ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਉੱਤੇ ਹਰਿਮੰਦਰ ਸਾਹਿਬ ਦੀ ਸਜਾਵਟ ਦਾ ਅਲੌਕਿਕ ਨਜ਼ਾਰਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਅੱਜ ੧੦ ਸਤੰਬਰ ਨੂੰ ਸਿੱਖ ਜਗਤ ਵੱਲੋਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਨਗਰ ਕੀਰਤਨ, ਸੁੰਦਰ ਜਲੌ ਅਤੇ ਗੁਰਮਤਿ ਸਮਾਗਮ ਹੋਣਗੇ ਅਤੇ ਸੁੰਦਰ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਬਣੇਗੀ ਖਿੱਚ ਦਾ ਕੇਂਦਰ।

Sr Harmandir Sahib ji

Source: Supplied

ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਘਰ ਦੇ ਸ਼ਰਧਾਲੂਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਫੁੱਲਾਂ ਨਾਲ ਕੀਤੀ ਗਈ ਸਜਾਵਟ ਸੰਗਤਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ, ਸ੍ਰੀ ਅਕਾਲ ਤਖਤ ਸਾਹਿਬ, ਇਥੇ ਸਥਿਤ ਹੋਰ ਗੁਰਦੁਆਰਾ ਸਾਹਿਬਾਨ, ਦਰਸ਼ਨੀ ਡਿਓਢੀ ਸਮੇਤ ਹੋਰ ਅਨੇਕਾਂ ਥਾਵਾਂ ਨੂੰ ਖੂਬਸੂਰਤ ਫੁੱਲਾਂ ਨਾਲ ਸ਼ਿੰਗਾਰਿਆ ਗਿਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੁੱਲਾਂ ਦੀ ਇਹ ਸਜਾਵਟ ਵਿਲੱਖਣ ਨਜ਼ਾਰਾ ਪੇਸ਼ ਕਰ ਰਹੀ ਹੈ।

ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਿੱਲੀ ਨਿਵਾਸੀ ਗੁਰੂ ਘਰ ਦੇ ਸ਼ਰਧਾਲੂ ਸ੍ਰੀ ਕੇ.ਕੇ ਸ਼ਰਮਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇਹ ਫੁੱਲਾਂ ਦੀ ਸੇਵਾ ਕਰਵਾਈ ਗਈ ਹੈ ਅਤੇ ਇਸ ਵਿਚ ਸ. ਸੁਰਿੰਦਰਪਾਲ ਸਿੰਘ ਅਤੇ ਉਸ ਦੇ ਪਰਿਵਾਰ ਦਾ ਵੀ ਵਿਸ਼ੇਸ਼ ਯੋਗਦਾਨ ਹੈ।

ਉਨ੍ਹਾਂ ਦੱਸਿਆ ਕਿ ਸੇਵਾ ਕਰਵਾ ਰਹੇ ਸ਼ਰਧਾਲੂਆਂ ਵੱਲੋਂ ਸਜਾਵਟ ਲਈ ੧੦੦ ਕੁਇੰਟਲ ਦੇ ਕਰੀਬ ਵੱਖ-ਵੱਖ ਦੇਸ਼ਾਂ ਤੋਂ ਫੁੱਲ ਮੰਗਵਾਏ ਗਏ ਹਨ, ਜਿਨ੍ਹਾਂ ਵਿਚ ਮਲੇਸ਼ੀਆ, ਥਾਈਲੈਂਡ, ਕੀਨੀਆ, ਸਿੰਘਾਪੁਰ, ਆਸਟ੍ਰੇਲੀਆ ਆਦਿ ਮੁੱਖ ਹਨ। ਉਨ੍ਹਾਂ ਦੱਸਿਆ ਕਿ ਵਾਤਾਅਨੁਕੂਲ ਵਿਸ਼ੇਸ਼ ਟਰੱਕਾਂ ਰਾਹੀਂ ਲਿਆਂਦੇ ਫੁੱਲ ਬਿਲਕੁਲ ਤਰੋ-ਤਾਜ਼ਾ ਹਨ ਅਤੇ ਇਨ੍ਹਾਂ ਵਿੱਚੋਂ ਕਈ ਅਜਿਹੇ ਹਨ ਜੋ ਲੰਮਾਂ ਸਮਾਂ ਖਰਾਬ ਵੀ ਨਹੀਂ ਹੋਣਗੇ।

ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਵੀ ਸ਼ਰਧਾਲੂਆਂ ਵੱਲੋਂ ਫੁੱਲਾਂ ਦੀ ਸਜਾਵਟ ਕਰਵਾਈ ਜਾਂਦੀ ਹੈ ਅਤੇ ਸੰਗਤਾਂ ਇਸ ਸਜਾਵਟ ਨੂੰ ਵੇਖ ਕੇ ਅਨੰਦਤ ਹੁੰਦੀਆਂ ਹਨ। ਡਾ. ਰੂਪ ਸਿੰਘ ਨੇ ਕਿਹਾ ਕਿ ਗੁਰਪੁਰਬਾਂ ਮੌਕੇ ਸੰਗਤਾਂ ਦੀ ਇਹ ਸ਼ਰਧਾ ਗੁਰੂ ਸਾਹਿਬ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ ਅਤੇ ਗੁਰੂ ਘਰ ਦੇ ਸ਼ਰਧਾਲੂ ਇਥੇ ਸੇਵਾ ਕਰਕੇ ਆਪਣੇ ਆਪ ਨੂੰ ਧੰਨਤਾਯੋਗ ਮਹਿਸੂਸ ਕਰਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਸਬੰਧੀ ਬੀਤੇ ਦਿਨਾਂ ਤੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਲਗਾਤਾਰ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ। ਅੱਜ ੧੦ ਸਤੰਬਰ ਨੂੰ ਗੁਰਪੁਰਬ ਮੌਕੇ ਸਿੱਖ ਰਵਾਇਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਅਸਥਾਨ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ।

ਇਸ ਤੋਂ ਇਲਾਵਾ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਸੁੰਦਰ ਜਲੌ ਦੇ ਵੀ ਸੰਗਤਾਂ ਦਰਸ਼ਨ ਕਰ ਸਕਣਗੀਆਂ। ਸੁੰਦਰ ਦੀਪਮਾਲਾ ਤੇ ਆਤਿਸ਼ਬਾਜ਼ੀ ਵੀ ਕੀਤੀ ਜਾਵੇਗੀ।

ਰਾਤ ਨੂੰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਰਾਤ ਵਿਸ਼ੇਸ਼ ਗੁਰਮਤਿ ਸਮਾਗਮ ਵੀ ਹੋਵੇਗਾ, ਜਿਸ ਵਿਚ ਸਿੱਖ ਕੌਮ ਦੇ ਪ੍ਰਸਿੱਧ ਰਾਗੀ ਤੇ ਕਥਾਵਾਚਕ ਹਾਜ਼ਰੀ ਭਰਨਗੇ। ਇਨ੍ਹਾਂ ਸਮਾਗਮਾਂ ਸਬੰਧੀ ਸੰਗਤ ਵਿਚ ਭਾਰੀ ਉਤਸ਼ਾਹ ਹੈ।

Follow SBS Punjabi on Facebook and Twitter.


Share

3 min read

Published

Updated

By Preetinder Grewal



Share this with family and friends


Follow SBS Punjabi

Download our apps

Watch on SBS

Punjabi News

Watch now