ਕਨੇਡਾ ਦੇ ਤਕਰੀਬਨ ਇੱਕ ਹਜਾਰ ਡਾਕਟਰਾਂ ਨੇ ਆਪਣੀਆਂ ਤਨਖਾਹਾਂ ਵਿੱਚ ਕੀਤੇ ਜਾਣ ਵਾਲੇ ਦੇ ਵਿਰੋਧ ਵਿੱਚ ਇੱਕ ਪਟੀਸ਼ਨ ਉੱਤੇ ਹਸਤਾਖਰ ਕਰਦੇ ਹੋਏ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿਚਲਾ ਵਾਧਾ ਰੱਦ ਕਰ ਦਿੱਤਾ ਜਾਣਾ ਚਾਹੀਦਾ ਹੈ।
ਡਾਕਟਰਾਂ ਦੇ ਇੱਕ ਸੰਗਠਨ Médecins Québécois pour le Régime Public (ਐਮ ਕਿਊ ਆਰ ਪੀ) ਨੇ ਕਿਹਾ ਹੈ ਕਿ, ‘ਅਸੀਂ, ਕੂਇਬਕ ਦੇ ਡਾਕਟਰ ਇੱਕ ਮਜਬੂਤ ਸਰਕਾਰੀ ਸਿਹਤ ਸੇਵਾ ਵਿੱਚ ਵਿਸ਼ਵਾਸ਼ ਰਖਦੇ ਹੋਏ, ਮੈਡੀਕਲ ਫੈਡਰੇਸ਼ਨ ਵਲੋਂ ਵਧਵਾਈ ਗਈ ਤਨਖਾਹ ਦਾ ਵਿਰੋਧ ਕਰਦੇ ਹਾਂ’।
ਇਸ ਤੋਂ ਪਹਿਲਾਂ ਇਸੇ ਗਰੁੱਪ ਨੇ ਫਰਵਰੀ ਵਿੱਚ ਮਾਹਰਾਂ ਨੂੰ ਦਿੱਤੇ ਜਾਣ ਵਾਲੇ 500 ਮਿਲਿਅਨ ਦੇ ਤਨਖਾਹ ਵਾਲੇ ਵਾਧੇ ਦਾ ਵੀ ਵਿਰੋਧ ਕੀਤਾ ਸੀ।
ਡਾਕਟਰਾਂ ਦੁਆਰਾ ਇਸ ਤਨਖਾਹ ਵਿਚਲੇ ਵਾਧੇ ਦੇ ਵਿਰੋਧ ਦਾ ਕਾਰਨ ਹੈ, ਬਜਟ ਵਿਚਲੀਆਂ ਕਟੋਤੀਆਂ, ਅਤੇ ਸਟਾਫ ਦੀ ਘਾਟ ਕਾਰਨ ਨਰਸਾਂ ਉੱਤੇ ਪਏ ਹੋਏ ਕੰਮ ਦਾ ਜੋਰ।
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ, ‘ਇਹ ਵਾਲੇ ਵਾਧੇ ਬਹੁਤ ਹੈਰਾਨਕੁਨ ਹਨ, ਕਿਉਂਕਿ ਵਿਭਾਗ ਦੇ ਕਲਰਕ, ਅਤੇ ਹੋਰ ਕਰਮਚਾਰੀ ਬਹੁਤ ਤੰਗ ਹਾਲਾਤਾਂ ਵਿੱਚ ਕੰਮ ਕਰ ਰਹੇ ਹਨ, ਬਹੁਤ ਸਾਰੇ ਮਰੀਜਾਂ ਨੂੰ ਲੋੜੀਂਦੇ ਇਲਾਜ ਨਹੀਂ ਮਿਲ ਰਹੇ, ਕਿਉਂਕਿ ਹਾਲ ਵਿੱਚ ਹੀ ਬਜਟ ਵਿਚ ਭਾਰੀ ਕਟੋਤੀਆਂ ਕੀਤੀਆਂ ਗਈਆਂ ਹਨ’।
‘ਅਤੇ ਇਸ ਦਾ ਇੱਕੋ ਹੀ ਇਲਾਜ ਜੋ ਦੇਖਣ ਵਿੱਚ ਮਿਲਿਆ ਰਿਹਾ ਹੈ, ਉਹ ਹੈ ਸਾਡੀਆਂ ਤਨਖਾਹਾਂ ਵਿੱਚ ਕੀਤੇ ਜਾਣ ਵਾਲੇ ਵਾਧੇ ਨੂੰ ਰੋਕਣਾ’।
ਇਸ ਸੰਸਥਾ ਦੇ ਪ੍ਰਧਾਨ ਡਾ ਇਸਾਬੇਲ ਲੈਬਲੇਂਕ ਕਹਿੰਦੇ ਹਨ ਕਿ ਡਾਕਟਰਾਂ ਦੀਆਂ ਤਨਖਾਹਾਂ ਵਧਾਉਣ ਨਾਲ ਮਰੀਜਾਂ ਨੂੰ ਕੋਈ ਲਾਭ ਨਹੀਂ ਪਹੁੰਚਦਾ ਹੈ।
ਮਾਨਟਰੀਅਲ ਗਜੇਟ ਨਾਮੀ ਅਖਬਾਰ ਨੇ ਦੱਸਿਆ ਹੈ ਕਿ ਇੱਕ ਪਾਸੇ ਜਿੱਥੇ ਡਾਕਟਰਾਂ ਦੀਆਂ ਤਨਖਾਹਾਂ ਵਧਾ ਦਿਤੀਆਂ ਗਈਆਂ ਹਨ, ਉੱਥੇ ਨਾਲ ਹੀ ਡਾਕਟਰਾਂ ਦੇ ਕੰਮ ਕਰਨ ਵਾਲੇ ਘੰਟਿਆਂ ਨੂੰ ਵੀ ਘਟਾ ਦਿੱਤਾ ਗਿਆ ਹੈ, ਅਤੇ ਇਸੇ ਕਾਰਨ ਉਹ ਹੁਣ ਬਹੁਤ ਥੋੜੇ ਮਰੀਜਾਂ ਨੂੰ ਦੇਖ ਸਕਦੇ ਹਨ।
ਡਾ ਲੈਬਲੇਂਕ ਨੇ ਅਖਬਾਰ ਨੂੰ ਦਸਿਆ ਕਿ ਡਾਕਟਰਾਂ ਦੀਆਂ ਤਨਖਾਹਾਂ ਵਧਾਉਣ ਦੀ ਬਜਾਏ ਉਹਨਾਂ ਨੂੰ ਹੋਰ ਸਹਾਇਕ ਆਦਿ ਪ੍ਰਦਾਨ ਕਰਨੇ ਚਾਹੀਦੇ ਹਨ, ਤਾਂ ਕਿ ਜਿਆਦਾ ਮਰੀਜਾਂ ਦੀ ਜਾਂਚ ਹੋ ਸਕੇ।
25 ਫਰਵਰੀ ਵਾਲੀ ਇਸ ਪਟੀਸ਼ਨ ਉੱਤੇ 433 ਫਿਜ਼ੀਸ਼ੀਅਨਾਂ, 232 ਜਨਰਲ ਪਰੈਕਟੀਸ਼ਨਰਾਂ, 201 ਮਾਹਰਾਂ, 161 ਰੈਜ਼ੀਡੈਂਟ ਡਾਕਟਰਾਂ ਅਤੇ 169 ਮੈਡੀਕਲ ਦੇ ਵਿਦਿਆਰਥੀਆਂ ਨੇ ਹਸਤਾਖਰ ਕੀਤੇ ਹਨ।
ਕਨੇਡੀਅਨ ਇੰਸਟੀਚਿਊਟ ਫੋਰ ਹੈਲਥ ਇੰਨਫੋਰਮੇਸ਼ਨ ਤੋਂ ਮਿਲੀ ਇੱਕ ਰਿਪੋਰਟ ਮੁਤਾਬਕ, ਇੱਕ ਸਰਜੀਕਲ ਮਾਹਰ ਨੂੰ ਤਕਰੀਬਨ $640,000, ਜਦਕਿ ਇੱਕ ਜੀ ਪੀ ਨੂੰ $275,000 ਸਲਾਨਾ ਤਨਖਾਹ ਵਜੋਂ ਮਿਲਦੇ ਹਨ।