ਦਿਨੋਂ-ਦਿਨ ਵੱਧ ਰਹੀ ਊਰਜਾ ਦੀ ਲਾਗਤ ਨੇ ਘਰਾਂ ਦੇ ਬੱਜਟ ਉੱਤੇ ਵੱਡਾ ਅਸਰ ਪਾਇਆ ਹੈ। ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਲਾਗਤਾਂ ਵਿੱਚ ਕਟੌਤੀ ਕਰਨ ਲਈ ਸਾਨੂੰ ਆਪਣੇ ਘਰਾਂ ਨੂੰ ਡਿਜ਼ਾਈਨ ਕਰਨ ਅਤੇ ਬਣਾਉਣ ਦੇ ਤਰੀਕੇ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ।
ਗਰਮ ਦਿਨਾਂ ਵਿੱਚ 87 ਪ੍ਰਤੀਸ਼ਤ ਗਰਮੀ ਜੋ ਸਾਡੇ ਘਰਾਂ ਵਿੱਚ ਆਉਂਦੀ ਹੈ ਉਹ ਖਿੜਕੀਆਂ ਰਾਹੀਂ ਪ੍ਰਵੇਸ਼ ਕਰਦੀ ਹੈ ਅਤੇ ਠੰਡੇ ਦਿਨਾਂ ਵਿੱਚ ਘਰ ਦੀ ਅੱਧੀ ਗਰਮਾਇਸ਼ ਦਾ ਨਿਕਾਸ ਖਿੜਕੀਆਂ ਰਾਹੀਂ ਹੁੰਦਾ ਹੈ ਜਿਸ ਉੱਤੇ ਰੋਕ ਲਾਉਣ ਲਈ 'ਹਾਈ ਪਰਫੋਰਮੈਂਸ' ਖਿੜਕੀਆਂ ਲਵਾਉਣ ਲਈ ਸਿਫਾਰਿਸ਼ ਕੀਤੀ ਜਾ ਰਹੀ ਹੈ।
ਨਿਊਜ਼ੀਲੈਂਡ, ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਦੇ ਮੁਕਾਬਲੇ ਆਸਟ੍ਰੇਲੀਆ ਘਰਾਂ ਵਿੱਚ ਇਨ੍ਹਾਂ ਇੰਸੂਲੇਟਡ ਖਿੜਕੀਆਂ ਨੂੰ ਲਵਾਉਣ ਦਾ ਰਿਵਾਜ ਬਹੁਤ ਘੱਟ ਹੈ।
'ਡਬਲ-ਗਲੇਜ਼ਡ' ਅਤੇ 'ਟ੍ਰਿਪਲ-ਗਲੇਜ਼ਡ' ਖਿੜਕੀਆਂ ਇਸ ਸੱਮਸਿਆ ਨਾਲ਼ ਨਜਿੱਠਣ ਲਈ ਇੱਕ ਬਹੁਤ ਵਧੀਆ ਵਿਕਲਪ ਹੈ ਜੋ ਕਿ ਗਰਮ ਕਰਨ ਅਤੇ ਠੰਢਾ ਕਰਨ ਲਈ ਊਰਜਾ ਦੀ ਵਰਤੋਂ ਦੀ ਲੋੜ ਨੂੰ ਘਟਾਉਂਦੀਆਂ ਹਨ ਅਤੇ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਵੀ ਕਟੌਤੀ ਕਰਦਿਆਂ ਹਨ।
ਆਸਟ੍ਰੇਲੀਆ ਵਿੱਚ ਉਸਾਰੇ ਜਾ ਰਹੇ ਨਵੇਂ ਘਰਾਂ ਵਿੱਚ ਤਕਰੀਬਨ 10 ਪ੍ਰਤੀਸ਼ਤ ਘਰਾਂ ਵਿੱਚ ਹੀ ਇਨ੍ਹਾਂ ਖਿੜਕੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਦਕਿ ਯੂਨਾਈਟਿਡ ਕਿੰਗਡਮ, ਅਮਰੀਕਾ ਅਤੇ ਨਿਊਜ਼ੀਲੈਂਡ ਵਿੱਚ ਇਹ ਅੰਕੜਾ ਲਗਭਗ 80 ਪ੍ਰਤੀਸ਼ਤ ਤੇ ਹੈ।