ਡੇਜ਼ੀ ਦਾ ਪਰਿਵਾਰ ਭਾਰਤ ਤੋਂ ਆਸਟ੍ਰੇਲੀਆ ਪ੍ਰਵਾਸ ਕਰਕੇ ਆਇਆ ਸੀ ਅਤੇ ਉਸਦਾ ਜਨਮ ਨਿਊ ਸਾਊਥ ਵੇਲਜ਼ ਦੇ ਖੇਤਰੀ ਸ਼ਹਿਰ ਗ੍ਰਿਫ਼ਿਥ ਵਿੱਚ ਹੋਇਆ।
ਆਪਣੇ ਅਸਾਧਾਰਣ ਬਚਪਣ ਦੀਆਂ ਪੀੜ ਭਰੀਆਂ ਅਭੁੱਲ ਯਾਦਾਂ ਤੋਂ ਸੇਧ ਲੈਕੇ ਉਸਨੇ ਇਸ ਮੁਲਕ ਵਿੱਚ ਹੋਰ ਪੀੜਤ ਔਰਤਾਂ ਲਈ ਇੱਕ ਦਿਸ਼ਾ ਨਿਰਦੇਸ਼ਣ ਦਾ ਸਰੋਤ ਬਣਨ ਦਾ ਫ਼ੈਸਲਾ ਕੀਤਾ ਜਿਸਦੇ ਨਤੀਜੇ ਵਜੋਂ 'ਸੋਲ ਹਾਊਸ' ਦੀ ਸਥਾਪਨਾ ਕੀਤੀ ਗਈ।
'ਸੋਲ ਹਾਊਸ', ਵਿਕਟੋਰੀਆ ਵਿੱਚ ਬੈਲਗਰੇਵ ਇਲਾਕ਼ੇ ਵਿੱਚ ਸਥਿੱਤ ਹੈ ਅਤੇ ਭਾਰਤੀ, ਪਾਕਿਸਤਾਨੀ ਅਤੇ ਦੱਖਣੀ ਏਸ਼ੀਆਈ ਔਰਤਾਂ ਨੂੰ ਦੁਨਿਆਵੀ ਤੌਰ 'ਤੇ ਕਾਬਲ ਬਣਾਉਣ ਲਈ ਆਸਟ੍ਰੇਲੀਆ ਦਾ ਪਹਿਲਾ ਆਪਣੀ ਕਿਸਮ ਦਾ ਸਮਰਪਿਤ ਸਥਾਨ ਹੈ।
ਡੇਜ਼ੀ ਦਾ ਕਹਿਣਾ ਹੈ ਕਿ ਇਹ ਔਰਤਾਂ ਲਈ ਇੱਕ ਸੁਰੱਖਿਅਤ ਅਤੇ ਸ਼ਾਂਤੀਪੂਰਨ ਜਗ੍ਹਾ ਅਤੇ ਇੱਥੇ ਪ੍ਰਦਾਨ ਕੀਤੇ ਜਾ ਰਹੇ ਪ੍ਰੋਗਰਾਮ ਨਾਰੀ ਸ਼ਕਤੀ ਨੂੰ ਪਛਾਣਨ ਅਤੇ ਔਖੇ ਹਲਾਤਾਂ ਨਾਲ਼ ਨਜਿੱਠਣ ਵਿੱਚ ਬਹੁਤ ਸਹਾਈ ਹੁੰਦੇ ਹਨ।
ਉਨ੍ਹਾਂ ਕਿਹਾ ਕਿ ,“ਦੱਖਣੀ ਏਸ਼ੀਆਈ ਪਿਛੋਕੜ ਦੀਆਂ ਔਰਤਾਂ ਨੂੰ ਅਕਸਰ ਮਰਦਾਂ ਦੇ ਮੁਕਾਬਲੇ ਪੱਖਪਾਤੀ ਸਮਾਜਿਕ ਬਦਸਲੂਕੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਿੱਥੇ ਉਨ੍ਹਾਂ ਨੂੰ ਖਾਣ-ਪੀਣ, ਆਪਣੀ ਮਰਜ਼ੀ ਦੇ ਕਪੜੇ ਪਾਉਣ ਅਤੇ ਆਪਣੀ ਮਰਜ਼ੀ ਨਾਲ਼ ਆਪਣੇ ਜੀਵਨ ਸਾਥੀ ਦੀ ਚੋਣ ਕਰਣ ਦੀ ਵੀ ਇਜਾਜ਼ਤ ਨਹੀਂ ਹੁੰਦੀ। ਇਨ੍ਹਾਂ ਜ਼ਿਆਦਾਤਰ ਔਰਤਾਂ ਕੋਲ ਪਰਦੇਸਾਂ ਵਿੱਚ ਰਹਿਣ ਲਈ ਕੋਈ ਟਿਕਾਣਾ ਵੀ ਨਹੀਂ ਹੁੰਦਾ।"
ਇਨ੍ਹਾਂ ਔਰਤਾਂ ਦੀ ਮਜਬੂਰੀ ਨੂੰ ਧਿਆਨ ਵਿੱਚ ਰੱਖਦਿਆਂ ਡੇਜ਼ੀ ਨੇ 20,000 ਡਾਲਰਾਂ ਨਾਲ਼ ਇਹ ਮੁਫ਼ਤ ਸੇਵਾ ਸ਼ੁਰੂ ਕੀਤੀ ਜੋ ਕਿ ਆਰਥਕ ਤੌਰ 'ਤੇ ਮਜਬੂਰ ਔਰਤਾਂ ਲਈ ਇੱਕ ਵੱਡਾ ਆਸਰਾ ਸਿੱਧ ਹੋਇਆ।
ਪਰ ਡੇਜ਼ੀ ਨੇ ਸਪੱਸ਼ਟ ਕੀਤਾ ਕਿ 'ਸੋਲ ਹਾਊਸ' ਨੂੰ ਇਕ ਪੱਕੀ ਪਨਾਹ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਰਾਹੀਂ ਉਨ੍ਹਾਂ ਦਾ ਮੁੱਖ ਉਦੇਸ਼ ਔਰਤਾਂ ਨੂੰ ਅਣਸੁਖਾਵੇਂ ਹਲਾਤਾਂ ਤੋਂ ਬਾਹਰ ਕੱਢਕੇ ਜਿੰਦਗੀ ਵਿੱਚ ਅਗੇ ਵਧਾਉਣਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ