ਆਸਟ੍ਰੇਲੀਆ ਦੇ ਕ੍ਰਿਕਟ ਬੋਰਡ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਕਿ ਸਿਡਨੀ ਕ੍ਰਿਕਟ ਗਰਾਉਂਡ ਵਿਚ ਤੀਜੇ ਟੈਸਟ ਮੈਚ ਦੌਰਾਨ ਭਾਰਤ ਦੇ ਖਿਡਾਰੀਆਂ ਨੂੰ ਨਸਲੀ ਸ਼ੋਸ਼ਣ ਦਾ ਸਾਹਮਣਾ ਕਰਣਾ ਪਿਆ ਪਰ ਪ੍ਰਮਾਣ ਦੀ ਕਮੀ ਕਾਰਣ ਮੈਚ ਤੋਂ ਹਟਾਏ ਗਏ ਛੇ ਦਰਸ਼ਕਾਂ ਨੂੰ ਪੁਲਿਸ ਵਲੋਂ ਕੀਤੀ ਪੜਤਾਲ ਤੋਂ ਬਾਅਦ ਨਿਰਦੋਸ਼ ਪਾਇਆ ਗਿਆ ਹੈ।
ਭਾਰਤ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਵਲੋਂ ਬੋਊਂਡਰੀ ਦੇ ਨੇੜੇ ਫੀਲਡਿੰਗ ਕਰਦੇ ਹੋਏ ਨਸਲਵਾਦੀ ਟਿੱਪਣੀਆਂ ਦੀ ਸ਼ਿਕਾਇਤ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਪੁਲਿਸ ਰਲ ਕੇ ਇਸ ਮੰਦਭਾਗੀ ਘਟਨਾ ਬਾਰੇ ਪੜਤਾਲ ਕਰ ਰਹੇ ਸਨ।
ਖ਼ੇਡ ਨੂੰ ਟੈਸਟ ਮੈਚ ਦੇ ਤੀਜੇ ਦਿਨ ਤਕਰੀਬਨ 10 ਮਿੰਟਾਂ ਕਰਕੇ ਰੋਕਣਾ ਪਿਆ ਜਦੋਂ ਸਿਰਾਜ ਨੇ ਅੰਪਾਇਰ ਕੋਲ ਨਸਲੀ ਟਿਪਣੀ ਨੂੰ ਲੈ ਕੇ ਆਪਣੀ ਸ਼ਿਕਾਇਤ ਦਰਜ ਕਰਾਈ ਸੀ ਜਿਸ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਅਤੇ ਪੁਲਿਸ ਨੂੰ ਇਸ ਵਿੱਚ ਸ਼ਾਮਲ ਹੋਣਾ ਪਿਆ।
ਕ੍ਰਿਕਟ ਆਸਟ੍ਰੇਲੀਆ ਦੇ ਇਕਸਾਰਤਾ ਮੁਖੀ ਸ਼ੋਨ ਕੈਰਲ ਨੇ ਇਕ ਬਿਆਨ ਵਿਚ ਕਿਹਾ ਕਿ “ਸੀ ਸੀ ਟੀ ਵੀ ਫੁਟੇਜ, ਟਿਕਟਿੰਗ ਡੇਟਾ ਅਤੇ ਉਥੇ ਮੌਜੂਦ ਹੋਰ ਦਰਸ਼ਕਾਂ ਨਾਲ ਇੰਟਰਵਿਊਜ਼ ਕਰਕੇ ਜ਼ਿੰਮੇਵਾਰ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ
"ਪਰ ਜਾਂਚ ਦੌਰਾਨ ਉਪਲਬਦ ਪ੍ਰਮਾਣਾਂ ਦੇ ਵਿਸ਼ਲੇਸ਼ਣ ਤੋਂ ਬਾਅਦ ਸੀ ਏ ਵਲੋਂ ਇਸ ਨਤੀਜੇ ਤੇ ਪਹੁੰਚਿਆ ਗਿਆ ਹੈ ਕਿ ਸ਼ੱਕ ਦੇ ਘੇਰੇ ਵਿੱਚ ਜਿਹੜੇ ਛੇ ਦਰਸ਼ਕਾਂ ਉਤੇ ਪੜਤਾਲ ਕੀਤੀ ਜਾ ਰਹੀ ਸੀ ਉਨ੍ਹਾਂ ਉਤੇ ਇਹ ਦੋਸ਼ ਸਾਬਿਤ ਨਹੀਂ ਹੁੰਦੇ "।
ਸੀ ਏ ਨੇ ਕਿਹਾ ਕਿ ਇਸ ਘਟਨਾ ਬਾਰੇ ਕੀਤੀ ਗਈ ਜਾਂਚ ਦੀ ਤਫ਼ਸੀਲੀ ਰਿਪੋਰਟ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੂੰ ਸੌਂਪ ਦਿੱਤੀ ਗਈ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।