ਕਾਮਿਆਂ ਦੀ ਘਾਟ ਕਾਰਨ ਗਲੇਨ ਬਾਰਬਰ ਜੋ ਮੈਲਬੌਰਨ ਤੋਂ 300 ਕਿਲੋਮੀਟਰ ਦੂਰ ਖੇਤਰੀ ਪੱਛਮੀ ਵਿਕਟੋਰੀਆ ਦੇ ਵੀਮੇਰਾ ਜ਼ਿਲ੍ਹੇ ਵਿੱਚ ਇੰਜੀਨੀਅਰਿੰਗ ਕਾਰੋਬਾਰ ਚਲਾਉਂਦੇ ਹਨ, ਨੇ ਵਿਦੇਸ਼ੀ ਕਾਮਿਆਂ ਨੂੰ ਆਪਣੇ ਕਾਰੋਬਾਰ ਵਿੱਚ ਨੌਕਰੀ ਦੇਣ ਦਾ ਫੈਸਲਾ ਕੀਤਾ।
"ਸਥਾਨਕ ਕਾਮਿਆਂ ਦੀ ਥੋੜ ਦੇ ਚਲਦਿਆਂ ਇਨ੍ਹਾਂ ਪ੍ਰਵਾਸੀ ਕਾਮਿਆਂ ਨੇ ਪਿਛਲੇ ਕੁਝ ਸਾਲਾਂ ਵਿੱਚ ਕਾਰੋਬਾਰ ਨੂੰ ਚਲਾਉਣ ਵਿੱਚ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਹੈ," ਉਨ੍ਹਾਂ ਕਿਹਾ।
ਉਨ੍ਹਾਂ ਨੇ ਆਪਣੇ ਕਾਰੋਬਾਰ ਲਈ ਫਿਲੀਪੀਨੋ ਅਤੇ ਫਿਜੀ ਕਾਮਿਆਂ ਨੂੰ ਅਸਥਾਈ ਹੁਨਰਮੰਦ ਵੀਜ਼ੇ (ਸਬਕਲਾਸ 457) 'ਤੇ ਬੁਲਾਇਆ ਹੈ।
ਫੈਡਰਲ ਸਰਕਾਰ ਮੌਜੂਦਾ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਦੇ 'ਮਾਈਗ੍ਰੇਸ਼ਨ ਕੈਪ' ਨੂੰ ਵਧਾਉਣ 'ਤੇ ਵਿਚਾਰ ਕਰ ਰਹੀ ਹੈ।
ਸ਼੍ਰੀ ਬਾਰਬਰ ਨੇ ਸਰਕਾਰ ਦੇ ਇਸ ਵਿਚਾਰ ਨਾਲ਼ ਸਹਿਮਤੀ ਪ੍ਰਗਟਾਉਂਦੇ ਕਿਹਾ ਕਿ ਕਾਮਿਆਂ ਦੀ ਮੰਗ ਨੂੰ ਪੂਰਾ ਕਰਨ ਲਈ ਸਥਾਨਕ ਤੌਰ 'ਤੇ ਲੋੜੀਂਦੇ ਕਰਮਚਾਰੀ ਉਪਲਬਧ ਨਹੀਂ ਹਨ ਜਿਸ ਕਰਕੇ ਪ੍ਰਵਾਸ ਇਨ੍ਹਾਂ ਹਲਾਤਾਂ ਵਿੱਚ ਇੱਕ ਢੁਕਵਾਂ ਹਲ ਜਾਪਦਾ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਕਾਮਿਆਂ ਨੇ ਆਪਣੀ ਮੇਹਨਤ ਸਦਕਾ ਕੰਮ ਵਾਲੀ ਥਾਂ ਅਤੇ ਸਥਾਨਕ ਭਾਈਚਾਰੇ ਵਿੱਚ ਆਪਣੀ ਜਗ੍ਹਾ ਬਣਾਈ ਹੈ।
