ਰੀਟਾ ਅਰੁਲਰੁਬਨ ਦੇ ਪਤੀ ਦੀ ਸ਼੍ਰੀਲੰਕਾ ਵਿੱਚ ਛਿੜੀ ਘਰੇਲੂ ਜੰਗ ਵੇਲ਼ੇ ਉਸ ਸਮੇਂ ਮੌਤ ਹੋ ਗਈ ਜਦੋਂ ਉਹ ਆਪਣੇ ਭੁੱਖੇ ਪਰਿਵਾਰ ਲਈ ਭੋਜਨ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਉਸ ਸਮੇਂ ਉਨ੍ਹਾਂ ਦੇ ਪੁੱਤਰ ਡਿਕਸਟਨ ਦੀ ਉਮਰ ਸਿਰਫ਼ 13 ਸਾਲ ਦੀ ਸੀ।
ਰੀਟਾ ਨੇ 2012 ਵਿੱਚ ਕਿਸ਼ਤੀ ਰਾਹੀਂ ਆਸਟ੍ਰੇਲੀਆ ਪਹੁੰਚ ਕੇ ਕਿਸੇ ਤਰ੍ਹਾਂ ਆਪਣੀ ਜਾਣ ਬਚਾਈ ਪਰ ਹਲਾਤ ਵੱਸ, ਰੀਟਾ ਨੂੰ ਡਿਕਸਟਨ ਨੂੰ ਉਸਦੀ ਦਾਦੀ ਕੋਲ ਸ਼੍ਰੀਲੰਕਾ ਛੱਡਣਾ ਪਿਆ।
ਜਦੋਂ ਗ੍ਰਹਿ ਵਿਭਾਗ ਨੇ 2016 ਵਿੱਚ ਡਿਕਸਟਨ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ 2019 ਵਿੱਚ ਇੱਕ ਵੱਖਰੀ ਪਛਾਣ ਦੇ ਤਹਿਤ ਜਾਅਲੀ ਯਾਤਰਾ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਆਸਟ੍ਰੇਲੀਆ ਪਹੁੰਚਿਆ। ਉਹ ਉਦੋਂ ਤੋਂ ਹੀ ਮੈਲਬੌਰਨ ਵਿੱਚ ਨਜ਼ਰਬੰਦ ਹੈ।
ਜਦੋਂ ਰੀਟਾ ਨੂੰ ਆਸਟ੍ਰੇਲੀਆ ਵਿੱਚ ਸਥਾਈ ਨਿਵਾਸ ਮਿਲ਼ ਗਿਆ ਤਾਂ ਉਸਨੇ ਸੋਚਿਆ ਕਿ ਉਹ ਆਸਟ੍ਰੇਲੀਆ ਵਿੱਚ ਡਿਕਸਟਨ ਨੂੰ ਸਪਾਂਸਰ ਕਰਨ ਦੇ ਯੋਗ ਹੋਵੇਗੀ। ਪਰ ਕੁਝ ਹਫ਼ਤਿਆਂ ਬਾਅਦ ਡਿਕਸਟਨ ਨੂੰ ਗ੍ਰਹਿ ਮਾਮਲਿਆਂ ਦੇ ਵਿਭਾਗ ਤੋਂ ਇੱਕ ਪੱਤਰ ਮਿਲਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਇੱਕ ਜਾਇਜ਼ ਸ਼ਰਨਾਰਥੀ ਨਹੀਂ ਹੈ ਅਤੇ ਉਨ੍ਹਾਂ ਨੂੰ ਜਲਦੀ ਹੀ ਡਿਪੋਰਟ ਕਰ ਦਿੱਤਾ ਜਾਵੇਗਾ।
ਰੀਟਾ ਨੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੂੰ ਦਖਲ ਦੇਣ ਲਈ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ। ਉਸਨੂੰ ਡਰ ਹੈ ਕਿ ਉਸਦੇ ਪੁੱਤਰ ਡਿਕਸਟਨ ਨੂੰ ਸ਼੍ਰੀਲੰਕਾ ਵਿਚ ਤਸ਼ੱਦਦ ਅਤੇ ਜਾਨੀ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ।

