ਪਿਛਲੇ ਤਕਰੀਬਨ ਇੱਕ ਸਾਲ ਦੇ ਵਕਫੇ ਦੌਰਾਨ 10 ਸਾਲਾਂ ਦੇ ਭਾਰਤੀ ਲੜਕੇ ਦਾ ਆਪਣੇ ਪਿਤਾ ਨੂੰ ਇੱਥੇ ਮਿਲਣ ਆਉਣ ਲਈ ਮੰਗਿਆ ਗਿਆ ਵੀਜ਼ਾ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੇ ਚਾਰ ਵਾਰ ਦੇਣ ਤੋਂ ਇਨਕਾਰ ਕੀਤਾ ਹੈ। ਅਤੇ ਇਸ ਫੈਸਲੇ ਨੂੰ ਇੱਕ ਇਮੀਗ੍ਰੇਸ਼ਨ ਵਕੀਲ ਕੋਝਾ ਮਜਾਕ ਦਸ ਰਹੇ ਹਨ।
10 ਸਾਲਾਂ ਦੇ ਲੜਕੇ ਹਰਮਨਪ੍ਰੀਤ ਦੀ ਮਾਂ ਦੀ ਸਾਲ 2012 ਵਿੱਚ ਭਾਰਤ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਇਹ ਲੜਕਾ ਆਪਣੇ ਪਿਤਾ ਨਾਲ ਸਾਲ 2015 ਵਿੱਚ ਮੈਲਬਰਨ 457 ਵੀਜ਼ੇ ਤਹਿਤ ਉਦੋਂ ਆ ਗਿਆ ਸੀ ਜਦੋਂ ਇਸ ਦੇ ਪਿਤਾ ਨੇ ਇੱਥੇ ਮੁੜ ਵਿਆਹ ਕਰਵਾ ਲਿਆ ਸੀ।
ਬੇਸ਼ਕ ਹਰਮਨਪ੍ਰੀਤ ਦਾ ਵੀਜ਼ਾ 12 ਮਹੀਨਿਆਂ ਦਾ ਸੀ ਪਰ ਉਹ ਭਾਰਤ ਵਿੱਚ ਚਲ ਰਹੀ ਆਪਣੀ ਪੜਾਈ ਨੂੰ ਜਾਰੀ ਰੱਖਣ ਲਈ ਛੇ ਹਫਤਿਆਂ ਬਾਅਦ ਹੀ ਵਾਪਸ ਪਰਤ ਗਿਆ ਸੀ। ਇਸ ਸਮੇਂ ਉਹ ਆਪਣੀ ਦਾਦੀ ਦੀ ਦੇਖਰੇਖ ਵਿੱਚ ਰਹਿ ਰਿਹਾ ਹੈ।
ਇਸ ਤੋਂ ਬਾਅਦ, ਸ਼੍ਰੀ ਸਿੰਘ ਅਤੇ ਉਹਨਾ ਦੀ ਪਤਨੀ ਨੂੰ ਬਰਿਜਿੰਗ ਵੀਜ਼ੇ ਤੇ ਜਾਣਾ ਪਿਆ ਕਿਉਂਕਿ ਉਹਨਾਂ ਦੀ ਪਰਮਾਨੈਂਟ ਵੀਜ਼ੇ ਵਾਲੀ ਅਪੀਲ ਸਿਰੇ ਨਹੀਂ ਸੀ ਚੜ ਸਕੀ। ਸ਼੍ਰੀਮਤੀ ਸਿੰਘ ਦੀ ਸਟੂਡੈਂਟ ਵੀਜ਼ੇ ਵਾਲੀ ਅਰਜੀ ਵੀ ਨਾ-ਮਨਜੂਰ ਹੋ ਗਈ ਸੀ।
ਸ਼੍ਰੀ ਸਿੰਘ ਕਹਿੰਦੇ ਹਨ ਕਿ ਉਹਨਾਂ ਦੀਆਂ ਆਰਜ਼ੀ ਨੋਕਰੀ ਵਾਲੀਆਂ ਸਥਿਤੀਆਂ ਕਾਰਨ ਉਹ ਭਾਰਤ ਆਪਣੇ ਬੇਟੇ ਨੂੰ ਮਿਲਣ ਜਾਣ ਵਿੱਚ ਅਸਮਰਥ ਹਨ।

ਸ਼੍ਰੀ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਾਰੇ ਲੋੜੀਂਦੇ ਦਸਤਾਵੇਜ਼ ਆਦਿ ਜਮਾਂ ਕਰਵਾ ਦਿੱਤੇ ਸਨ, ਜਿਨਾਂ ਵਿੱਚ ਉਹਨਾਂ ਦੀ ਭਾਰਤ ਵਿੱਚਲੀ ਜਾਇਦਾਦ ਵਾਲੇ ਵੇਰਵਿਆਂ ਸਮੇਤ ਉਹਨਾਂ ਦੀ ਮਾਤਾ ਵਲੋਂ ਵੀ ਇੱਕ ਹਲਫਨਾਮਾ ਸ਼ਾਮਲ ਸੀ। ਇਸ ਤੋਂ ਅਲਾਵਾ ਹੋਰ ਵੀ ਬਹੁਤ ਸਾਰੇ ਦਸਤਾਵੇਜ਼ ਵੀ ਦਿੱਤੇ ਗਏ ਹਨ ਅਤੇ ਉਹਨਾ ਨੇ ਇੱਕ ਬਾਂਡ ਭਰਨ ਲਈ ਵੀ ਪੇਸ਼ਕਸ਼ ਕੀਤੀ ਸੀ।
ਦੋ ਅਗਸਤ ਨੂੰ ਦਾਖਲ ਕੀਤੀ ਹਰਮਪ੍ਰੀਤ ਦੀ ਵੀਜ਼ਾ ਅਰਜੀ ਨੂੰ ਰੱਦ ਕਰਦੇ ਹੋਏ ਗ੍ਰਹਿ ਵਿਭਾਗ ਨੇ ਕਿਹਾ ਹੈ ਕਿ ਉਹਨਾਂ ਨੂੰ ਇਸ ਦਾ ਯਕੀਨ ਨਹੀਂ ਹੈ ਕਿ ਇਹ ਲੜਕਾ ਦੌਰੇ ਤੋਂ ਬਾਅਦ ਵਾਪਸ ਭਾਰਤ ਪਰਤ ਜਾਵੇਗਾ।
ਵਿਭਾਗ ਨੇ ਟਿਪਣੀ ਲਿਖੀ ਹੈ ਕਿ, ‘ਤੁਸੀਂ ਇਸ ਗੱਲ ਦੇ ਲੋੜੀਂਦੇ ਦਸਤਾਵੇਜ ਜਮਾਂ ਨਹੀਂ ਕੀਤੇ ਹਨ ਜਿਨ੍ਹਾਂ ਤੋਂ ਤੁਹਾਡੇ ਨਿਜੀ ਅਤੇ ਸੰਪਤੀ ਵਾਲੇ ਉਹਨਾਂ ਕਾਰਨਾਂ ਦਾ ਪਤਾ ਲੱਗ ਸਕੇ, ਕਿ ਤੁਸੀਂ ਦੌਰੇ ਤੋਂ ਬਾਅਦ ਵਾਪਸ ਪਰਤ ਜਾਵੋਗੇ’।

.
ਉਸ ਦੀਆਂ ਪਿਛਲੀਆਂ ਤਿੰਨ ਅਰਜੀਆਂ ਵੀ ਅਜਿਹੀਆਂ ਟਿਪਣੀਆਂ ਦੁਆਰਾ ਹੀ ਰੱਦ ਕੀਤੀਆਂ ਜਾ ਚੁੱਕੀਆਂ ਹਨ ਜਿਨਾ ਵਿੱਚ ਨਿਜੀ, ਸੰਪਤੀ ਅਤੇ ਨੋਕਰੀ ਬਾਬਤ ਇਤਰਾਜ ਕੀਤੇ ਗਏ ਸਨ।
ਪਰ ਇਸ ਵਾਰ ਨੋਕਰੀ ਬਾਬਤ ਕੋਈ ਵੀ ਟਿਪਣੀ ਨਹੀਂ ਕੀਤੀ ਗਈ ਹੈ।
ਸ਼੍ਰੀ ਸਿੰਘ ਕਹਿੰਦੇ ਹਨ, ‘ਉਹਨਾਂ ਦਾ ਲੜਕਾ ਆਪਣੀ ਛੋਟੀ ਉਮਰ ਕਾਰਨ ਨੌਕਰੀ ਨਹੀਂ ਕਰ ਸਕਦਾ ਅਤੇ ਇਮੀਗ੍ਰੇਸ਼ਨ ਵਿਭਾਗ ਉਸ ਦੀ ਨੋਕਰੀ ਕਰਨ ਵਾਲੀਆਂ ਸ਼ਰਤਾਂ ਦੇ ਪ੍ਰਮਾਣ ਨਹੀਂ ਮੰਗ ਸਕਦਾ’।
ਇਮੀਗ੍ਰੇਸ਼ਨ ਵਕੀਲ ਮਾਈਕਲ ਆਰਚ ਬੱਚੇ ਦੇ ਵਿੱਤੀ ਹਾਲਾਤਾਂ ਬਾਰੇ ਜਾਣਕਾਰੀ ਮੰਗੇ ਜਾਣ ਨੂੰ ਮਜਾਕੀਆ ਕਰਾਰ ਦਿੱਤਾ ਹੈ।
‘ਇਹ ਬਹੁਤ ਹੀ ਮਜਾਕੀਆ ਲਗਦਾ ਹੈ, ਅਤੇ ਨਾਲ ਹੀ ਦਿਲ ਨੂੰ ਦੁਖਾਉਣ ਵਾਲਾ ਵੀ ਹੈ। ਵਿਭਾਗ ਦੇ ਇਸ ਫੈਸਲੇ ਨਾਲ ਇੱਕ ਬੱਚਾ ਆਪਣੇ ਪਿਤਾ ਨੂੰ ਮਿਲਣ ਤੋਂ ਰਹ ਜਾਵੇਗਾ’।
ਗ੍ਰਹਿ ਵਿਭਾਗ ਕਹਿੰਦਾ ਹੈ ਕਿ ਉਹ ਕਿਸੇ ਵੀ ਵੀਜ਼ਾ ਅਰਜੀ ਉੱਤੇ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਸਬੰਧਤ ਹਾਲਾਤਾਂ ਉੱਤੇ ਗੌਰ ਕਰਦਾ ਹੈ।
ਵਿਭਾਗ ਦੇ ਇਕ ਬੁਲਾਰੇ ਨੇ ਐਸ ਬੀ ਐਸ ਨਿਊਜ਼ ਨੂੰ ਪਿਛਲੇ ਹਫਤੇ ਕਿਹਾ ਸੀ ਕਿ, ‘ਅਰਜੀਆਂ ਦਾ ਨਿਰੀਖਣ ਕਰਨ ਵਾਲੇ ਇਹ ਯਕੀਨੀ ਬਨਾਉਂਦੇ ਹਨ ਕਿ ਬਿਨੇਕਾਰ ਆਪਣੀ ਯਾਤਰਾ ਤੋਂ ਬਾਅਦ ਵਾਪਸ ਚਲਾ ਜਾਵੇਗਾ ਕਿ ਨਹੀਂ। ਇਸ ਵਾਸਤੇ ਸਾਰੇ ਨਿਜੀ, ਪੇਸ਼ੇ ਨਾਲ ਸਬੰਧਤ, ਸੰਪਤੀ ਵਾਲੇ ਅਤੇ ਹੋਰ ਵੀ ਬਹੁਤ ਸਾਰੇ ਹਾਲਾਤ ਵੀਚਾਰੇ ਜਾਂਦੇ ਹਨ’।

ਸ਼੍ਰੀ ਆਰਚ ਨੇ ਕਿਹਾ ਹੈ ਕਿ ‘ਇਹ ਇੱਕ ਹੋਰ ਉਦਾਹਰਣ ਜਿਸ ਵਿੱਚ ਵਿਭਾਗ ਨੇ ਮਾਨਵਤਾ ਅਤੇ ਸੰਵੇਦਨਸ਼ੀਲਤਾ ਨੂੰ ਲਾਂਭੇ ਰੱਖ ਦਿੱਤਾ ਹੈ’।
ਉਹਨਾਂ ਕਿਹਾ ਕਿ ਹਰਮਪ੍ਰੀਤ ਲਈ ਵੀਜ਼ਾ ਪ੍ਰਾਪਤ ਕਰਨਾ ਹੁਣ ਅਸੰਭਵ ਹੀ ਜਾਪਦਾ ਹੈ ਕਿਉਂਕਿ ਆਫ-ਸ਼ੋਰ ਤੋਂ ਪਾਈਆਂ ਹੋਈਆਂ ਅਰਜੀਆਂ ਨੂੰ ਐਡਮਿਨਿਸਟ੍ਰੇਟਿਵ ਅਪੀਲਸ ਟਰਾਈਬਿਊਨਲ ਵਿੱਚ ਮੁੜ ਵਿਚਾਰਨ ਵਾਸਤੇ ਨਹੀਂ ਪਾਇਆ ਜਾ ਸਕਦਾ।
ਸ਼੍ਰੀ ਆਰਚ ਨੇ ਕਿਹਾ, ‘ਕਿਉਂਕਿ ਹਰਮਨਪ੍ਰੀਤ ਦੀ ਅਰਜੀ ਨੂੰ ਵਿਭਾਗ ਵਲੋਂ ਪਹਿਲਾਂ ਹੀ ਕਈ ਵਾਰ ਰੱਦ ਕੀਤਾ ਜਾ ਚੁੱਕਿਆ ਹੈ ਇਸ ਲਈ ਹੁਣ ਵੀਜ਼ਾ ਮਿਲਣ ਦੀ ਆਸ ਬਹੁਤ ਹੀ ਘੱਟ ਜਾਪਦੀ ਹੈ, ਪਰ ਭਾਈਚਾਰੇ ਵਲੋਂ ਜੋਰਦਾਰ ਅਪੀਲ ਕਰਨ ਸਦਕਾ ਅਜਿਹਾ ਹੋ ਵੀ ਸਕਦਾ ਹੈ’।
ਸ਼੍ਰੀ ਸਿੰਘ ਨੇ ਕਿਹਾ ਕਿ ਇਸ ਫੈਸਲੇ ਨਾਲ ਉਹਨਾਂ ਨੂੰ ਬਹੁਤ ਸਦਮਾ ਪਹੁੰਚਿਆ ਹੈ। ਇਸ ਸਮੇਂ ਮੈਂ ਆਪਣੇ ਬੱਚੇ ਦਾ ਇਕੱਲਾ ਹੀ ਦੇਖਰੇਖ ਕਰਨ ਵਾਲਾ ਮਾਪਾ ਬਚਿਆ ਹਾਂ।
‘ਹਰਮਨਪ੍ਰੀਤ ਦਾ ਕਮਰਾ ਉਸ ਦੇ ਖਿਡੋਣਿਆਂ ਨਾਲ ਭਰਿਆ ਪਿਆ ਹੈ। ਅਤੇ ਆਸ ਕਰਦਾ ਹਾਂ ਕਿ ਉਹ ਜਦੋਂ ਵੀ ਇੱਥੇ ਆਏਗਾ, ਇਹਨਾਂ ਨਾਲ ਖੇਡ ਸਕੇਗਾ’।
‘ਸਾਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਵਿਭਾਗ ਅਤੇ ਸਰਕਾਰ ਇਨੇ ਸਖਤ ਵੀ ਹੋ ਸਕਦੇ ਹਨ ਕਿ ਉਹ ਕਿਸੇ ਦੇ ਪਰਿਵਾਰ ਨੂੰ ਇਸ ਤਰਾਂ ਜੁਦਾ ਕਰ ਸਕਦੇ ਹਨ’।




