ਭਾਰਤੀ ਲੋਕਾਂ ਦੀ 'ਹਿੰਦੂ ਭੋਜਨ' ਦੀ ਮੰਗ ਦੇ ਮੱਦੇਨਜ਼ਰ ਬਹੁਤ ਸਾਰੀਆਂ ਹਵਾਈ ਕੰਪਨੀਆਂ ਇਹ ਸਹੂਲਤ ਪ੍ਰਦਾਨ ਕਰਦੀਆਂ ਹਨ। ਪਰ ਹਾਲ ਹੀ ਵਿੱਚ ਦੁਬਈ ਦੀ ਐਮੀਰੇਟਸ ਏਅਰਲਾਈਨਜ਼ ਨੇ ਹਵਾਈ ਯਾਤਰਾ ਦੌਰਾਨ 'ਹਿੰਦੂ ਭੋਜਨ' ਨਾ ਪਰੋਸਣ ਦਾ ਫੈਸਲਾ ਲਿਆ ਸੀ।
ਇਸ ਫੈਸਲੇ ਦੇ ਖਿਲਾਫ ਐਮੀਰੇਟਸ ਨੂੰ ਟਵਿੱਟਰ ਤੇ ਕਾਫੀ ਨਾਰਾਜ਼ਗੀ ਦਾ ਸਾਮਣਾ ਕਰਨਾ ਪਿਆ ਹੈ ਜਿਸਦੇ ਚਲਦਿਆਂ ਹੁਣ ਉਹਨਾਂ ਪਹਿਲਾਂ ਵਾਲੀ ਸਥਿਤੀ ਬਹਾਲ ਕਰਨ ਦਾ ਫੈਸਲਾ ਕੀਤਾ ਹੈ।
ਐਸ ਬੀ ਐਸ ਹਿੰਦੀ ਨੂੰ ਭੇਜੇ ਇੱਕ ਬਿਆਨ ਵਿੱਚ ਸਬੰਧਿਤ ਏਅਰਲਾਈਨਜ਼ ਨੇ ਆਖਿਆ ਹੈ ਕਿ ਉਹ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਧਾਰਮਿਕ ਆਸਥਾ ਦੇ ਚਲਦਿਆਂ ਇਹ ਸਹੂਲਤ ਪ੍ਰਧਾਨ ਕਰਦੀ ਰਹੇਗੀ।
ਇਸਦੇ ਬਿਆਨ ਦੇ ਚਲਦਿਆਂ ਉਨ੍ਹਾਂ ਯਾਤਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੀ ਪਛਾਣ ਦੱਸਦੇ ਹੋਏ ਇਸ ਜ਼ਰੂਰਤ ਬਾਰੇ ਸਬੰਧਿਤ ਸਿਸਟਮ ਜਾਂ ਅਧਿਕਾਰੀ ਨੂੰ ਜਰੂਰ ਦੱਸਣ।
ਇੱਥੇ ਦੱਸਣਯੋਗ ਹੈ ਕਿ ਐਮੀਰੇਟਸ ਏਅਰਲਾਈਨਜ਼ ਨੇ ਪਹਿਲੇ ਫੈਸਲੇ ਤਹਿਤ ਭੋਜਨ ਦੀ ਸਹੂਲਤ ਵਿੱਚ ਸ਼ਾਕਾਹਾਰੀ ਜੈਨ ਭੋਜਨ, ਭਾਰਤੀ ਸ਼ਾਕਾਹਾਰੀ ਭੋਜਨ, ਕੋਸ਼ਰ ਭੋਜਨ ਜਿਓਂ ਦੀ ਤਿਓਂ ਰੱਖੇ ਹੋਏ ਸਨ, ਕਟੌਤੀ ਸਿਰਫ 'ਹਿੰਦੂ ਭੋਜਨ' ਉੱਤੇ ਹੀ ਕੀਤੀ ਗਈ ਸੀ।
ਏਅਰਲਾਈਨਜ਼ ਨੂੰ ਇਸ ਫੈਸਲੇ ਪਿੱਛੋਂ ਟਵਿੱਟਰ ਤੇ ਕਾਫੀ ਤਿੱਖੇ ਪ੍ਰਤੀਕਰਮ ਦਾ ਸਾਮਣਾ ਕਰਨਾ ਪਿਆ ਸੀ। ਆਪਣੇ ਆਪ ਨੂੰ ਇੱਕ ਬੰਗਾਲੀ ਹਿੰਦੂ ਵਜੋਂ ਦੱਸਦੇ ਕ੍ਰਿਸ਼ਨਾ ਮਿੱਤਰਾ ਨੇ ਟਵੀਟ ਜ਼ਰੀਏ ਲੋਕਾਂ ਨੂੰ ਐਮੀਰੇਟਸ ਏਅਰਲਾਈਨਜ਼ ਦਾ ਬਾਈਕਾਟ ਕਰਨ ਲਈ ਆਖਿਆ ਸੀ।
ਭਾਵੇਂ ਇਹ ਗੱਲ ਕਈ ਲੋਕਾਂ ਦੇ ਦਿਲ ਲੱਗੀ ਹੋ ਸਕਦੀ ਹੈ ਪਰ ਕੁਝ ਟਵਿੱਟਰ ਤੇ ਕੁਝ ਹੋਰ ਪ੍ਰਤੀਕਿਰਿਆਵਾਂ ਵੀ ਆਈਆਂ ਹਨ ਜੋ ਇਸ ਮਾਮਲੇ ਬਹੁਤਾ ਤੂਲ ਨਾ ਦਿੱਤੇ ਜਾਣ ਦੀ ਗੱਲ ਆਖ ਰਹੀਆਂ ਹਨ।
ਵਾਈ ਮੇਹਰਬਾਬਾ ਨੇ ਟਵੀਟ ਕਰਕੇ ਆਖਿਆ ਹੈ ਕਿ 'ਹਿੰਦੂ ਮੀਲ' ਤੇ 'ਸ਼ਾਕਾਹਾਰੀ ਭੋਜਨ' ਵਿੱਚ ਕੋਈ ਬਹੁਤ ਫ਼ਰਕ਼ ਨਹੀਂ, ਇਸ ਲਈ ਜੇ ਇਸਨੂੰ ਹਟਾ ਵੀ ਦਿੱਤਾ ਜਾਂਦਾ ਹੈ ਤਾਂ ਕੋਈ ਬਹੁਤ ਫ਼ਰਕ਼ ਨਹੀਂ ਪੈਂਦਾ।
ਸੁਨੀਸ਼ ਸੁਲਤਾਨੀਆ ਨੇ ਟਵੀਟ ਕੀਤਾ ਕਿ 'ਹਿੰਦੂ ਭੋਜਨ' ਇੱਕ ਉਲਝਣ ਦੀ ਸਥਿਤੀ ਹੈ, ਚੰਗਾ ਹੋਇਆ ਇਸਨੂੰ ਕੱਢ ਦਿੱਤਾ। ਅਸਲ ਵਿੱਚ 'ਹਿੰਦੂ ਭੋਜਨ' ਮਾਸਾਹਾਰੀ ਖਾਣਾ ਹੈ ਜਿਸ ਵਿੱਚ ਬੀਫ ਨਹੀਂ ਹੁੰਦਾ ਜਿਵੇਂ ਕਿ ਹਲਾਲ ਵਿੱਚ ਪੋਰਕ ਨਹੀਂ ਹੁੰਦਾ। ਮੇਰੇ ਵਰਗੇ ਸ਼ਾਕਾਹਾਰੀ ਲੋਕ ਜੋ ਕਈ ਵਾਰ ਹਿੰਦੂ ਭੋਜਨ ਦੀ ਮੰਗ ਕਰਦੇ ਉਨ੍ਹਾਂ ਨੂੰ ਚਿਕਨ ਜਾਂ ਮਟਨ ਲਿਆ ਦਿੱਤਾ ਜਾਂਦਾ ਸੀ।'