ਆਸਟ੍ਰੇਲੀਆਈ ਏਅਰਲਾਈਨ ਕੁਆਨਟਸ ਦੇ 100 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ, ਅਗਲੇ ਮਹੀਨੇ ਤੋਂ ਮੈਲਬੌਰਨ ਅਤੇ ਨਵੀਂ ਦਿੱਲੀ ਵਿੱਚਕਾਰ ਸਿੱਧੀਆਂ ਉਡਾਣਾਂ ਸ਼ੁਰੂ ਹੋਣਗੀਆਂ। ਸਾਲ ਦੇ ਅੰਤ ਤੱਕ ਸੇਵਾ ਵਧਾਉਣ ਦੀ ਯੋਜਨਾ ਦੇ ਨਾਲ, ਏਅਰਲਾਈਨ ਨੇ 22 ਦਸੰਬਰ ਤੋਂ ਮੈਲਬੌਰਨ ਤੇ ਦਿੱਲੀ ਵਿੱਚਕਾਰ ਨਵੇਂ ਯਾਤਰੀ ਮਾਰਗ ਦਾ ਐਲਾਨ ਕੀਤਾ ਹੈ।
ਮੈਲਬੌਰਨ ਤੋਂ ਦਿੱਲੀ ਹਰ ਹਫ਼ਤੇ, ਚਾਰ ਉਡਾਣਾਂ ਹੋਣਗੀਆਂ। ਸਿਡਨੀ-ਦਿੱਲੀ ਰੂਟ ਦੀਆਂ ਤਿੰਨ ਹਫਤਾਵਾਰੀ ਉਡਾਣਾਂ ਹੋਣਗੀਆਂ। ਆਸਟ੍ਰੇਲੀਆ ਤੋਂ ਉਡਾਣਾਂ ਐਡੀਲੇਡ ਰਾਹੀਂ ਸੰਚਾਲਿਤ ਹੋਣਗੀਆਂ, ਜਦੋਂ ਕਿ ਦਿੱਲੀ ਤੋਂ ਮੈਲਬੌਰਨ ਅਤੇ ਸਿਡਨੀ ਦੀਆਂ ਉਡਾਣਾਂ ਨਾਨ-ਸਟਾਪ ਚੱਲਣਗੀਆਂ।
ਅਗਸਤ ਵਿੱਚ ਕੁਆਨਟਸ ਏਅਰਲਾਈਨ ਵਲੋਂ ਅੰਤਰਰਾਸ਼ਟਰੀ ਉਡਾਣਾਂ ਮੁੜ ਸ਼ੁਰੂ ਹੋਣ ਦੀ ਘੋਸ਼ਣਾ ਤੋਂ ਬਾਅਦ ਸਿਡਨੀ-ਦਿੱਲੀ ਰੂਟ ਕੁਆਨਟਸ ਦਾ ਸਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਰੂਟ ਸੀ।
ਏਅਰਲਾਈਨ ਦੇ ਸੀ ਈ ਓ, ਐਲਨ ਜੋਇਸ ਨੇ ਕਿਹਾ ਕਿ ਮੈਲਬੌਰਨ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰੇ ਦੀ ਮੌਜੂਦਗੀ ਅਤੇ ਸਿਡਨੀ-ਨਵੀਂ ਦਿੱਲੀ ਰੂਟ ਵਿੱਚ ਟਿਕਟਾਂ ਦੀ ਭਾਰੀ ਵਿਕਰੀ ਤੋਂ ਬਾਅਦ, ਕੁਆਨਟਸ ਏਅਰਲਾਈਨ ਅਗਲੇ ਮਹੀਨੇ ਤੋਂ ਮੈਲਬੌਰਨ ਅਤੇ ਨਵੀਂ ਦਿੱਲੀ ਵਿੱਚ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਲਈ ਤਿਆਰ ਹੈ।
ਸ੍ਰੀ ਪਕੁਲਾ ਨੇ ਕਿਹਾ, "ਮੈਲਬੋਰਨ-ਦਿੱਲੀ ਫਲਾਈਟ ਵਪਾਰ, ਸੈਰ-ਸਪਾਟਾ, ਅੰਤਰਰਾਸ਼ਟਰੀ ਸਿੱਖਿਆ ਅਤੇ ਹੁਨਰਮੰਦ ਪ੍ਰਵਾਸ ਨੂੰ ਹੁਲਾਰਾ ਦੇਵੇਗੀ।"
ਮੈਲਬੌਰਨ ਦੇ ਟਰੈਵਲ ਏਜੰਟ ਗੁਰਵਿੰਦਰ ਵਾਲੀਆ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਕਤਰ, ਸ਼੍ਰੀਲੰਕਾ, ਐਮੀਰੇਟ , ਇਤਿਹਾਦ ਅਤੇ ਏਅਰ ਇੰਡੀਆ ਸਮੇਤ ਕਈ ਵਿਸ਼ੇਸ਼ ਉਡਾਣਾਂ ਪਹਿਲਾਂ ਹੀ ਭਾਰਤ ਅਤੇ ਆਸਟਰੇਲੀਆ ਨੂੰ ਜੋੜ ਰਹੀਆਂ ਸਨ ਪਰ ਫਿਲਹਾਲ ਦਿੱਲੀ ਅਤੇ ਮੈਲਬੌਰਨ ਵਿਚਕਾਰ ਕੋਈ ਸਿੱਧੀ ਉਡਾਣ ਨਹੀਂ ਚੱਲ ਰਹੀ ਹੈ।

ਸ਼੍ਰੀ ਵਾਲੀਆ ਅਨੁਸਾਰ ਆਸਟ੍ਰੇਲੀਆ ਤੋਂ ਬਾਹਰ ਜਾਣ ਵਾਲੇ ਯਾਤਰੀਆਂ ਵਿੱਚ ਭਾਰੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਫੈਂਸਲੇ ਨਾਲ ਹੋਰ ਉਡਾਣਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਯਾਤਰਾ ਵਧੇਰੇ ਕਿਫਾਇਤੀ ਹੋ ਜਾਵੇਗੀ।
ਨਵੀਆਂ ਘੋਸ਼ਣਾਵਾਂ ਦੇ ਨਾਲ, ਆਸਟਰੇਲੀਆਈ ਸਰਕਾਰ ਵਲੋਂ ਕੀਤੀ ਅਹਿਮ ਘੋਸ਼ਣਾ ਤਹਿਤ 1 ਦਸੰਬਰ ਤੋਂ ਪੂਰੀ ਤਰ੍ਹਾਂ ਟੀਕਾਗ੍ਰਸਤ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਵੀਜ਼ਾ ਧਾਰਕਾਂ ਲਈ ਯਾਤਰਾ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ ਜਿਸ ਨਾਲ 200,000 ਤੋਂ ਵੱਧ ਟੀਕਾਗ੍ਰਸਤ ਵਿਦੇਸ਼ੀ ਵਿਦਿਆਰਥੀ ਤੇ ਹੁਨਰਮੰਦ ਕਾਮੇ ਜਲਦੀ ਹੀ ਆਸਟ੍ਰੇਲੀਆ ਵਾਪਸ ਪਰਤ ਸਕਣਗੇ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ SBS.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
