ਆਸਟ੍ਰੇਲੀਅਨ ਕਮਿਊਨੀਕੇਸ਼ਨ ਕੰਜ਼ਿਊਮਰ ਐਕਸ਼ਨ ਨੈੱਟਵਰਕ ਦੀ ਹਾਲ ਹੀ ਵਿੱਚ ਆਈ ਰਿਪੋਰਟ 'ਕੇਨ ਯੂ ਹੀਅਰ ਮੀ' ਵਿੱਚ ਕਈ ਅਹਿਮ ਖੁਲਾਸੇ ਹੋਏ ਹਨ।
ਟੈਲਕੋ ਕੰਪਨੀਆਂ ਦੀ ਸਹੂਲਤ ਲੈਂਦੇ 1300 ਲੋਕਾਂ ਦੇ ਸਰਵੇ ਵਿੱਚ ਪਾਇਆ ਗਿਆ ਹੈ ਕਿ ਆਪਣੀ ਸਮੱਸਿਆ ਦਾ ਹੱਲ ਕਰਨ ਲਈ ਗ੍ਰਾਹਕਾਂ ਨੂੰ ਔਸਤਨ 2.6 ਵਾਰ ਆਪਣੀਆਂ ਕੰਪਨੀਆਂ ਨੂੰ ਸੰਪਰਕ ਕਰਨਾ ਪੈਂਦਾ ਹੈ ਅਤੇ ਕਈ ਵਾਰ ਇਸ ਦੇ ਚਲਦਿਆਂ 2 ਮਹੀਨੇ ਅਜਾਈਂ ਨਿੱਕਲ ਜਾਂਦੇ ਹਨ।
ਸਰਵੇ ਕਰਨ ਵਾਲੇ ਕੰਜ਼ਿਊਮਰ ਗਰੁੱਪ ਵੱਲੋਂ ਟੈਲਕੋ ਕੰਪਨੀਆਂ ਨੂੰ ਨਿਯਮਤ ਕਰਨ ਵਾਲ਼ੀ ਆਸਟ੍ਰੇਲੀਅਨ ਕਮਿਊਨੀਕੇਸ਼ਨ ਅਤੇ ਮੀਡਿਆ ਅਥਾਰਿਟੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਸਬੰਧੀ ਬਣਦੀ ਕਾਰਵਾਈ ਕਰਨ।
ਮੈਲਬੌਰਨ ਦੇ ਜਸਮੀਤ ਸਿੰਘ ਨੇ ਆਪਣੇ ਫੋਨ ਦੀ ਸਮੱਸਿਆ ਦਾ ਹੱਲ ਲੱਭਣ ਲਈ ਟੈਲੀਫੋਨ ਤੇ ਇੰਟਰਨੇਟ ਸਹੂਲਤ ਪ੍ਰਦਾਨ ਕਰਨ ਵਾਲੀ ਕੰਪਨੀ ਨੂੰ ਦੋ ਮਹੀਨੇ ਪਹਿਲਾਂ ਲਿਖਤੀ ਦਰਖ਼ਾਸਤ ਦਿੱਤੀ ਸੀ।
ਜਸਮੀਤ ਨੇ ਦੱਸਿਆ ਕਿ ਉਸਨੂੰ ਖੁਦ ਘੱਟੋ-ਘੱਟ ਸੱਤ ਵਾਰ ਇਸ ਕੰਪਨੀ ਦੇ ਅਧਿਕਾਰੀਆਂ ਨੂੰ ਫੋਨ ਕਰਨਾ ਪਿਆ ਤਾਂ ਕਿਤੇ ਜਾਕੇ ਉਸਦੀ ਮੱਦਦ ਕੀਤੀ ਗਈ - "ਮੈਨੂੰ ਦੱਸਦੇ ਦੁੱਖ ਹੋ ਰਿਹਾ ਹੈ ਕਿ ਓਹਨਾ ਨੂੰ ਇਸ ਬਾਰੇ ਕੋਈ ਪ੍ਰਵਾਹ ਨਹੀਂ, ਮੈਂ ਇਸ ਕੰਪਨੀ ਨਾਲ 24 ਮਹੀਨੇ ਦਾ ਇਕਰਾਰ ਕੀਤਾ ਹੋਇਆ ਹੈ, ਇਸਦੇ ਚਲਦਿਆਂ ਸਰਵਿਸ ਪ੍ਰੋਵਾਇਡਰ ਬਦਲਣਾ ਸੰਭਵ ਨਹੀਂ।"
"ਕੀ ਉਹਨਾਂ ਦੀ ਸਾਡੀ ਸਮੱਸਿਆ ਦਾ ਨਿਵਾਰਨ ਕਰਨ ਲਈ ਕੋਈ ਜਿੰਮੇਵਾਰੀ ਨਹੀਂ?”
“ਸਿਰ ਤੇ ਨੀ ਕੁੰਡਾ ਹਾਥੀ ਫਿਰੇ ਲੁੰਡਾ - ਇਹ ਆਸਟ੍ਰੇਲੀਅਨ ਕਮਿਊਨੀਕੇਸ਼ਨ ਅਤੇ ਮੀਡਿਆ ਅਥਾਰਿਟੀ ਦੀ ਨਲਾਇਕੀ ਹੈ ਜੋ ਉਹ ਇਹਨਾਂ ਕੰਪਨੀਆਂ ਖਿਲਾਫ ਕੋਈ ਕਾਰਵਾਈ ਨਹੀਂ ਕਰਦੇ।
"ਜਦ ਪੇਮੈਂਟ ਲੈਣ ਲੱਗਿਆਂ ਇੱਕ ਦਿਨ ਦੀ ਗੁੰਜਾਇਸ਼ ਨਹੀਂ ਤਾਂ ਮਸਲੇ ਨਿਪਟਾਉਣ ਲਈ 2-2 ਮਹੀਨੇ ਦੀ ਦੇਰੀ ਕਿਓਂ ਤੇ ਉਹ ਵੀ ਗ੍ਰਾਹਕ ਦੀ ਜਿੰਮੇਵਾਰੀ ਕਿ ਉਹ ਖੁਦ ਘੰਟਿਆਂ-ਬੱਧੀ ਮੁੜ-ਮੁੜ ਫੋਨ ਕਰਕੇ ਪਤਾ ਕਰੇ ਕਿ ਮਸਲੇ ਦਾ ਹੱਲ ਹੋਇਆ ਜਾਂ ਨਹੀਂ।“