ਸਰਕਾਰ ਨੇ ਇਸ ਮਹੱਤਵਪੂਰਨ ਨਿਵੇਸ਼ਕ ਵੀਜ਼ਾ ਦੀਆਂ ਅਰਜ਼ੀਆਂ ਉੱਤੇ ਰੋਕ ਲਾ ਦਿੱਤੀ ਹੈ ਜਿਸ ਨਾਲ ਆਸਟ੍ਰੇਲੀਆ ਵਿੱਚ ਨਿਵੇਸ਼ ਕਰਨ ਵਾਲ਼ੇ ਹੁਨਰਮੰਦ ਪ੍ਰਵਾਸੀਆਂ ਲਈ ਸਥਾਈ ਨਿਵਾਸ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ਼ ਨਬੇੜ ਦਿੱਤਾ ਜਾਂਦਾ ਸੀ।
ਇਸ ਬੰਦ ਕੀਤੇ ਗਏ ਵੀਜ਼ਾ ਪ੍ਰੋਗਰਾਮ ਤਹਿਤ ਅਮੀਰ ਨਿਵੇਸ਼ਕਾਂ ਨੂੰ ਆਸਟ੍ਰੇਲੀਆ ਵਿੱਚ ਸਥਾਈ ਨਿਵਾਸ ਖਰੀਦਣ ਦੀ ਆਗਿਆ ਪ੍ਰਦਾਨ ਕੀਤੀ ਜਾਂਦੀ ਸੀ।
ਇਸ ਵੀਜ਼ੇ ਤਹਿਤ ਸਥਾਈ ਨਿਵਾਸ ਲੈਣ ਲਈ ਆਸਟ੍ਰੇਲੀਆ ਵਿੱਚ ਘੱਟੋ-ਘੱਟ 5 ਮਿਲੀਅਨ ਡਾਲਰ ਦੇ ਨਿਵੇਸ਼ ਦੀ ਲੋੜ ਪੈਂਦੀ ਸੀ। ਇਸ ਵੀਜ਼ਾ ਦੀਆਂ ਸ਼ਰਤਾਂ ਅਧੀਨ ਨਿਵੇਸ਼ਕਾਂ ਲਈ ਕੋਈ ਅੰਗਰੇਜ਼ੀ ਸਿੱਖਣ ਜਾਂ ਬੋਲਣ ਦੀ ਜ਼ਰੂਰਤ ਨਹੀਂ ਸੀ ਅਤੇ ਨਾ ਹੀ ਕੋਈ ਉਮਰ ਦੀ ਪਬੰਦੀ ਸੀ।
ਕਾਫ਼ੀ ਸਮੇਂ ਤੋਂ ਇਸ ਵੀਜ਼ੇ ਤੇ ਇਹ ਚਿੰਤਾ ਜਤਾਈ ਜਾ ਰਹੀ ਸੀ ਕਿ ਇਸ ਵੀਜ਼ੇ ਦੀ ਵਰਤੋਂ ਕਈ ਭ੍ਰਿਸ਼ਟ ਵਿਦੇਸ਼ੀ ਅਧਿਕਾਰੀਆਂ ਅਤੇ ਸੰਗਠਿਤ ਅਪਰਾਧ ਸਮੂਹਾਂ ਦੇ ਮੈਂਬਰਾਂ ਵਲੋਂ ਆਸਟ੍ਰੇਲੀਆ ਵਿੱਚ ਸਥਾਈ ਨਿਵਾਸ ਲੈਣ ਲਈ ਅਤੇ ਆਪਣੇ ਪੈਸੇ ਨੂੰ ਸੁਰੱਖਿਅਤ ਰੱਖਣ ਲਈ ਕੀਤੀ ਜਾ ਰਹੀ ਸੀ।
ਗ੍ਰਹਿ ਮਾਮਲਿਆਂ ਦੇ ਮੰਤਰੀ ਕਲੇਰ ਓ'ਨੀਲ ਨੇ ਵੀ ਕਿਹਾ ਕਿ," ਇਸ ਵੀਜ਼ਾ ਨੂੰ ਪ੍ਰਦਾਨ ਕਰਨ ਨਾਲ਼ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਲੋੜੀਂਦਾ ਲਾਭ ਨਹੀਂ ਪਹੁੰਚ ਰਿਹਾ ਸੀ।"