'ਡੋਮੇਨ' ਦੀ ਸਤੰਬਰ 2022 ਦੀ 'ਰੈਂਟਲ ਰਿਪੋਰਟ' ਮੁਤਾਬਕ ਪਿਛਲੇ ਸਾਲ ਦੌਰਾਨ ਆਸਟ੍ਰੇਲੀਆ ਦੇ ਸਾਰੇ ਰਾਜਾਂ ਦੀਆਂ ਰਾਜਧਾਨੀਆਂ ਵਿੱਚ ਘਰਾਂ ਦੇ ਕਿਰਾਏ ਵਿੱਚ ਵਾਧਾ ਹੋਇਆ ਹੈ।
ਕੁਲ ਮਿਲਾ ਕੇ ਬੀਤੀ ਸਤੰਬਰ ਤੱਕ ਗੁਜ਼ਰੇ ਸਾਲ ਵਿੱਚ ਸਾਰੀਆਂ ਰਾਜਧਾਨੀਆਂ ਵਿੱਚ ਘਰਾਂ ਦੇ ਕਿਰਾਏ ਵਿੱਚ ਔਸਤਨ 12.8 ਫੀਸਦੀ ਅਤੇ ਯੂਨਿਟਾਂ ਵਿੱਚ 16.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਵਿੱਤੀ ਤੁਲਨਾ ਵੈਬਸਾਈਟ 'ਕੈਨਸਟਾਰ' ਦੇ ਮੁੱਖ ਬੁਲਾਰੇ, ਸਟੀਵ ਮਿਕਨਬੇਕਰ ਅਨੁਸਾਰ ਮੁੱਖ ਤੋਰ 'ਤੇ ਕਿਰਾਇਆ ਕਿਸੇ ਵੀ ਇਲਾਕੇ ਵਿੱਚ ਕਿਰਾਏ ਲਈ ਉਪਲਬਧ ਘਰਾਂ ਦੀ ਗਿਣਤੀ 'ਤੇ ਨਿਰਭਰ ਹੁੰਦਾ ਹੈ, ਜਿਨ੍ਹਾਂ ਹਲਾਤਾਂ ਦਾ ਫਾਇਦਾ ਚੁੱਕਕੇ ਮਕਾਨ ਮਾਲਕ ਘਰਾਂ ਦੇ ਕਿਰਾਏ ਵਧਾ ਦੇਂਦੇ ਹਨ।
ਕਿਰਾਏ ਵਿੱਚ ਵੱਡੇ ਵਾਧੇ ਦੀ ਸੂਰਤ ਵਿੱਚ ਮਕਾਨ ਮਾਲਕ ਨਾਲ਼ ਗੱਲਬਾਤ ਪਹਿਲਾ ਕਦਮ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਢੁਕਵੇਂ ਨਤੀਜੇ 'ਤੇ ਪਹੁੰਚਿਆ ਜਾ ਸਕੇ ਅਤੇ ਇਸ ਰਜ਼ਾਮੰਦੀ ਨੂੰ ਦਸਤਾਵੇਜ਼ੀ ਰੂਪ ਵਿੱਚ ਦਰਜ ਕੀਤਾ ਜਾਣਾ ਚਾਹੀਦਾ ਹੈ।
ਨਿਊ ਸਾਊਥ ਵੇਲਜ਼ ਵਿੱਚ ਕਿਰਾਏਦਾਰਾਂ ਦੇ ਸੀ ਈ ਓ ਲਿਓ ਪੈਟਰਸਨ ਰੌਸ ਨੇ ਕਿਹਾ ਕਿ ਕਿਰਾਏਦਾਰ ਕਿਰਾਏ ਵਿੱਚ ਅਨੁਚਿਤ ਵਾਧੇ ਦੀ ਸਥਿਤੀ ਵਿੱਚ ਸਬੰਧਤ ਯੂਨੀਅਨ, ਕਮਿਊਨਿਟੀ ਕਾਨੂੰਨੀ ਕੇਂਦਰਾਂ, ਟ੍ਰਿਬਿਊਨਲ, ਕਮਿਸ਼ਨਰ ਜਾਂ ਸਥਾਨਕ ਅਦਾਲਤ ਵਿੱਚ ਅਰਜ਼ੀ ਦਾਇਰ ਕਰ ਸਕਦੇ ਹਨ।