਣ ਲਈ ਕਿਹਾ ਗਿਆ ਹੈ।
ਸਨੋਈ ਮਾਉਂਟੇਨ ਹਾਈਵੇਅ ਅਤੇ ਬਟਲੋ ਰੋਡ ਲਈ ਕਰਾਸ ਸਟ੍ਰੀਟ ਦੇ ਘਰਾਂ ਲਈ ਇੱਕ ਨਿਕਾਸ ਚੇਤਾਵਨੀ ਦਿੱਤੀ ਗਈ ਹੈ।
ਅਡੇਲੋਂਗ ਵਿੱਚ ਟੁਮਟ ਅਤੇ ਸੇਲਵਿਨ ਸਟਰੀਟ ਦੇ ਵਸਨੀਕਾਂ ਨੂੰ ਤੇਜ਼ੀ ਨਾਲ ਵਧ ਰਹੇ ਹੜ੍ਹ ਦੇ ਪਾਣੀ ਅਤੇ ਅਚਾਨਕ ਹੜ੍ਹਾਂ ਕਾਰਨ ਇਲਾਕਾ ਖਾਲੀ ਕਰਨ ਲਈ ਕਿਹਾ ਗਿਆ ਹੈ।
ਰਾਜ ਭਰ ਵਿੱਚ ਕਈ 'ਵਾਚ ਐਂਡ ਐਕਟ' ਚੇਤਾਵਨੀਆਂ ਲਾਗੂ ਹਨ।
ਨਵੇਂ ਬਦਲਾਵਾਂ ਬਾਰੇ ਹੇਠਾਂ ਦਿੱਤੇ ਲਿੰਕ ਉੱਤੇ ਜਾਕੇ ਸੂਚਿਤ ਰਹੋ।
ਜੇਕਰ ਤੁਸੀਂ ਜਾਨਲੇਵਾ ਐਮਰਜੈਂਸੀ ਵਿੱਚ ਹੋ, ਤਾਂ ਟ੍ਰਿਪਲ ਜ਼ੀਰੋ (000) ਨੂੰ ਕਾਲ ਕਰੋ। ਜੇਕਰ ਤੁਹਾਨੂੰ ਤੂਫਾਨ, ਹਨੇਰੀ, ਗੜੇ ਜਾਂ ਡਿੱਗੇ ਦਰੱਖਤ ਤੋਂ ਨੁਕਸਾਨ ਹੋਇਆ ਹੈ ਅਤੇ ਜੇਕਰ ਦਰਖਤ ਦੀ ਟਾਹਣੀ ਤੁਹਾਡੀ ਜਾਇਦਾਦ ਜਾਂ ਕਿਸੇ ਵਿਅਕਤੀ ਦੀ ਸੁਰੱਖਿਆ ਨੂੰ ਖਤਰਾ ਬਣਾ ਰਹੀ ਹੈ ਤਾਂ NSW SES ਨੂੰ 132 500 ਅਤੇ ਵਿਕਟੋਰੀਆ ਐਮਰਜੈਂਸੀ ਸੇਵਾਵਾਂ ਨੂੰ 1800 226 226 ਉੱਤੇ ਕਾਲ ਕਰੋ।
ਹੋਰ ਭਾਸ਼ਾਵਾਂ ਵਿੱਚ ਇਸ ਜਾਣਕਾਰੀ ਤੱਕ ਪਹੁੰਚ ਕਰਨ ਲਈ, ਅਨੁਵਾਦ ਅਤੇ ਦੁਭਾਸ਼ੀਏ ਸੇਵਾ ਨੂੰ 131 450 ਉੱਤੇ ਕਾਲ ਕਰੋ ਅਤੇ ਉਨ੍ਹਾਂ ਨੂੰ ਵੋਇਸ ਐਮਰਜੈਂਸੀ ਹਾਟਲਾਈਨ ਉੱਤੇ ਕਾਲ ਕਰਨ ਲਈ ਕਹੋ।
ਜੇਕਰ ਤੁਸੀਂ ਸੁਣ ਨਹੀਂ ਸਕਦੇ, ਤੁਹਾਨੂੰ ਸੁਨਣ ਵਿੱਚ ਮੁਸ਼ਕਿਲ ਆਉਂਦੀ ਹੈ ਜਾਂ ਕਿਸੇ ਵੀ ਪ੍ਰਕਾਰ ਬੋਲਣ ਜਾਂ ਸੰਚਾਰ ਸਬੰਧੀ ਕਮਜ਼ੋਰੀ ਹੈ ਤਾਂ ਨੈਸ਼ਨਲ ਰੀਲੇਅ ਸਰਵਿਸ ਨੂੰ 1800 555 677 ਉੱਤੇ ਸੰਪਰਕ ਕਰੋ ਅਤੇ ਉਨ੍ਹਾਂ ਨੂੰ ਵੋਇਸ ਐਮਰਜੈਂਸੀ ਹਾਟਲਾਈਨ ਉੱਤੇ ਕਾਲ ਕਰਨ ਲਈ ਕਹੋ।