ਮੈਲਬੌਰਨ ਕ੍ਰਿਕਟ ਕਲੱਬ (ਐਮ ਸੀ ਸੀ) ਦੇ ਮੁੱਖ ਕਾਰਜਕਾਰੀ ਅਫ਼ਸਰ ਸਟੂਅਰਟ ਫੌਕਸ ਦਾ ਕਹਿਣਾ ਹੈ ਕਿ ਕਲੱਬ 15 ਸਾਲਾਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਹਿਲੇ ਕ੍ਰਿਕਟ ਟੈਸਟ ਮੈਚ ਦੀ ਮੇਜ਼ਬਾਨੀ ਕਰਨ ਲਈ ਕ੍ਰਿਕਟ ਆਸਟ੍ਰੇਲੀਆ ਨਾਲ ਗੱਲ-ਬਾਤ ਕਰ ਰਿਹਾ ਹੈ।
ਅਕਤੂਬਰ ਵਿੱਚ ਮੈਲਬੌਰਨ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਟਵੰਟੀ-ਟਵੰਟੀ ਵਿਸ਼ਵ ਕੱਪ ਮੁਕਾਬਲੇ ਵਿੱਚ 90,293 ਲੋਕਾਂ ਦੇ ਕ੍ਰਿਕਟ ਪ੍ਰਤੀ ਝੁਕਾਅ ਨੂੰ ਵੇਖਦਿਆਂ ਦੋਹਾਂ ਦੇਸ਼ਾਂ ਵਿਚਕਾਰ ਹੋਰ ਕ੍ਰਿਕਟ ਮੈਚ ਖੇਡਣ ਦੀ ਮੰਗ ਜ਼ੋਰ ਫੜ ਰਹੀ ਹੈ।
ਇਨ੍ਹਾਂ ਟੀਮਾਂ ਨੇ ਆਖਰੀ ਵਾਰ ਦਸੰਬਰ 2007 ਵਿੱਚ ਟੈਸਟ ਮੈਚ ਖੇਡਿਆ ਸੀ।
ਸ਼੍ਰੀ ਫੌਕਸ ਨੇ ਕਿਹਾ ਕਿ ਕੁੱਝ ਸਮਾਂ ਪਹਿਲੇ ਖੇਡੇ ਗਏ ਟਵੰਟੀ-ਟਵੰਟੀ ਵਿਸ਼ਵ ਕੱਪ ਮੁਕਾਬਲੇ ਵਰਗਾ ਮਹੌਲ ਉਨ੍ਹਾਂ ਨੇ ਪਹਿਲੇ ਕਦੇ ਨਹੀਂ ਦੇਖਿਆ ਜਿਸ ਕਰਕੇ ਮੈਲਬੌਰਨ ਇਨ੍ਹਾਂ ਦੋਹਾਂ ਟੀਮਾਂ ਵਿਚਕਾਰ ਭਵਿੱਖ ਵਿਚਲੇ ਟੈਸਟ ਮੈਚ ਲਈ ਸਭ ਤੋਂ ਉਚਿਤ ਥਾਂ ਹੈ ਪਰ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਦੋਹਾਂ ਮੁਲਕਾਂ ਦੇ ਰਾਜਨੀਤਕ ਮਹੌਲ ਕਾਰਣ ਇਸ ਉਪਰਾਲੇ ਨੂੰ ਸਿਰੇ ਚਾੜਨ ਲਈ ਪਰਿਸਥਿਤੀਆਂ ਗੁੰਝਲਦਾਰ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕ੍ਰਿਕਟ ਆਸਟ੍ਰੇਲੀਆ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨਾਲ਼ ਇਸ ਮੁੱਦੇ ਤੇ ਵਿਚਾਰ-ਵਟਾਂਦਰਾ ਕਰਦਾ ਰਹੇਗਾ।