ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਬਿਹਤਰ ਬਣਾਉਣ ਲਈ ਧਿਆਨ ਰੱਖਣਯੋਗ ਪੰਜ ਗੱਲਾਂ

ਤੰਦਰੁਸਤੀ ਬਣਾਈ ਰੱਖਣ ਨਾਲ ਬਹੁਤ ਸਾਰੇ ਲਾਭ ਜੁੜੇ ਹੁੰਦੇ ਹਨ ਤੇ ਅਕਸਰ ਅਜਿਹਾ ਨਾ ਕਰਨਾ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਪ੍ਰਭਾਵਿਤ ਕਰ ਸਕਦਾ ਹੈ।

SBS 'Mind Your Health'.

SBS 'Mind Your Health'. Source: iStockphoto / DisobeyArt/Getty Images/iStockphoto

ਸਰੀਰਕ ਗਤੀਵਿਧੀ ਅਤੇ ਸਿਹਤ ਦੇ ਪ੍ਰੋਫ਼ੈਸਰ ਐਨੀ ਟਾਈਡਮੈਨ ਦਾ ਕਹਿਣਾ ਹੈ ਕਿ ਸਰੀਰਕ ਫੁਰਤੀ ਅਤੇ ਇੱਕ ਸੰਤੁਲਿਤ ਖੁਰਾਕ ਬਣਾਈ ਰੱਖਣਾ ਅਜਿਹੀਆਂ ਦੋ ਚੀਜ਼ਾਂ ਹਨ ਜੋ ਤੁਸੀਂ ਚੰਗੀ ਸਿਹਤ ਨੂੰ ਬਰਕਰਾਰ ਰੱਖਣ ਲਈ ਰੋਜ਼ਾਨਾ ਕਰ ਸਕਦੇ ਹੋ।

ਬਾਕੀ ਧਿਆਨ ਰੱਖਣਯੋਗ ਗੱਲਾਂ ਵਿੱਚ ਸ਼ਰਾਬ ਦੇ ਸੇਵਨ ਨੂੰ ਸੀਮਤ ਕਰਨਾ, ਸਿਗਰਟਨੋਸ਼ੀ ਨੂੰ ਬੰਦ ਕਰਨਾ ਅਤੇ ਸਮਾਜਿਕ ਤੌਰ 'ਤੇ ਜੁੜੇ ਰਹਿਣਾ ਸ਼ਾਮਲ ਹੈ।

1. ਸਰੀਰਕ ਗਤੀਵਿਧੀ

ਪ੍ਰੋਫ਼ੈਸਰ ਟਾਈਡਮੈਨ ਦਾ ਕਹਿਣਾ ਹੈ ਕਿ ਇਸ ਗੱਲ ਦੇ ਬਹੁਤ ਸਾਰੇ ਸਬੂਤ ਹਨ ਕਿ ਸਰੀਰਕ ਤੌਰ 'ਤੇ ਫੁਰਤੀਲੇ ਰਹਿਣ ਨਾਲ ਨਾ ਸਿਰਫ ਸਰੀਰਕ, ਮਾਨਸਿਕ ਅਤੇ ਸਮਾਜਿਕ ਸਿਹਤ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਬਲਕਿ ਇਹ ਬੁਢਾਪੇ ਵਿੱਚ ਬਿਮਾਰੀਆਂ ਦੀ ਸ਼ੁਰੂਆਤ ਨੂੰ ਵੀ ਰੋਕਦਾ ਹੈ।

ਸਿਡਨੀ ਯੂਨੀਵਰਸਿਟੀ ਦੇ ਮਾਹਰ ਦੱਸਦੇ ਹਨ ਕਿ ਜੋ ਵੀ ਵਿਅਕਤੀ ਅੱਜ ਜਾਂ ਇਸ ਹਫ਼ਤੇ ਆਪਣੀ ਸਹਿਤ ਲਈ ਕੁਝ ਵੀ ਕਰਦਾ ਹੈ, ਉਸਨੂੰ ਇਸਦਾ ਫਾਇਦਾ ਹੋ ਸਕਦਾ ਹੈ।
ਇੱਕ ਵਿਅਕਤੀ ਨੂੰ ਪ੍ਰਤੀ ਦਿਨ ਕਿੰਨੀ ਕੁ ਸਰੀਰਕ ਗਤੀਵਿਧੀ ਵਿੱਚ ਹਿੱਸਾ ਲੈਣਾ ਚਾਹੀਦਾ ਹੈ, ਇਸ ਬਾਰੇ ਪ੍ਰੋਫੈਸਰ ਟਾਈਡਮੈਨ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ-ਨਿਰਦੇਸ਼ਾਂ ਵੱਲ ਇਸ਼ਾਰਾ ਕਰਦੀ ਹੈ, ਜੋ ਕਿ ਉਮਰ, ਪੁਰਾਣੀ ਬਿਮਾਰੀ ਅਤੇ ਅਪਾਹਜਤਾ ਦੇ ਅਧਾਰ ਤੇ ਸਿਫ਼ਾਰਸ਼ਾਂ ਪ੍ਰਦਾਨ ਕਰਦੇ ਹਨ।

"ਸਰੀਰਕ ਤੌਰ ਉੱਤੇ ਫੁਰਤੀਲੇ ਰਹਿਣ ਦਾ ਮੁੱਖ ਸੰਦੇਸ਼ ਇਹ ਹੈ ਕਿ ਇਹ ਹਰ ਕਿਸੇ ਲਈ ਚੰਗਾ ਹੈ, ਭਾਵੇਂ ਅਸੀਂ ਕਿਸੇ ਵੀ ਉਮਰ ਜਾਂ ਅਪਾਹਜਤਾ ਦੇ ਪੱਧਰ 'ਤੇ ਹਾਂ।"

"ਭਾਵੇਂ ਤੁਸੀਂ ਦਿਸ਼ਾ-ਨਿਰਦੇਸ਼ਾਂ ਵਿੱਚ ਸਿਫਾਰਸ਼ ਕੀਤੀ ਗਈ ਸਰੀਰਕ ਗਤੀਵਿਧੀ ਦੀ ਮਾਤਰਾ ਨੂੰ ਪੂਰਾ ਨਹੀਂ ਕਰ ਸਕਦੇ, ਇੱਕ ਸਪੱਸ਼ਟ ਖੋਜ ਦਰਸਾਉਂਦੀ ਹੈ ਕਿ ਕਿਸੇ ਵੀ ਮਾਤਰਾ ਵਿੱਚ ਕਸਰਤ ਜਾਂ ਸਰੀਰਕ ਗਤੀਵਿਧੀ ਲਾਭਦਾਇਕ ਹੁੰਦੀ ਹੈ ਅਤੇ ਜੇਕਰ ਤੁਸੀਂ ਇਸ ਨੂੰ ਵਰਤਮਾਨ ਨਾਲੋਂ ਥੋੜਾ ਜਿਹਾ ਵੀ ਜ਼ਿਆਦਾ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਹੋਰ ਵੀ ਲਾਭਕਾਰੀ ਹੋ ਸਕਦੀ ਹੈ।"

ਉਹ ਦੱਸਦੀ ਹੈ ਕਿ ਸਰੀਰਕ ਗਤੀਵਿਧੀ ਕਈ ਵੱਖ-ਵੱਖ ਰੂਪਾਂ ਵਿੱਚ ਹੋ ਸਕਦੀ ਹੈ ਅਤੇ ਇਹ ਕੋਈ ਢਾਂਚਾਗਤ ਖੇਡ ਜਾਂ ਕਸਰਤ ਸਮੂਹ ਨਹੀਂ ਹੈ।

"ਤੁਹਾਡੇ ਵਿਹਲੇ ਸਮੇਂ ਦੌਰਾਨ ਸੈਰ ਕਰਨ ਲਈ ਬਾਹਰ ਜਾਣਾ, ਘਰੇਲੂ ਕੰਮ-ਕਾਜ ਲਈ ਘਰ ਅੰਦਰ ਜਾਂ ਆਲੇ ਦੁਆਲੇ ਗਤੀਵਿਧੀਆਂ ਕਰਨਾ, ਬਾਗਬਾਨੀ ਕਰਨਾ, ਇਹ ਸਾਰੀਆਂ ਚੀਜ਼ਾਂ ਸਿਹਤ ਨੂੰ ਉਤਸ਼ਾਹਿਤ ਕਰਦੀਆਂ ਹਨ।"

2. ਸੰਤੁਲਿਤ ਖੁਰਾਕ ਬਣਾਈ ਰੱਖਣਾ

ਪ੍ਰੋਫੈਸਰ ਟਾਈਡਮੈਨ ਦਾ ਕਹਿਣਾ ਹੈ ਕਿ ਲੰਬੇ ਸਮੇਂ ਦੇ ਰੋਗਾਂ ਦੇ ਜੋਖਮ ਕਾਰਕਾਂ ਨੂੰ ਘਟਾਉਣ ਅਤੇ ਮੋਟਾਪੇ ਦੇ ਜੋਖਮ ਨੂੰ ਘਟਾਉਣ ਲਈ ਸੰਤੁਲਿਤ ਖੁਰਾਕ ਬਣਾਈ ਰੱਖਣਾ ਵੀ ਮਹੱਤਵਪੂਰਨ ਹੈ।

ਤੁਹਾਡੀ ਖੁਰਾਕ ਵਿੱਚ ਚੰਗਾ ਪੋਸ਼ਣ ਤੁਹਾਡੇ ਸਰੀਰ ਨੂੰ ਤਾਕਤ ਦੇਣ, ਹੱਡੀਆਂ ਨੂੰ ਮਜ਼ਬੂਤ ਰੱਖਣ, ਅਤੇ ਊਰਜਾਵਾਨ ਮਹਿਸੂਸ ਕਰਨ ਲਈ ਚੰਗਾ ਹੈ।

"ਇਹ ਸਾਰੀਆਂ ਚੀਜ਼ਾਂ ਅਸਲ ਵਿੱਚ ਮਹੱਤਵਪੂਰਨ ਹਨ, ਇੱਕ ਸੰਤੁਲਿਤ ਖੁਰਾਕ ਖਾਣਾ ਅਤੇ ਬਹੁਤ ਜ਼ਿਆਦਾ ਪ੍ਰੋਸੈਸਡ ਫੂਡ ਅਤੇ ਸ਼ੂਗਰ ਤੋਂ ਗੁਰੇਜ਼ ਕਰਨਾ, ਜੋ ਕਿ ਅਜੋਕੇ ਸਮੇਂ ਵਿੱਚ ਸਮਾਜ ਵਿੱਚ ਇੱਕ ਬਹੁਤ ਵੱਡਾ ਮੁੱਦਾ ਹੈ।"

ਆਸਟ੍ਰੇਲੀਆ ਦੇ ਖੁਰਾਕ ਸੰਬੰਧੀ ਦਿਸ਼ਾ-ਨਿਰਦੇਸ਼ ਭੋਜਨ ਦੀਆਂ ਕਿਸਮਾਂ ਅਤੇ ਮਾਤਰਾਵਾਂ, ਭੋਜਨ ਸਮੂਹਾਂ ਅਤੇ ਖੁਰਾਕ ਦੇ ਪੈਟਰਨਾਂ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ।

ਇਹ ਆਸਟ੍ਰੇਲੀਆ ਵਾਸੀਆਂ ਨੂੰ ਪੰਜ ਭੋਜਨ ਸਮੂਹਾਂ ਵਿੱਚੋਂ ਕਈ ਤਰ੍ਹਾਂ ਦੇ ਪੌਸ਼ਟਿਕ ਭੋਜਨਾਂ ਦਾ ਆਨੰਦ ਲੈਣ ਲਈ ਉਤਸ਼ਾਹਿਤ ਕਰਦੇ ਹਨ, ਜਦੋਂ ਕਿ ਵਾਧੂ ਫੈਟ, ਨਮਕ, ਸ਼ੂਗਰ ਵਾਲਿਆਂ ਚੀਜ਼ਾਂ ਅਤੇ ਸ਼ਰਾਬ ਦੇ ਸੇਵਨ ਨੂੰ ਸੀਮਤ ਕਰਨ ਦੀ ਸਲਾਹ ਦਿੰਦੇ ਹਨ।

3. ਸ਼ਰਾਬ ਦੇ ਸੇਵਨ ਨੂੰ ਸੀਮਤ ਕਰਨਾ ਅਤੇ ਤੰਬਾਕੂਨੋਸ਼ੀ ਬੰਦ ਕਰਨਾ

ਸ਼ਰਾਬ ਨੂੰ ਸੀਮਤ ਕਰਨ ਅਤੇ ਤੰਬਾਕੂਨੋਸ਼ੀ ਨੂੰ ਘਟਾਉਣ ਦੀ ਜ਼ਰੂਰਤ ਬਾਰੇ ਪ੍ਰੋਫੈਸਰ ਟਾਈਡਮੈਨ ਕਹਿੰਦੀ ਹੈ, "ਅਸੀਂ ਜਾਣਦੇ ਹਾਂ ਕਿ ਇਹ ਸਾਡੀ ਜੀਵਨਸ਼ੈਲੀ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਲਈ ਜੋਖਮ ਦੇ ਕਾਰਕ ਹਨ।"

ਵਿਸ਼ਵ ਸਿਹਤ ਸੰਗਠਨ ਅਨੁਸਾਰ, ਸ਼ਰਾਬ ਦੀ ਖਪਤ ਵਿਸ਼ਵ ਪੱਧਰ 'ਤੇ ਹਰ ਸਾਲ 3 ਮਿਲੀਅਨ ਮੌਤਾਂ ਦੇ ਨਾਲ-ਨਾਲ ਲੱਖਾਂ ਲੋਕਾਂ ਦੀ ਅਪਾਹਜਤਾ ਅਤੇ ਮਾੜੀ ਸਿਹਤ ਲਈ ਯੋਗਦਾਨ ਪਾਉਂਦੀ ਹੈ।

ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ (AIHW) ਦੇ ਅੰਕੜੇ ਦਰਸਾਉਂਦੇ ਹਨ ਕਿ 2020 ਵਿੱਚ ਸ਼ਰਾਬ ਕਾਰਨ 1,452 ਮੌਤਾਂ ਦਰਜ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ (ਲਗਭਗ 73 ਪ੍ਰਤੀਸ਼ਤ) ਮਰਦਾਂ ਲਈ ਦਰਜ ਕੀਤੀਆਂ ਗਈਆਂ ਸਨ।

2020 ਵਿੱਚ ਸੰਸ਼ੋਧਿਤ ਆਸਟ੍ਰੇਲੀਅਨ ਅਲਕੋਹਲ ਦਿਸ਼ਾ-ਨਿਰਦੇਸ਼, ਸ਼ਰਾਬ ਪੀਣ ਤੋਂ ਸਿਹਤ ਦੇ ਜੋਖਮਾਂ ਨੂੰ ਘਟਾਉਣ ਲਈ ਸੇਵਨ ਲਈ ਦਿਸ਼ਾ-ਨਿਰਦੇਸ਼ ਨਿਰਧਾਰਤ ਕਰਦੇ ਹਨ।

ਇਸ ਤੋਂ ਇਲਾਵਾ ਕੈਂਸਰ ਕੌਂਸਲ, ਸ਼ਰਾਬ ਪੀਣ ਦੀ ਆਦਤ ਨੂੰ ਖਤਮ ਕਰਨ ਲਈ 12 ਸੁਝਾਵਾਂ ਦੀ ਸਿਫ਼ਾਰਸ਼ ਕਰਦੀ ਹੈ, ਜਿਸ ਵਿੱਚ ਅਲਕੋਹਲ-ਫ੍ਰੀ ਦਿਨ ਸ਼ਾਮਲ ਕਰਨਾ ਅਤੇ ਆਪਣੀ ਪਿਆਸ ਬੁਝਾਉਣ ਲਈ ਪਾਣੀ ਦੀ ਵਰਤੋਂ ਕਰਨਾ ਸ਼ਾਮਲ ਹੈ।

4. ਸਮਾਜਿਕ ਤੌਰ 'ਤੇ ਜੁੜੇ ਰਹਿਣਾ

ਫੈਸਰ ਟਾਈਡਮੈਨ ਦਾ ਕਹਿਣਾ ਹੈ ਕਿ ਸਮਾਜ ਵਿੱਚ ਇਕੱਲਾਪਣ ਇੱਕ "ਵੱਡੀ ਸਮੱਸਿਆ" ਹੈ।

“ਲੋਕਾਂ ਵਿੱਚ ਵਿਚਰਨਾ ਤੁਹਾਡੇ ਆਲੇ ਦੁਆਲੇ ਦੇ ਲੋਕਾਂ ਨਾਲ ਜੁੜੇ ਹੋਏ ਮਹਿਸੂਸ ਕਰਨ ਅਤੇ ਉਸ ਸਮਾਜ ਨਾਲ ਜੁੜੇ ਮਹਿਸੂਸ ਕਰਨ ਲਈ ਮਹੱਤਵਪੂਰਨ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ।"

"ਇਹ ਮਹਿਸੂਸ ਕਰਵਾਉਂਦਾ ਹੈ ਕਿ ਤੁਸੀਂ ਦੂਜੇ ਲੋਕਾਂ ਲਈ ਕੁਝ ਮਤਲਬ ਰੱਖਦੇ ਹੋ, ਅਤੇ ਇਹ ਵੀ ਦਰਸਾਉਂਦੇ ਹੋ ਕਿ ਤੁਸੀਂ ਦੂਜੇ ਲੋਕਾਂ ਦੀ ਪਰਵਾਹ ਕਰਦੇ ਹੋ। ਇਹ ਸਾਰਾ ਮਨੁੱਖੀ ਸਬੰਧ ਸੱਚਮੁੱਚ ਮਹੱਤਵਪੂਰਨ ਹੈ। ”

ਉਹ ਕਹਿੰਦੀ ਹੈ ਕਿ ਕਨੈਕਸ਼ਨ ਕਈ ਤਰੀਕਿਆਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਵਿੱਚ ਸਵੈਸੇਵੀ ਅਤੇ ਕਮਿਊਨਿਟੀ ਵਿੱਚ ਸਰਗਰਮ ਹੋਣਾ ਸ਼ਾਮਲ ਹੈ।

“ਵਲੰਟੀਅਰਿੰਗ ਭਾਵ ਦੂਜੇ ਲੋਕਾਂ ਦੇ ਨਾਲ ਇੱਕ ਸਮੂਹ ਦਾ ਹਿੱਸਾ ਹੋਣ ਦੇ ਨਾਲ ਸਮਾਜਿਕ ਸਬੰਧ ਨੂੰ ਉਤਸ਼ਾਹਤ ਕਰਨ ਦਾ ਇੱਕ ਤਰੀਕਾ ਹੋ ਸਕਦਾ ਹੈ ਅਤੇ ਕਈ ਲੋਕ ਖੇਡ ਨੂੰ ਆਪਣੇ ਸਮਾਜਿਕ ਸਬੰਧਾਂ ਦਾ ਪ੍ਰਸਾਰ ਕਰਨ ਦਾ ਇੱਕ ਵਧੀਆ ਤਰੀਕਾ ਸਮਝਦੇ ਹਨ।

"ਤੁਹਾਡੇ ਕੋਲ ਇੱਕ ਟੀਮ-ਅਧਾਰਤ ਖੇਡ ਹੈ, ਤੁਸੀਂ ਸਾਰੇ ਇੱਕੋ ਕਿਸਮ ਦੇ ਨਤੀਜੇ ਦਾ ਟੀਚਾ ਬਣਾ ਰਹੇ ਹੋ ਅਤੇ ਇਸ ਤਰੀਕੇ ਨਾਲ ਜੁੜੇ ਹੋਏ ਹੋ।"

ਹਾਲਾਂਕਿ, ਉਹ ਦੱਸਦੀ ਹੈ ਕਿ ਕੁਝ ਲੋਕ ਇਕੱਲੇ ਰਹਿਣਾ ਪਸੰਦ ਕਰਦੇ ਹਨ।

"ਭਾਵੇਂ ਉਹ ਵਿਅਕਤੀ ਇਕੱਲੇ ਹੀ ਕਿਓਂ ਨਾ ਹੋਣ, ਫਿਰ ਵੀ ਉਹਨਾਂ ਦਾ ਇਹ ਸੰਪਰਕ ਦੂਜੇ ਸਾਧਨਾਂ ਰਾਹੀਂ ਬਣਿਆ ਹੁੰਦਾ ਹੈ।"

ਬਿਓਂਡ ਬਲੂ ਸਕਾਈਪ, ਜ਼ੂਮ, ਫੇਸਟਾਈਮ ਅਤੇ ਹਾਊਸ ਪਾਰਟੀ ਵਰਗੀਆਂ ਐਪਾਂ ਸਮੇਤ ਵੱਖ-ਵੱਖ ਤਕਨੀਕਾਂ ਦੀ ਵਰਤੋਂ ਕਰਕੇ ਸਮਾਜਿਕ ਤੌਰ 'ਤੇ ਜੁੜੇ ਰਹਿਣ ਦੇ ਉਪਾਵਾਂ ਦੀ ਸਿਫ਼ਾਰਸ਼ ਕਰਦਾ ਹੈ, ਜੋ ਕਿ ਲੋਕਾਂ ਨੂੰ ਵੀਡੀਓ ਚੈਟ ਰਾਹੀਂ ਸਮੂਹਾਂ ਵਿੱਚ ਜੁੜਨ ਦੀ ਇਜਾਜ਼ਤ ਦਿੰਦਿਆਂ ਹਨ।

ਸੰਸਥਾ ਨਿਯਮਤ ਸਮਾਜਿਕ ਮੇਲ-ਮਿਲਾਪ ਤਹਿ ਕਰਨ ਦੀ ਵੀ ਸਿਫ਼ਾਰਸ਼ ਕਰਦੀ ਹੈ, ਜਿਸ ਵਿੱਚ ਇੱਕ ਬੁੱਕ ਕਲੱਬ, ਟ੍ਰੀਵੀਆ ਨਾਈਟ, ਫੈਮਿਲੀ ਡਿਨਰ, ਡਾਂਸ ਪਾਰਟੀ ਜਾਂ ਸ਼ਾਮ ਨੂੰ ਦੋਸਤਾਂ ਨਾਲ ਬੈਠ ਕੇ ਗੱਲਾਂ-ਬਾਤਾਂ ਕਰਨਾ ਸ਼ਾਮਲ ਹੈ।

5. ਆਪਣੇ ਆਪ ਅਤੇ ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ ਉਨ੍ਹਾਂ ਨਾਲ ਸੰਪਰਕ ਕਰੋ

ਪ੍ਰੋਫੇਸਰ ਟਾਈਡਮੈਨ ਕਹਿੰਦੀ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਲੱਗੇ ਲੌਕਡਾਊਨ ਇਸ ਗੱਲ ਦੀ ਇੱਕ ਚੰਗੀ ਉਦਾਹਰਣ ਸਨ ਕਿ ਆਪਣੀ ਅਤੇ ਆਪਣੇ ਨਜ਼ਦੀਕੀਆਂ ਦੇਖਭਾਲ ਕਰਨ ਦੀ ਲੋੜ ਕਿਉਂ ਹੈ।

“ਮੈਨੂੰ ਲਗਦਾ ਹੈ ਕਿ ਇਹ ਸੱਚ-ਮੁੱਚ ਮਹੱਤਵਪੂਰਨ ਹੈ। ਮੈਂ ਆਪਣੇ ਆਪ ਨੂੰ ਜਾਣਦੀ ਹਾਂ, ਉਦਾਹਰਣ ਵਜੋਂ, ਮੈ ਲੋਕਡਾਉਨ ਵਿੱਚ ਬੰਦ ਆਪਣੇ ਬਜ਼ੁਰਗ ਮਾਪਿਆਂ ਬਾਰੇ ਚਿੰਤਤ ਹੋਵਾਂਗੀ ਜਾਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਾਂਗੀ ਕਿ ਉਹਨਾਂ ਨੂੰ ਉਹ ਸਭ ਕੁਝ ਮਿਲ ਗਿਆ ਹੋਵੇ ਜਿਸਦੀ ਉਨ੍ਹਾਂ ਨੂੰ ਲੋੜ ਹੈ।"

“ਪਰ ਤੁਹਾਨੂੰ ਅਕਸਰ ਇਹ ਅਹਿਸਾਸ ਨਹੀਂ ਹੁੰਦਾ ਕਿ ਤੁਸੀਂ ਬਹੁਤ ਜ਼ਿਆਦਾ ਤਣਾਅ ਅਤੇ ਚਿੰਤਾ ਦਾ ਸਾਹਮਣਾ ਕਰ ਰਹੇ ਹੋ। ਅਤੇ ਇਸ ਲਈ, ਸਿਰਫ਼ ਆਪਣੇ ਆਪ ਦੀ ਜਾਂਚ ਕਰਨਾ, ਅਤੇ ਇਹ ਸੁਨਿਸ਼ਚਿਤ ਕਰਨਾ ਕਿ ਤੁਸੀਂ ਉਹ ਕੰਮ ਕਰ ਰਹੇ ਹੋ ਜੋ ਤੁਹਾਡੀ ਆਪਣੀ ਭਲਾਈ ਲਈ ਚੰਗੀਆਂ ਹਨ ਅਸਲ ਵਿੱਚ ਮਹੱਤਵਪੂਰਨ ਹੈ।

ਬਲੈਕ ਡੌਗ ਇੰਸਟੀਚਿਊਟ ਉਨ੍ਹਾਂ ਛੇ ਚੀਜ਼ਾਂ ਦੀ ਇੱਕ ਚੈਕਲਿਸਟ ਦੀ ਸਿਫ਼ਾਰਸ਼ ਕਰਦਾ ਹੈ ਜਿਨ੍ਹਾਂ ਦੀ ਇੱਕ ਵਿਅਕਤੀ ਨੂੰ ਆਪਣੀ ਮਾਨਸਿਕ ਸਿਹਤ ਦੇ ਸਿਖਰ 'ਤੇ ਰੱਖਣ ਲਈ ਹਫ਼ਤਾਵਾਰੀ ਜਾਂਚ ਕਰਨੀ ਚਾਹੀਦੀ ਹੈ, ਜਿਸ ਵਿੱਚ ਉਨ੍ਹਾਂ ਦੀਆਂ ਭਾਵਨਾਵਾਂ, ਸਰੀਰ, ਨੀਂਦ ਅਤੇ ਵਿਚਾਰ ਸ਼ਾਮਲ ਹਨ।

ਲੋੜਵੰਦ ਲਾਈਫਲਾਈਨ ਦੀ 24-7 ਸੰਕਟ ਸਹਾਇਤਾ ਲਈ 13 11 14 'ਤੇ, ਸੁਸਾਈਡ ਕਾਲ ਬੈਕ ਸੇਵਾ ਲਈ 1300 659 467 'ਤੇ ਅਤੇ ਕਿਡਜ਼ ਹੈਲਪਲਾਈਨ (5 ਤੋਂ 25 ਸਾਲ ਉਮਰਵਗ) ਲਈ 1800 55 1800 'ਤੇ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ Beyondblue.org.au ਅਤੇ lifeline.org.au 'ਤੇ ਉਪਲਬਧ ਹੈ।

ਐਂਮਬ੍ਰੇਸ ਮਲਟੀਕਲਚ੍ਰਲ ਮੈਂਟਲ ਹੈਲਥ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੇ ਲੋਕਾਂ ਦਾ ਸਮਰਥਨ ਕਰਦੀ ਹੈ।

Share

Published

Updated

Source: SBS

Share this with family and friends


Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand