Key Points
- ਆਸਟ੍ਰੇਲੀਆ ਵਿੱਚ 5 ਸਤੰਬਰ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਕਮਜ਼ੋਰ ਵਰਗ ਦੇ ਬੱਚਿਆਂ ਲਈ ਟੀਕਾਕਰਨ ਹੋਵੇਗਾ ਉਪਲਬਧ
- ਮਾਹਰਾਂ ਮੁਤਾਬਕ ਕੁੱਝ ਬੱਚਿਆਂ ਲਈ ਭਿਆਨਕ ਹੋ ਸਕਦਾ ਹੈ ਕੋਵਿਡ
- ਬਾਲਗਾਂ ਦੇ ਮੁਕਾਬਲੇ, ਬੱਚਿਆਂ ਵਿੱਚ ਵੈਕਸੀਨ ਦੇ ਮਾੜੇ ਪ੍ਰਭਾਵ ਘੱਟ ਹੁੰਦੇ ਹਨ
ਇਸ ਸਾਲ ਦੇ ਸ਼ੁਰੂ ਵਿੱਚ, ਕੋਵਿਡ-19 ਦੀ ਵੈਕਸੀਨ ਪੰਜ ਤੋਂ ਗਿਆਰ੍ਹਾਂ ਸਾਲ੍ਹਾਂ ਦੇ ਬੱਚਿਆਂ ਲਈ ਉਪਲਬਧ ਕਰ ਦਿੱਤੀ ਗਈ ਸੀ।
ਪਰ ਇਸਦੇ ਬਾਵਜੂਦ, ਇਸ ਉਮਰ ਵਰਗ ਦੇ 2.3 ਮਿਲੀਅਨ ਯੋਗ ਬੱਚਿਆਂ ਵਿੱਚੋਂ ਸਿਰਫ 40 ਫੀਸਦੀ ਨੇ ਹੀ ਵੈਕਸੀਨ ਦੇ ਦੋਵੇਂ ਟੀਕੇ ਲਗਵਾਏ ਹਨ।
ਸਿਡਨੀ ਬੱਚਿਆਂ ਦੇ ਹਸਪਤਾਲ ਵਿੱਚ ਬਾਲ ਰੋਗਾਂ ਦੇ ਮਾਹਰ ਡਾਕਟਰ ਬ੍ਰੈਂਡਨ ਮੈਕਮੁਲਨ ਦਾ ਮੰਨਣਾ ਹੈ ਕਿ ਸ਼ਾਇਦ ਮਾਪੇ ਵੈਕਸੀਨ ਦੇ ਮਾੜ੍ਹੇ ਪ੍ਰਭਾਵਾਂ ਨੂੰ ਲੈ ਕੇ ਚਿੰਤਤ ਹਨ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਟੀਕੇ ਲਗਵਾਉਣ ਦੀ ਲੋੜ ਨਹੀਂ ਹੈ।
ਬਾਲ ਰੋਗਾਂ ਦੇ ਮਾਹਰ ਅਤੇ ਐਸੋਸੀਏਟ ਪ੍ਰੋਫੈਸਰ ਨਿਕ ਵੁੱਡ ਦਾ ਕਹਿਣਾ ਹੈ ਕਿ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਟੀਕੇ ਨਾ ਲਗਵਾਉਣ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚਿਆਂ ਨੂੰ ਟੀਕਾਕਰਨ ਕੇਂਦਰ ਵਿੱਚ ਲਿਜਾਉਣ ਲਈ ਸਮ੍ਹਾਂ ਨਾ ਮਿਲਣਾ।
ਪ੍ਰੋਫੈਸਰ ਵੁੱਡ ਮੁਤਾਬਕ ਛੇ ਤੋਂ ਸੱਤ ਸਾਲ੍ਹਾਂ ਦੇ ਉਹ ਬੱਚੇ ਜਿੰਨ੍ਹਾਂ ਨੂੰ ਕੋਵਿਡ-19 ਹੋ ਚੁੱਕਾ ਹੈ, ਹੋ ਸਕਦਾ ਹੈ ਉਹਨਾਂ ਦੇ ਮਾਪੇ ਇਹ ਸੋਚਦੇ ਹੋਣ ਕਿ ਇਹ ਲਾਗ ਬਹੁਤੀ ਮਾੜੀ ਨਹੀਂ ਹੈ, ਜਿਸ ਕਰ ਕੇ ਉਹਨਾਂ ਦੇ ਬੱਚਿਆਂ ਨੂੰ ਵੈਕਸੀਨ ਲਗਵਾਉਣ ਦੀ ਲੋੜ ਨਹੀਂ ਹੈ।
ਉਹਨਾਂ ਦੱਸਿਆ ਕਿ ਜੇਕਰ ਕੋਵਿਡ-19 ਹੋ ਜਾਵੇ ਤਾਂ ਵੈਕਸੀਨ ਲਗਵਾਉਣ ਲਈ ਤਿੰਨ ਮਹੀਨਿਆਂ ਦਾ ਇੰਤਜ਼ਾਰ ਕਰਨਾ ਪੈਂਦਾ ਹੈ ਅਤੇ ਇਹ ਵੀ ਟੀਕਾਕਰਨ ਦੀ ਘੱਟ ਗਿਣਤੀ ਦਾ ਕਾਰਨ ਹੋ ਸਕਦਾ ਹੈ।
ਕੀ ਬੱਚਿਆਂ ਨੂੰ ਕੋਵਿਡ-19 ਵੈਕਸੀਨ ਦੀ ਲੋੜ ਹੈ?
ਦੋਵਾਂ ਮਾਹਰਾਂ ਨੇ ਦੱਸਿਆ ਕਿ ਜ਼ਿਆਦਾਤਰ ਬੱਚਿਆਂ ਲਈ ਕੋਰੋਨਾਵਾਇਰਸ ਦੇ ਲੱਛਣ ਹਲਕੇ ਹੀ ਹੁੰਦੇ ਹਨ ਪਰ ਕੁੱਝ ਲੋਕਾਂ ਲਈ ਖਾਸ ਤੋਰ ਉੱਤੇ ਪਹਿਲਾਂ ਹੀ ਕਿਸੇ ਬਿਮਾਰੀ ਨਾਲ ਜੂਝ ਰਹੇ ਲੋਕਾਂ ਲਈ ਇਹ ਬਹੁਤ ਭਿਆਨਕ ਹੋ ਸਕਦਾ ਹੈ।
ਪ੍ਰੋਫੈਸਰ ਵੁੱਡ ਨੇ ਦੱਸਿਆ ਕਿ ਕੁੱਝ ਬੱਚੇ ਬਹੁਤ ਬਿਮਾਰ ਹੋ ਸਕਦੇ ਹਨ ਜਿੰਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਨ ਦੀ ਲੋੜ ਵੀ ਪੈ ਸਕਦੀ ਹੈ। ਉਹਨ ਦੱਸਿਆ ਕਿ ਅਜਿਹੇ ਹਾਲਾਤਾਂ ਵਿੱਚ ਬੱਚਿਆਂ ਨੂੰ ਬਾਹਰੀ ਆਕਸੀਜਨ ਜਾਂ ਤਰਲ ਪਦਾਰਥ ਦੇਣ ਦੀ ਲੋੜ ਪੈ ਸਕਦੀ ਹੈ ਕਿਉਂਕਿ ਅਜਿਹੇ ਸਮੇਂ ਵਿੱਚ ਉਹਨਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਸਕਦੀ ਹੈ ਅਤੇ ਉਹ ਖਾਣਾ-ਪੀਣਾ ਵੀ ਘਟਾ ਦਿੰਦੇ ਹਨ।
ਉਹਨਾਂ ਜ਼ੋਰ ਦਿੱਤਾ ਕਿ ਕੋਵਿਡ-19 ਵੈਕਸੀਨ ਬੱਚਿਆਂ ਨੂੰ ਗੰਭੀਰ ਰੂਪ ਵਿੱਚ ਬਿਮਾਰ ਹੋਣ ਤੋਂ ਰੋਕਦੀ ਹੈ।
ਉਹਨਾਂ ਕਿਹਾ ਕਿ ਜੇਕਰ ਤੁਹਾਨੂੰ ਇਸ ਦੀ ਲਾਗ ਪਹਿਲਾਂ ਲੱਗ ਚੁੱਕੀ ਹੈ ਤਾਂ ਵੀ ਤੁਹਾਨੂੰ ਇਸਦੀ ਵੈਕਸੀਨ ਲਗਵਾਉਣੀ ਚਾਹੀਦੀ ਹੈ ਤਾਂ ਜੋ ਅਗਲੀ ਵਾਰ ਲਾਗ ਲੱਗਣ ਦੀ ਸੂਰਤ ਵਿੱਚ ਤੁਹਾਡੇ ਕੋਲ ਵਾਇਰਸ ਨਾਲ ਲੜ੍ਹਨ ਦੀ ਦੋਹਰੀ ਤਾਕਤ ਹੋਵੇ ਅਤੇ ਅਜਿਹਾ ਵੀ ਹੋ ਸਕਦਾ ਹੈ ਕਿ ਤੁਹਾਨੂੰ ਇਸਦੀ ਲਾਗ ਦੁਬਾਰਾ ਨਾ ਲੱਗੇ।
ਡਾਕਟਰ ਮੈਕਮੁਲਨ ਦਾ ਵੀ ਇਹੀ ਕਹਿਣਾ ਹੈ ਕਿ ਬੱਚਿਆਂ ਸਮੇਤ ਹੋਰ ਵੀ ਲੋਕ ਜੋ ਵੈਕਸੀਨ ਨਹੀਂ ਲਗਵਾ ਰਹੇ ਹਨ ਉਹਨਾਂ ਲੋਕਾਂ ਦੇ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਣ ਦੀ ਵਧੇਰੇ ਸੰਭਾਵਨਾ ਹੈ।
ਉਹਨਾਂ ਦੱਸਿਆ ਕਿ ਜਦੋਂ ਮਹਾਂਮਾਰੀ ਦੀ ਸ਼ੁਰੂਆਤ ਹੋਈ ਸੀ ਤਾਂ ਉਸ ਸਮੇਂ ਹਸਪਤਾਲਾਂ ਵਿੱਚ ਗੰਭੀਰ ਮਰੀਜ਼ਾਂ ਵਿੱਚ ਜ਼ਿਆਦਾਤਰ ਕਿਸ਼ੋਰ ਉਮਰ ਵਰਗ ਦੇ ਮਰੀਜ਼ ਸ਼ਾਮਿਲ ਹੁੰਦੇ ਸਨ ਜਦਕਿ ਹੁਣ ਹਸਪਤਾਲਾਂ ਵਿੱਚ ਛੋਟੇ ਬੱਚੇ ਜ਼ਿਆਦਾ ਦੇਖੇ ਜਾਂਦੇ ਹਨ।
ਕੀ ਇਹ ਟੀਕੇ ਸੁਰੱਖਿਅਤ ਹਨ?
ਮਾਹਰਾਂ ਦਾ ਕਹਿਣਾ ਹੈ ਕਿ ਇੰਨ੍ਹਾਂ ਟੀਕਿਆਂ ਉੱਤੇ ਲੰਬੀ ਰਿਸਰਚ ਕੀਤੀ ਗਈ ਹੈ ਅਤੇ ਵਿਸ਼ਵ ਪੱਧਰ ਉੱਤੇ ਲੱਖਾਂ ਬੱਚਿਆਂ ਨੂੰ ਇਹ ਟੀਕੇ ਲਗਾਏ ਵੀ ਗਏ ਹਨ।
ਆਸਟ੍ਰੇਲੀਆ ਵਿੱਚ ਇਲਾਜ ਦਾ ਮੁਲਾਂਕਣ ਥੈਰਾਪਿਉਟਿਕ ਗੁਡਜ਼ ਐਡਮਿਨਿਸਟ੍ਰੇਸ਼ਨ ਵੱਲੋਂ ਕੀਤਾ ਜਾਂਦਾ ਹੈ ਅਤੇ ਇਹ ਟੀਕੇ ਲਗਾਉਣ ਦੀ ਸਿਫਾਰਸ਼ ਆਸਟ੍ਰੇਲੀਅਨ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ ਵੱਲੋਂ ਕੀਤੀ ਜਾਂਦੀ ਹੈ।
ਪ੍ਰੋਫੈਸਰ ਵੁੱਡ ਹਾਲ ਹੀ ਦੀ ‘ਓਜ਼-ਵੈਕਸ-ਸੇਫਟੀ’ ਰਿਪੋਰਟ ਦੇ ਪ੍ਰਮੁੱਖ ਲੇਖਕ ਸਨ। ਇਸ ਰਿਪੋਰਟ ਵਿੱਚ ਆਸਟ੍ਰੇਲੀਆ ਦੇ ਪੰਜ ਤੋਂ 15 ਸਾਲ ਦੀ ਉਮਰ ਦੇ 2 ਲੱਖ ਤੋਂ ਵੱਧ ਬੱਚਿਆਂ ਵਿੱਚ ਵੈਕਸੀਨ ਦੇ ਸੁਰੱਖਿਆ ਡਾਟਾ ਦਾ ਵਿਸ਼ਲੇਸ਼ਣ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਬੱਚਿਆਂ ਵਿੱਚ ਟੀਕੇ ਤੋਂ ਬਾਅਦ ਆਮ ਪ੍ਰਭਾਵ ਦੇਖੇ ਗਏ ਸਨ ਜਿਵੇਂ ਕਿ ਟੀਕੇ ਵਾਲੀ ਥਾਂ ਉੱਤੇ ਦਰਦ ਅਤੇ ਲਾਲੀ ਅਤੇ ਉਹ ਕੁੱਝ ਸਮੇਂ ਬਾਅਦ ਠੀਕ ਹੋ ਜਾਂਦੀ ਹੈ।
ਪ੍ਰੋਫੈਸਰ ਵੁੱਡ ਨੇ ਦੱਸਿਆ ਕਿ ਬੁਖਾਰ, ਸਿਰ ਦਰਦ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੋਣਾ ਬੱਚਿਆਂ ਅਤੇ ਬਾਲਗਾਂ ਵਿੱਚ ਕੁੱਝ ਹੋਰ ਆਮ ਮਾੜੇ ਪ੍ਰਭਾਵ ਹਨ।
ਪਰ ਇਹ ਪ੍ਰਭਾਵ ਬਾਲਗਾਂ ਦੇ ਮੁਕਾਬਲੇ ਬੱਚਿਆਂ ਵਿੱਚ ਘੱਟ ਹਨ। 12 ਤੋਂ 15 ਸਾਲ ਦੇ ਬੱਚਿਆਂ ਦੇ ਮੁਕਾਬਲੇ 5 ਤੋਂ 11 ਸਾਲ ਦੇ ਬੱਚਿਆਂ ਵਿੱਚ ਇਹ ਇਸ ਤੋਂ ਵੀ ਘੱਟ ਹਨ।
ਪ੍ਰੋਫੈਸਰ ਵੁੱਡ ਅਤੇ ਉਹਨਾਂ ਦੀ ਟੀਮ ਨੂੰ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ ਦਿਲ ਦੀ ਸੋਜ ਜਾਂ ਗੰਭੀਰ ਪ੍ਰਭਾਵ ਦੇ ਜੋਖਮ ਨਹੀਂ ਮਿਲੇ ਸਨ।
ਉਹਨਾਂ ਦੱਸਿਆ ਕਿ 15-24 ਸਾਲ ਦੀ ਉਮਰ ਦੇ ਲੋਕਾਂ ਅਤੇ ਖਾਸ ਕਰ ਨੌਜਵਾਨ ਮਰਦਾਂ ਵਿੱਚ ਅਜਿਹੇ ਪ੍ਰਭਾਵਾਂ ਦੀ ਸੰਭਾਵਨਾ ਹੋ ਸਕਦੀ ਹੈ। ੳਹਨਾਂ ਦੱਸਿਆ ਕਿ ਨੌਜਵਾਨ ਬਾਲਗ ਜਾਂ ਕੁੱਝ ਕਿਸ਼ੋਰ ਦੂਜੀ ਖੁਰਾਕ ਲਗਵਾਉਣ ਤੋਂ ਬਾਅਦ ਛਾਤੀ ਵਿੱਚ ਦਰਦ ਜਾਂ ਦਿਲ ਦੀ ਧੜਕੜ ਵਿੱਚ ਫਰਕ ਪੈਣ ਦੀਆਂ ਸ਼ਿਕਾਇਤਾਂ ਕਰ ਸਕਦੇ ਹਨ।
ਅਜਿਹਾ ਹੋਣ ਉੱਤੇ ਉਹਨਾਂ ਨੂੰ ਜੀ.ਪੀ. ਜਾਂ ਐਮਰਜੈਂਸੀ ਡਾਕਟਰ ਕੋਲ ਜਾ ਕੇ ਦਿਖਾਉਣ ਦੀ ਜ਼ਰੂਰਤ ਹੁੰਦੀ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਇਹ ਆਮ ਨਹੀਂ ਹੈ। ਅਜਿਹਾ ਪੰਜ ਤੋਂ ਦੱਸ ਹਜ਼ਾਰ ਵਿੱਚੋਂ ਕਿਸੇ ਇੱਕ ਨੂੰ ਹੋ ਸਕਦਾ ਹੈ।
ਡਾਕਟਰ ਮੈਕਮੁਲਨ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਹੋਣ ਕਰ ਕੇ ਗੰਭੀਰ ਪ੍ਰਭਾਵਾਂ ਨਾਲ ਨਜਿੱਠਦੇ ਹਨ ਅਤੇ ਟੀਕਾਕਰਨ ਵਿੱਚ ਵੀ ਸਹਾਇਤਾ ਕਰਦੇ ਹਨ।
ਉਹ ਦੱਸਦੇ ਹਨ ਕਿ ਉਹਨਾਂ ਨੇ ਵੈਕਸੀਨ ਦੇ ਮਾੜੇ ਪ੍ਰਭਾਵਾਂ ਦੇ ਮੁਕਾਬਲੇ ਕੋਵਿਡ ਨਾਲ ਗੰਭੀਰ ਬਿਮਾਰ ਹੋਣ ਵਾਲੇ ਬੱਚੇ ਜ਼ਿਆਦਾ ਦੇਖੇ ਹਨ।
ਬੱਚਿਆਂ ਲਈ ਕਿਹੜੀ ਵੈਕਸੀਨ ਹੈ ਸਭ ਤੋਂ ਅਸਰਦਾਰ ਅਤੇ ਸੁਰੱਖਿਅਤ?
ਮੌਜੂਦਾ ਸਮੇਂ ਵਿੱਚ, ਆਸਟ੍ਰੇਲੀਅਨ ਟੈਕਨੀਕਲ ਐਡਵਾਇਜ਼ਰੀ ਗਰੁੱਪ ਆਨ ਇਮਿਊਨਾਈਜ਼ੇਸ਼ਨ ਵੱਲੋਂ ਛੇ ਮਹੀਨੇ ਤੋਂ ਪੰਜ ਸਾਲ ਦੀ ਉਮਰ ਦੇ ਕਮਜ਼ੋਰ ਇਮਊਨਿਟੀ ਵਾਲੇ ਬੱਚਿਆਂ ਲਈ ਮੋਡੇਰਨਾ ਦੀ ਸਪਾਈਕਵੈਕਸ ਵੈਕਸੀਨ ਦੀਆਂ ਦੋ ਖੁਰਾਕਾਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
ਐਡਵਾਇਜ਼ਰੀ ਗਰੁੱਪ ਦਾ ਕਹਿਣਾ ਹੈ ਕਿ ਇਸ ਉਮਰ ਸਮੂਹ ਦੇ ਬੱਚਿਆਂ ਦੀ ਕੋਵਿਡ-19 ਕਾਰਨ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਸੰਭਾਵਨਾ ਸਭ ਤੋਂ ਘੱਟ ਹੈ। ਕੋਵਿਡ-19 ਕਰ ਕੇ ਹਸਪਤਾਲਾਂ ਵਿੱਚ ਭਰਤੀ ਹੋਣ ਵਾਲੇ ਜਾਂ ਮਰਨ ਵਾਲੇ ਲੋਕਾਂ ਵਿੱਚ ਪਹਿਲਾਂ ਤੋਂ ਹੀ ਸਿਹਤ ਸਬੰਧੀ ਸਮੱਸਿਆਂਵਾਂ ਸਨ।
ਨੈਸ਼ਨਲ ਇੰਟਰਓਪਰੇਬਲ ਨੋਟੀਫਾਈਏਬਲ ਡਿਜ਼ੀਜ਼ ਸਰਵੇਲੈਂਸ ਸਿਸਟਮ ਨੂੰ 1 ਦਸੰਬਰ 2021 ਤੋਂ 17 ਜੂਨ 2022 ਦਰਮਿਆਨ 0-5 ਸਾਲ ਦੀ ਉਮਰ ਦੇ ਬੱਚਿਆਂ ਵਿੱਚ 3,50,000 ਤੋਂ ਵੱਧ ਬੱਚਿਆਂ ਨੂੰ ਕੋਵਿਡ-19 ਹੋਣ ਅਤੇ ਅੱਠ ਕੋਵਿਡ-19 ਮੌਤਾਂ ਦੀ ਰਿਪੋਰਟ ਕੀਤੀ ਗਈ ਸੀ।
5-11 ਅਤੇ 12-15 ਸਾਲ ਦੇ ਏਜ ਗਰੁੱਪਾਂ ਦੇ ਸਾਰੇ ਬੱਚੇ ਫਾਈਜ਼ਰ ਜਾਂ ਮੋਡੇਰਨਾ ਵੈਕਸੀਨ ਦੀਆਂ ਦੋ ਖੁਰਾਕਾਂ ਪ੍ਰਾਪਤ ਕਰ ਸਕਦੇ ਹਨ। ਸਿਰਫ ਕਮਜ਼ੋਰ ਬੱਚਿਆਂ ਲਈ ਤੀਜੀ ਖੁਰਾਕ ਦੀ ਸਿਫਾਰਸ਼ ਕੀਤੀ ਜਾਂਦੀ ਹੈ।
ਬੱਚਿਆਂ ਵਿੱਚ ਕੋਵਿਡ ਦੇ ਲੰਬੇ ਪ੍ਰਭਾਵ
ਡਾਕਟਰ ਮੈਕਮੁਲਨ ਦਾ ਕਹਿਣਾ ਹੈ ਕਿ ਬੱਚਿਆਂ ਵਿੱਚ ਲੰਬੇ ਕੋਵਿਡ ਦੇ ਪ੍ਰਭਾਵ ਬਾਲਗਾਂ ਦੇ ਮੁਕਾਬਲੇ ਬਹੁਤ ਘੱਟ ਹਨ।
ਉਹਨਾਂ ਦੱਸਿਆ ਕਿ ਜ਼ਿਆਦਾਤਰ ਬੱਚੇ ਜਿੰਨ੍ਹਾਂ ਨੂੰ ਕੋਵਿਡ ਹੋਇਆ ਹੈ ਉਹ ਕੁੱਝ ਹੀ ਹਫ਼ਤਿਆਂ ਵਿੱਚ ਪਹਿਲਾਂ ਵਰਗੇ ਤੰਦਰੁਸਤ ਹੋ ਜਾਂਦੇ ਹਨ।
ਐਸ.ਬੀ.ਐਸ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਭਾਈਚਾਰਿਆਂ ਨੂੰ ਸਾਰੇ ਕੋਵਿਡ-19 ਅੱਪਡੇਟ ਪ੍ਰਦਾਨ ਕਰਨ ਲਈ ਵਚਨਬੱਧ ਹੈ।