ਆਪਣੇ ਗੁਆਂਢੀਆਂ ਦੇ ਬੇਹੱਦ ਨਿੱਜੀ ਪਲਾਂ ਨੂੰ ਓਹਨਾ ਦੀ ਜਾਣਕਾਰੀ ਤੋਂ ਬਿਨਾ ਕੈਮਰੇ ਤੇ ਫ਼ਿਲਮਾਉਣ ਅਤੇ ਪੋਰਨ ਇੰਟਰਨੇਟ ਸਾਈਟ ਤੇ ਅੱਪਲੋਡ ਕਰਨ ਵਾਲੇ ਇੱਕ ਵਿਅਕਤੀ ਨੂੰ ਜੇਲ ਵਿੱਚ ਕੈਦ ਕੀਤਾ ਗਿਆ ਹੈ।
7 ਨਿਊਜ਼ ਮੁਤਾਬਿਕ, ਇੰਡੋਨੇਸ਼ੀਆ ਦੇ ਨਾਗਰਿਕ ਵਾਵਾਂਨ ਪ੍ਰਦੀਆਤ ਨੂੰ ਅੱਠ ਮਹੀਨੇ ਦੀ ਕੈਦ ਦੀ ਸਜ਼ਾ ਹੋਈ ਹੈ ਪ੍ਰੰਤੂ ਉਹ ਤਕਰੀਬਨ ਛੇ ਹਫਤਿਆਂ ਵਿੱਚ ਪਰੋਲ ਤੇ ਬਾਹਰ ਆ ਜਾਵੇਗਾ। ਉਸ ਉਪਰੰਤ ਉਸਦਾ 457 ਵੀਜ਼ਾ ਰੱਦ ਕਰਕੇ ਉਸਨੂੰ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ।
ਪ੍ਰਦੀਆਤ ਦੇ ਗੁਆਂਢੀਆਂ ਨੇ ਆਪਣੇ ਨਿੱਜੀ ਪਲਾਂ ਦੇ ਇੱਕ ਵੀਡੀਓ ਨੂੰ ਇੰਟਰਨੇਟ ਤੇ ਵੇਖਣ ਮਗਰੋਂ ਪੁਲਿਸ ਤੱਕ ਪਹੁੰਚ ਕੀਤੀ ਸੀ। ਪੁਲਿਸ ਵੱਲੋਂ ਉਸਦੇ ਕੰਪਿਊਟਰ ਦੀ ਜਾਂਚ ਕਰਨ ਤੇ ਉਸਦੇ ਨਾਲ ਰਹਿਣ ਵਾਲੀਆਂ ਔਰਤਾਂ ਦੇ ਬਾਥਰੂਮ ਵਿੱਚ ਰਿਕਾਰਡ ਕੀਤੇ ਚਾਰ ਹੋਰ ਵੀਡੀਓ ਵੀ ਬਰਾਮਦ ਹੋਏ। ਉਸਨੇ ਆਪਣੇ ਬਚਾ ਵਿੱਚ ਕਿਹਾ ਕਿ ਉਸਨੂੰ ਇਹ ਨਹੀਂ ਪਤਾ ਸੀ ਕਿ ਜੋ ਉਹ ਕਰ ਰਿਹਾ ਹੈ ਉਹ ਗੈਰਕਾਨੂੰਨੀ ਹੈ।
ਉਸਨੇ ਇਹ ਵੀ ਕਿਹਾ ਕਿ ਉਸਨੇ ਵੀਡੀਓ ਪੋਰਨ ਵੈਬਸਾਈਟ ਤੇ ਜਾਨ ਬੁਝ ਕੇ ਅੱਪਲੋਡ ਨਹੀਂ ਕੀਤੇ ਅਤੇ ਉਹ ਕੇਵਲ ਉਸਦੇ ਨਿਜੀ ਇਸਤੇਮਾਲ ਲਈ ਸਨ।
ਖਬਰ ਮੁਤਾਬਿਕ, ਉਹ ਵੀਡੀਓ ਇੰਨੀ ਜ਼ਿਆਦਾ ਵਾਰ ਦੇਖੇ ਅਤੇ ਡਾਊਨਲੋਡ ਕੀਤੇ ਜਾ ਚੁੱਕੇ ਹਨ ਕਿ ਓਹਨਾ ਨੂੰ ਕਦੇ ਵੀ ਮੁੱਕਮਲ ਤੌਰ ਤੇ ਇੰਟਰਨੇਟ ਤੋਂ ਹਟਾਇਆ ਨਹੀਂ ਜਾ ਸਕਦਾ।
ਉਸਨੂੰ ਡਿਪੋਰਟ ਕਰਨ ਬਾਰੇ ਕੋਈ ਫੈਸਲਾ ਇਮੀਗ੍ਰੇਸ਼ਨ ਵਿਭਾਗ ਵੱਲੋਂ ਕੀਤਾ ਜਾਵੇਗਾ।