ਸਿਡਨੀ ਦੇ ਬਲੈਕਟਾਊਨ ਹਸਪਤਾਲ ਵਿੱਚ ਕੱਲ ਰਾਤ ਇੱਕ ਭਾਰਤੀ ਮੂਲ ਦੀ ਨਰਸ ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ਵਿੱਚ ਇੱਕ 47 ਸਾਲਾ ਵਿਅਕਤੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ।
ਪੁਲਿਸ ਮੁਤਾਬਿਕ, ਦੋਸ਼ੀ ਵਿਅਕਤੀ ਹਸਪਤਾਲ ਦਾ ਹੀ ਮਰੀਜ਼ ਸੀ ਅਤੇ 35 ਸਾਲਾ ਦੀ ਮਹਿਲਾ ਨਰਸ ਦੇ ਤਕਰੀਬਨ ਸਾਢੇ ਨੌਂ ਵਜੇ ਆਪਣੀ ਸ਼ਿਫਟ ਸ਼ੁਰੂ ਕਰਨ ਤੇ ਇਸ ਮਰੀਜ਼ ਦੀ ਦੇਖ ਰੇਖ ਕਰਨ ਦੀ ਡਿਊਟੀ ਲੱਗੀ ਸੀ।
ਕੁਝ ਸਮੇ ਬਾਅਦ ਤਕਰੀਬਨ ਦੱਸ ਵਜੇ ਇਸ ਮਰੀਜ਼ ਨੇ ਹਸਪਤਾਲ ਦੇ ਵਿੱਚ ਅਜੀਬ ਢੰਗ ਨਾਲ ਵਿਵਹਾਰ ਸ਼ੁਰੂ ਕਰ ਦਿੱਤਾ ਅਤੇ ਆਪਣੇ ਫੋਨ ਕੈਮਰੇ ਨਾਲ ਮਰੀਜ਼ਾਂ ਦੇ ਕਮਰਿਆਂ ਵਿੱਚ ਤਸਵੀਰਾਂ ਖਿਚਣੀਆਂ ਸ਼ੁਰੂ ਕਰ ਦਿੱਤੀਆਂ।
ਪੁਲਿਸ ਦੇ ਦੱਸਣ ਮੁਤਾਬਿਕ ਉਸ ਮਗਰੋਂ ਉਹ ਸਟਾਫ ਰੂਮ ਵਿੱਚ ਗਿਆ ਅਤੇ ਓਥੋਂ ਦੋ ਚਾਕੂ ਚੁੱਕ ਲਏ। ਇਸ ਗੱਲ ਤੋਂ ਅਣਜਾਣ ਜਦੋਂ ਡਿਊਟੀ ਕਰ ਰਹੀ ਨਰਸ ਉਸਦੇ ਪਿਛੇ ਸਟਾਫ ਰੂਮ ਵਿੱਚ ਦਾਖਿਲ ਹੋਈ ਅਤੇ ਉਸਨੂੰ ਵਾਪਿਸ ਮਰੀਜ਼ਾਂ ਦੇ ਕਮਰੇ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਨਰਸ ਦੇ ਗੁੱਟ ਤੇ ਕਥਿਤ ਤੌਰ ਤੇ ਚਾਕੂ ਚਲਾ ਦਿੱਤਾ।
ਇਸ ਹਮਲੇ ਵਿੱਚ ਨਰਸ ਦੀ ਕਲਾਈ ਅਤੇ ਉਸਦੇ ਕੱਪੜੇ ਕੱਟੇ ਗਏ। ਇਸ ਪਿੱਛੋਂ ਉਸਨੇ ਸਟਾਫ ਰੂਮ ਤੋਂ ਬਾਹਰ ਆ ਕੇ ਇੱਕ ਬੁਜ਼ੁਰਗ ਮਰੀਜ਼ ਦੀ ਮਦਦ ਨਾਲ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਦੋਸ਼ੀ ਨੂੰ ਪੁਲਿਸ ਅਤੇ ਸਕਿਉਰਿਟੀ ਦੇ ਆਉਣ ਤੱਕ ਓਥੇ ਹੀ ਬੰਦ ਰੱਖਿਆ।
ਪੁਲਿਸ ਦੇ ਪਹੁੰਚਣ ਉਪਰੰਤ ਵਿਅਕਤੀ ਨੂੰ ਗਿਰਫ਼ਤਾਰ ਕਰ ਲਿਆ ਗਿਆ।
ਇਸ ਹਮਲੇ ਮਗਰੋਂ ਨਿਊ ਸਾਊਥ ਵੇਲਜ਼ ਵਿੱਚ ਸਿਹਤ ਕਰਮੀਆਂ ਦੀ ਸੁਰੱਖਿਆ ਨੂੰ ਲੈਕੇ ਚਿੰਤਾ ਵਧੀ ਹੈ।
ਸਿਹਤ ਸੇਵਾਵਾਂ ਜਥੇਬੰਦੀ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਹਸਪਤਾਲਾਂ ਵਿੱਚ ਮਾਹਿਰ ਸੁਰਖਿਆ ਕਰਮੀਆਂ ਦੀ ਤਾਇਨਾਤੀ ਦੀ ਮੰਗ ਕੀਤੀ ਹੈ।