ਭਾਰਤ ਦੇ ਸੂਬੇ ਝਾਰਖੰਡ ਵਿੱਚ ਦੋ ਵਿਅਕਤੀਆਂ ਨੇ ਇੱਕ 16 ਸਾਲਾ ਕੁੜੀ ਨੂੰ ਉਸ ਨਾਲ ਕਥਿਤ ਬਲਾਤਕਾਰ ਕਰਨ ਦੇ ਇੱਕ ਦਿਨ ਮਗਰੋਂ ਸ਼ਨੀਵਾਰ ਨੂੰ ਉਸਦੇ ਘਰ ਵਿੱਚ ਹੀ ਜਿਊਂਦਿਆਂ ਅੱਗ ਲਗਾ ਕੇ ਸਾੜ ਦਿੱਤਾ।
ਇੱਕ ਸਥਾਨਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਨੇ ਪੀੜਿਤ ਕੁੜੀ ਨੂੰ ਉਸਦੇ ਘਰੋਂ ਉਸ ਵੇਲੇ ਅਗਵਾ ਕਰ ਕੇ ਬਲਾਤਕਾਰ ਕੀਤਾ ਜਦੋਂ ਉਸਦੇ ਪਰਿਵਾਰਿਕ ਮੇਮ੍ਬਰ ਇਕ ਵਿਆਹ ਤੇ ਗਏ ਹੋਏ ਸਨ।
ਪਰਿਵਾਰ ਵੱਲੋਂ ਜਦੋਂ ਇਸ ਦੀ ਸ਼ਿਕਾਇਤ ਪੰਚਾਇਤ ਵਿੱਚ ਕੀਤੀ ਗਈ ਤਾਂ ਦੋਸ਼ੀਆਂ ਨੂੰ 100 ਬੈਠਕਾਂ ਦੀ ਸਜ਼ਾ ਦੇ ਨਾਲ 50,000 ਰੁਪਏ ਜ਼ੁਰਮਾਨਾ ਕੀਤਾ ਗਿਆ।
ਭਾਰਤ ਦੇ ਪਿੰਡਾਂ ਵਿੱਚ ਅਕਸਰ ਆਪਸੀ ਵਿਵਾਦਾਂ ਦਾ ਨਿਪਟਾਰਾ ਕਾਨੂੰਨੀ ਅਦਾਲਤਾਂ ਤੋਂ ਬਾਹਰ ਪੰਚਾਇਤਾਂ ਵਿੱਚ ਕੀਤਾ ਜਾਂਦਾ ਹੈ। ਹਾਲਾਂਕਿ ਇਹਨਾਂ ਪੰਚਾਇਤਾਂ ਨੂੰ ਅਜਿਹੇ ਮਾਮਲਿਆਂ ਵਿੱਚ ਕਾਨੂੰਨੀ ਫੈਸਲੇ ਕਰਨ ਦਾ ਅਖਤਿਆਰ ਨਹੀਂ ਹੈ, ਪਰ ਪੇਂਡੂ ਖੇਤਰਾਂ ਵਿੱਚ ਇਹਨਾਂ ਦਾ ਕਾਫੀ ਪ੍ਰਭਾਵ ਹੈ।
ਪੁਲਿਸ ਨੇ ਦੱਸਿਆ ਕਿ ਪੰਚਾਇਤ ਵੱਲੋਂ ਸੁਣਾਈ ਸਜ਼ਾ ਤੋਂ ਗੁੱਸੇ ਹੋਏ ਦੋਸ਼ੀਆਂ ਨੇ ਪੀੜਿਤ ਕੁੜੀ ਦੇ ਮਾਪਿਆਂ ਦੇ ਨਾਲ ਕੁੱਟ ਮਾਰ ਕੀਤੀ ਜਿਸ ਪਿੱਛੋਂ ਉਹਨਾਂ ਉਸਨੂੰ ਅੱਗ ਲਗਾ ਦਿੱਤੀ।

ਸਥਾਨਿਕ ਥਾਣੇਦਾਰ ਅਸ਼ੋਕ ਰਾਮ ਨੇ ਖ਼ਬਰ ਏਜੇਂਸੀ ਏ ਐਫ ਪੀ ਨੂੰ ਦੱਸਿਆ: "ਦੋਵਾਂ ਦੋਸ਼ੀਆਂ ਨੇ ਮਾਪਿਆਂ ਨੂੰ ਕੁੱਟਿਆ ਅਤੇ ਓਹਨਾ ਦੇ ਘਰ ਜਾ ਕੇ ਦੋਸ਼ੀਆਂ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਕੁੜੀ ਨੂੰ ਅੱਗ ਲਗਾ ਦਿੱਤੀ। "
"ਦੋਸ਼ੀ ਫਿਲਹਾਲ ਫਰਾਰ ਹਨ। ਇਸ ਮਾਮਲੇ ਦੀ ਪੜਤਾਲ ਲਈ ਇੱਕ ਖਾਸ ਪੜਤਾਲੀਆ ਟੀਮ ਬਣਾ ਦਿੱਤੀ ਗਈ ਹੈ। "
ਇਹ ਘਟਨਾ ਅਜਿਹੇ ਸਮੇ ਤੇ ਹੋਈ ਹੈ ਜਦੋਂ ਭਾਰਤ ਵਿੱਚ ਸਖਤ ਕਾਨੂੰਨ ਦੇ ਬਾਵਜੂਦ ਬਲਾਤਕਾਰ ਦੀਆਂ ਘਟਨਾਵਾਂ ਅੰਤਰਾਸ਼ਟਰੀ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ।
ਪ੍ਰੈਸ ਟ੍ਰੱਸਟ ਓਫ ਇੰਡੀਆ ਦੀ ਖ਼ਬਰ ਮੁਤਾਬਿਕ ਸ਼ੁੱਕਰਵਾਰ ਨੂੰ ਭਾਰਤ ਦੇ ਦੱਖਣੀ ਸੂਬੇ ਆਂਧਰਾ ਪ੍ਰਦੇਸ਼ ਵਿੱਚ ਇੱਕ 55 ਸਾਲਾ ਵਿਅਕਤੀ ਨੇ ਇੱਕ ਨੌ ਸਾਲਾ ਕੁੜੀ ਨਾਲ ਬਲਾਤਕਾਰ ਦੇ ਦੋਸ਼ ਲੱਗਣ ਮਗਰੋਂ ਆਤਮ ਹੱਤਿਆ ਕਰ ਲਈ।
ਪਿਛਲੇ ਮਹੀਨੇ ਜੰਮੂ ਕਸ਼ਮੀਰ ਦੇ ਕਠੁਆ ਵਿੱਚ ਇੱਕ ਅੱਠ ਸਾਲ ਦੀ ਕੁੜੀ ਨਾਲ ਭਿਆਨਿਕ ਬਲਾਤਕਾਰ ਅਤੇ ਹੱਤਿਆ ਦਾ ਮਾਮਲਾ ਉਜਾਗਰ ਹੋਣ ਮਗਰੋਂ ਦੇਸ਼ ਭਰ ਦੇ ਕਈ ਹਿੱਸਿਆਂ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ।
ਭਾਰਤ ਵਿਚ ਸਾਲ 2016 ਦੌਰਾਨ ਤਕਰੀਬਨ 40,000 ਬਲਾਤਕਾਰ ਦੇ ਮਾਮਲੇ ਦਰਜ ਹੋਏ ਸਨ। ਮੰਨਿਆ ਜਾਂਦਾ ਹੈ ਕਿ ਬਲਾਤਕਾਰ ਦੇ ਕਈ ਮਾਮਲੇ ਕੇਵਲ ਇਸ ਲਈ ਰਿਪੋਰਟ ਨਹੀਂ ਕੀਤੇ ਜਾਂਦੇ ਕਿਉਂਕਿ ਬਲਾਤਕਾਰ ਨੂੰ ਕਲੰਕ ਸਮਝਿਆ ਜਾਂਦਾ ਹੈ।
