ਐਸ ਬੀ ਐਸ ਲੈਂਗੂਏਜ ਸਰਵਿਸਿਜ਼ ਰਿਵਿਊ ਰਾਸ਼ਟਰੀ ਮਰਦਮਸ਼ੁਮਾਰੀ ਦੇ ਅਨੁਸਾਰ ਹਰ ਪੰਜ ਸਾਲ ਬਾਅਦ ਕੀਤੀ ਜਾਣ ਵਾਲੀ ਇੱਕ ਪ੍ਰਕਿਰਿਆ ਹੈ ਜੋ ਨਿਸ਼ਚਿਤ ਬਣਾਉਂਦੀ ਹੈ ਕਿ ਐਸ ਬੀ ਐਸ ਰੇਡੀਓ ਦੀਆਂ ਸੇਵਾਵਾਂ ਆਸਟ੍ਰੇਲੀਆ ਦੇ ਤੇਜ਼ੀ ਨਾਲ ਬਦਲਦੇ ਅਤੇ ਵਖਰੇਵੇਂ ਵਾਲ਼ੇ ਸਮਾਜ ਨੂੰ ਦਰਸਾਉਂਦੀਆਂ ਹੋਣ।
ਛੇ ਹਫਤਿਆਂ ਦਾ ਜਨਤਕ ਸਲਾਹ-ਮਸ਼ਵਰਾ ਭਾਈਚਾਰਿਆਂ ਲਈ ਐਸ ਬੀ ਐਸ ਰੇਡੀਓ ਸੇਵਾਵਾਂ ਅਤੇ ਨੈਟਵਰਕ ਦੀ ਵਿਆਪਕ ਆਡੀਓ ਅਤੇ ਭਾਸ਼ਾ ਪੇਸ਼ਕਾਰੀ ਵਿੱਚ ਯੋਗਦਾਨ ਪਾਉਣ ਦਾ ਇੱਕ ਮਹੱਤਵਪੂਰਣ ਮੌਕਾ ਹੈ ਜਿਸ ਤਹਿਤ ਅੰਤਿਮ ਚੋਣ ਮਾਪਦੰਡ ਨਿਰਧਾਰਿਤ ਕਰਨ ਲਈ ਇਹ ਸਾਰੇ ਫੀਡਬੈਕ ਵਰਤੇ ਜਾਣਗੇ।
ਐਸ ਬੀ ਐਸ ਦੇ ਆਡਿਓ ਐਂਡ ਲੈਂਗੂਏਜ ਕਾਂਟੈਂਟ ਦੇ ਡਾਇਰੈਕਟਰ ਡੇਵਿਡ ਹੂਆ ਕਹਿੰਦੇ ਹਨ ਕਿ ਇਸ ਨਿਵੇਕਲੇ ਯਤਨ ਦੇ ਨਾਲ ਹੀ ਸੜਕਾਂ ਉੱਤੇ ਜਸ਼ਨ ਸ਼ੁਰੂ ਹੋ ਗਏ ਸਨ।
"ਜਦੋਂ ਇੱਕ ਟਰਕਿਸ਼ ਟਰੱਕ ਡਰਾਈਵਰ ਨੇ ਐਸ ਬੀ ਐਸ ਰੇਡੀਓ ਸੁਣਿਆ ਅਤੇ ਆਸਟ੍ਰੇਲੀਅਨ ਮੀਡੀਆ ਵਿੱਚ ਪਹਿਲੀ ਵਾਰ ਆਪਣੀ ਭਾਸ਼ਾ ਸੁਣੀ ਤਾਂ ਉਹ ਟਰੱਕ ਤੋਂ ਬਾਹਰ ਨਿੱਕਲ ਆਇਆ ਤੇ ਖੁਸ਼ੀ ਨਾਲ ਸੜਕ ਲਾਗੇ ਨੱਚਣ ਲੱਗਿਆ," ਉਨ੍ਹਾਂ ਕਿਹਾ।
"ਐਸ ਬੀ ਐਸ ਕੋਲ ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨਾਲ ਆਪਣੀਆਂ ਬਹੁਭਾਸ਼ਾਈ ਸੇਵਾਵਾਂ ਦੁਆਰਾ, ਬਹੁਤ ਸਾਰੇ ਮੁੱਦਿਆਂ ਉੱਤੇ ਪਹੁੰਚ ਬਣਾਉਣ ਅਤੇ ਉਨ੍ਹਾਂ ਨਾਲ ਜੁੜਨ ਦੀ ਵਿਲੱਖਣ ਯੋਗਤਾ ਹੈ।
"45 ਸਾਲਾਂ ਤੋਂ ਵੀ ਵੱਧ ਸਮੇਂ ਤੋਂ, ਅਸੀਂ ਸਮਾਜ ਨੂੰ ਨਵੀਆਂ ਅਤੇ ਅਰਥਪੂਰਨ ਸੇਵਾਵਾਂ ਪ੍ਰਦਾਨ ਕਰਨ ਦੇ ਅਨੁਕੂਲ ਤਰੀਕੇ ਵਰਤ ਰਹੇ ਹਾਂ ਜਿਸ ਤਹਿਤ ਅੱਜ ਅਸੀਂ 60 ਤੋਂ ਵੀ ਵੱਧ ਭਾਸ਼ਾਵਾਂ ਵਿੱਚ ਰੇਡੀਓ, ਔਨਲਾਈਨ, ਪੋਡਕਾਸਟਾਂ ਅਤੇ ਐਪਸ ਰਾਹੀਂ ਸੇਵਾਵਾਂ ਦੇ ਰਹੇ ਹਾਂ।"

46 ਸਾਲਾਂ ਦੇ ਸਫਰ ਤੋਂ ਬਾਅਦ ਇਸ ਸਮੇਂ ਐਸ ਬੀ ਐਸ ਦਾ ਪਸਾਰ 60 ਭਾਸ਼ਾਵਾਂ ਤੋਂ ਵੀ ਉੱਪਰ ਹੈ ਜੋਕਿ ਵੱਖੋ-ਵੱਖਰੇ ਪਲੇਟਫਾਰਮਾਂ ਉੱਤੇ ਨਸ਼ਰ ਕੀਤੀਆਂ ਜਾਂਦੀਆਂ ਹਨ।
ਇਸਦਾ ‘ਬਹੁ-ਸਭਿਅਕ ਅਤੇ ਬਹੁ-ਭਾਸ਼ਾਈ ਆਸਟ੍ਰੇਲੀਅਨ ਲੋਕਾਂ ਨੂੰ ਸੇਵਾਵਾਂ’ ਦੇਣ ਵਾਲਾ ਮੁੱਖ ਮੰਤਵ ਪਹਿਲਾਂ ਦੀ ਤਰਾਂਹ ਬਰਕਰਾਰ ਹੈ।
ਇਸ ਕਾਰਜ ਨੂੰ ਹੋਰ ਵੀ ਵਧੀਆ ਢੰਗ ਨਾਲ਼ ਕਰਨ ਲਈ ਐਸ ਬੀ ਐਸ ਆਪਣੇ ਭਾਸ਼ਾਈ ਪਰੋਗਰਾਮਾਂ ਦੀ ਹਰ ਪੰਜਾਂ ਸਾਲਾਂ ਬਾਅਦ ਸਮੀਖਿਆ ਕਰਦਾ ਹੈ।
ਇਸ ਵਾਸਤੇ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੇ ਆਂਕੜਿਆਂ ਨੂੰ ਮੁੱਖ ਧੁਰਾ ਬਣਾਇਆ ਜਾਂਦਾ ਹੈ।
ਸ਼੍ਰੀ ਹੂਆ ਵੀ ਮੰਨਦੇ ਹਨ ਕਿ ਕਿਸੇ ਭਾਈਚਾਰੇ ਦਾ ਵੱਧ ਗਿਣਤੀ ਵਿੱਚ ਹੋਣਾ ਹੀ ਕਾਫੀ ਨਹੀਂ ਹੁੰਦਾ।
ਸਾਲ 2018 ਵਿੱਚ ਕੀਤੀ ਸਮੀਖਿਆ ਤੋਂ ਬਾਅਦ ‘ਹਾਕਾ ਚਿੰਨ’ ਭਾਸ਼ਾ ਜਿਸ ਨੂੰ ਪੱਛਮੀ ਮਿਆਂਨਾਮਾਰ ਦੇ ਚਿਨ ਰਾਜ ਵਿੱਚ ਹੀ ਜਿਆਦਾ ਬੋਲਿਆ ਜਾਂਦਾ ਹੈ, ਨੂੰ ਹੋਰਨਾਂ 7 ਭਾਸ਼ਾਵਾਂ ਦੇ ਨਾਲ ਪਰੋਗਰਾਮਾਂ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਸ ਤੋਂ ਅਲਾਵਾ, ਮੰਗੋਲੀਅਨ, ਕਿਰੁੰਦੀ, ਤਿਬਤੀ, ਕੈਰੇਨ, ਰੋਹਿੰਗੀਆ ਅਤੇ ਤੇਲੁਗੂ ਨੂੰ ਵੀ ਪਰੋਗਰਾਮਾਂ ਦਾ ਹਿੱਸਾ ਬਣਾਇਆ ਗਿਆ ਸੀ।

ਮੈਲਬੌਰਨ ਸਟੂਡੀਓ ਤੋਂ ਬੋਲਦਿਆਂ, ਹਕਾ ਚਿਨ ਨਿਰਮਾਤਾ, ਕੁੰਗ ਖੁਕਜ਼ੌਨ ਕਹਿੰਦੇ ਹਨ ਕਿ ਐਸ ਬੀ ਐਸ ਉਨ੍ਹਾਂ ਦੇ ਭਾਈਚਾਰੇ ਲਈ ਜਾਣਕਾਰੀ ਦਾ ਮੁੱਖ ਸਰੋਤ ਹੈ।
"ਸਾਡੇ ਵਿੱਚੋਂ ਬਹੁਤਿਆਂ ਦੇ ਮਾਪੇ ਅੰਗਰੇਜ਼ੀ ਨਹੀਂ ਬੋਲਦੇ ਜਾਂ ਸਮਝਦੇ। ਪਰ ਸਾਡੀਆਂ ਸੇਵਾਵਾਂ ਦੁਆਰਾ ਉਹ ਜਾਣ ਸਕਦੇ ਹਨ ਕਿ ਆਸਟ੍ਰੇਲੀਆ ਵਿੱਚ ਕੀ ਹੋ ਰਿਹਾ ਹੈ।"
"ਐਸ ਬੀ ਐਸ ਆਸਟਰੇਲੀਆ ਵਿੱਚ ਨਵੇਂ ਆਉਣ ਵਾਲਿਆਂ, ਸ਼ਰਨਾਰਥੀ ਭਾਈਚਾਰਿਆਂ, ਖਾਸ ਕਰਕੇ ਨਵੇਂ ਅਤੇ ਉਭਰ ਰਹੇ ਭਾਈਚਾਰਿਆਂ ਲਈ ਬਹੁਤ ਮਹੱਤਵਪੂਰਨ ਹੈ," ਉਨ੍ਹਾਂ ਕਿਹਾ।
"ਬੇਸ਼ੱਕ ਅਸੀਂ ਹੋਰ ਭਾਸ਼ਾਵਾਂ ਨੂੰ ਹਟਾਏ ਜਾਣ ਦੀ ਬਜਾਏ ਹੋਰ ਭਾਸ਼ਾਵਾਂ ਨੂੰ ਜੁੜਦਾ ਵੇਖਣਾ ਪਸੰਦ ਕਰਾਂਗੇ। ਆਸਟ੍ਰੇਲੀਆ ਦੀ ਸਭਿਆਚਾਰਕ ਵਿਭਿੰਨਤਾ ਵਧ ਰਹੀ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਐਸ ਬੀ ਐਸ ਦੀ ਨੀਤੀ ਵਾਧੂ ਭਾਸ਼ਾਵਾਂ ਪ੍ਰਦਾਨ ਕਰਨ ਦੇ ਯੋਗ ਹੋਣ ਲਈ ਸਰਕਾਰ ਦੀ ਫੰਡਿੰਗ ਨਾਲ ਮੇਲ ਖਾਂਦੀ ਹੋਵੇ।"
ਸ਼੍ਰੀ ਹੁਆ ਨੇ ਕੋਵਿਡ-19 ਮਹਾਂਮਾਰੀ ਦੇ ਦੌਰਾਨ ਐਸ ਬੀ ਐਸ ਦੀਆਂ ਬਹੁਭਾਸ਼ਾਈ ਸੇਵਾਵਾਂ ਦੁਆਰਾ ਨਿਭਾਈ ਗਈ ਮਹੱਤਵਪੂਰਣ ਭੂਮਿਕਾ ਵੱਲ ਵੀ ਇਸ਼ਾਰਾ ਕੀਤਾ ਜਿਸ ਜ਼ਰੀਏ ਲੋਕਾਂ ਨੂੰ ਉਨ੍ਹਾਂ ਦੀ ਪਸੰਦੀਦਾ ਭਾਸ਼ਾ ਵਿੱਚ ਮਹੱਤਵਪੂਰਣ ਅਪਡੇਟ ਅਤੇ ਸਿਹਤ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ।
“ਸਾਡੀ ਭਾਸ਼ਾ ਪੇਸ਼ਕਸ਼ ਨੂੰ ਨਿਯਮਤ ਰੂਪ ਵਿੱਚ ਅਪਡੇਟ ਕਰਨ ਨਾਲ ਐਸ ਬੀ ਐਸ ਸਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਵੱਡੇ ਭਾਈਚਾਰਿਆਂ ਦੀ ਬਿਹਤਰ ਸੇਵਾ ਕਰਨ ਦੇ ਯੋਗ ਹੁੰਦਾ ਹੈ ਤੇ ਨਾਲ ਹੀ ਉਭਰ ਰਹੇ ਅਤੇ ਉੱਚ ਲੋੜਾਂ ਵਾਲੇ ਭਾਈਚਾਰਿਆਂ ਨੂੰ ਵੀ ਸੇਵਾਵਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ," ਉਨ੍ਹਾਂ ਕਿਹਾ।
ਫੈਡਰੇਸ਼ਨ ਆਫ ਐਥਨਿਕ ਕਮਿਊਨਿਟੀਜ਼ ਕਾਂਊਂਸਲਸ ਆਫ ਆਸਟ੍ਰੇਲੀਆ ਦੇ ਚੀਫ ਐਗਜ਼ੈਕਟਿਵ ਮੁਹੰਮਦ ਅੱਲ-ਖਫਾਜੀ ਕਹਿੰਦੇ ਹਨ ਕਿ ਨਵੇਂ ਅਤੇ ਉੱਭਰ ਰਹੇ ਭਾਈਚਾਰਿਆਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਹੀ ਲਾਹੇਵੰਦ ਰਹੇਗਾ।

ਡਾਵਿਡੇ ਸਕੀਆ-ਪਾਪੀਤਰਾ, ਜੋ ਕਿ ਐਸ ਬੀ ਐਸ ਲੈਂਗੂਏਜ ਕਾਂਟੈਂਟ ਦੇ ਮੁਖੀ ਹਨ, ਦਾ ਕਹਿਣਾ ਹੈ ਕਿ ਇਹ ਇੱਕ ਹਮੇਸ਼ਾਂ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ।
ਇਸ ਦੌਰਾਨ ਕੋਵਿਡ-19 ਮਹਾਂਮਾਰੀ ਕੁਝ ਦੂਜੇ ਮਾਪਦੰਡਾਂ ਵਾਂਗ ਇੱਥੇ ਵੀ ਆਪਣੀ ਭੂਮਿਕਾ ਨਿਭਾਏਗੀ।
ਸਰਹੱਦਾਂ ਬੰਦ ਹੋਣ ਕਾਰਨ ਪ੍ਰਭਾਵਤ ਹੋਈ ਪ੍ਰਵਾਸ ਜਨਗਨਣਾ ਦੇ ਨਤੀਜਿਆਂ ਨੂੰ ਪ੍ਰਭਾਵਤ ਕਰੇਗੀ ਅਤੇ ਇਸ ਦੇ ਚਲਦਿਆਂ ਐਸ ਬੀ ਐਸ ਵਲੋਂ ਕੀਤੀ ਜਾਣ ਵਾਲੀ ਇਹ ਭਾਸ਼ਾਈ ਸਮੀਖਿਆ ਪਹਿਲਾਂ ਨਾਲੋਂ ਚੁਣੌਤੀ ਭਰੀ ਹੋਣ ਦੀ ਸੰਭਾਵਨਾ ਹੈ।
ਐਸ ਬੀ ਐਸ ਦੇ ਭਾਸ਼ਾਈ ਪਰੋਗਰਾਮਾਂ ਦੀ ਸਮੀਖਿਆ ਵਾਸਤੇ ਕਿਹੜੇ ਮਾਪਦੰਡ ਵਰਤੇ ਜਾਣੇ ਚਾਹੀਦੇ ਹਨ, ਇਸ ਵਾਸਤੇ ਐੱਸ ਬੀ ਐੱਸ ਨੇ ਇੱਕ ਜਨਤਕ ਸਲਾਹ ਮਸ਼ਵਰੇ ਦੀ ਸ਼ੁਰੂਆਤ ਕੀਤੀ ਹੈ ਜੋ ਛੇ ਹਫਤਿਆਂ ਤੱਕ ਚੱਲੇਗੀ।
ਛੇ ਹਫਤਿਆਂ ਦਾ ਜਨਤਕ ਸਲਾਹ-ਮਸ਼ਵਰਾ ਤੇ ਸਮੀਖਿਆ 5 ਅਕਤੂਬਰ ਤੋਂ ਸ਼ੁਰੂ ਹੋ ਕੇ 12 ਨਵੰਬਰ ਤੱਕ ਚੱਲੇਗੀ।
ਦਿੱਤੇ ਗਏ ਫੀਡਬੈਕ ਨੂੰ ਅੰਤਿਮ ਚੋਣ ਮਾਪਦੰਡ ਸਥਾਪਤ ਕਰਨ ਲਈ ਵਿਚਾਰਿਆ ਜਾਵੇਗਾ ਜਿਸਨੂੰ ਕਿ ਮਈ 2022 ਤੱਕ ਅੰਤਿਮ ਰੂਪ ਦਿੱਤਾ ਜਾਏਗਾ। ਐਸ ਬੀ ਐਸ ਭਾਸ਼ਾ ਸੇਵਾਵਾਂ ਨੂੰ ਲੋੜ੍ਹੀਂਦੀਆਂ ਸੋਧਾਂ ਦੇ ਨਾਲ ਨਵੰਬਰ 2022 ਤੱਕ ਲਾਗੂ ਕਰ ਦਿੱਤਾ ਜਾਵੇਗਾ।
ਆਪਣੇ ਵਿਚਾਰ ਦਰਜ ਕਰਨ ਲਈ sbs.com.au/consultation ਉੱਤੇ ਜਾਓ।
