ਇਸ ਇਕਰਾਰਨਾਮੇ ਤਹਿਤ ਨਾਜ਼ੁਕ ਅਤੇ ਉੱਭਰ ਰਹੇ ਉਦਯੋਗਾਂ, ਜਿਵੇਂ ਕਿ ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖਭਾਲ, ਪਰਾਹੁਣਚਾਰੀ ਅਤੇ ਸੈਰ-ਸਪਾਟਾ, ਉਸਾਰੀ, ਖੇਤੀਬਾੜੀ, ਅਤੇ ਪ੍ਰਭੂਸੱਤਾ, ਦੇ ਵਿਕਾਸ ਲਈ ਲੋੜੀਂਦੇ ਹੁਨਰਮੰਦ ਕਾਮੇ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਮੰਤਵ ਨੂੰ ਪੂਰਾ ਕਰਨ ਲਈ ਅਤੇ ਇਨ੍ਹਾਂ ਉਦਯੋਗਾਂ ਨੂੰ ਵਧਾਵਾ ਦੇਣ ਲਈ ਫੈਡਰਲ ਸਰਕਾਰ ਨੇ ਰਾਜਾਂ ਅਤੇ ਪ੍ਰਦੇਸ਼ਾਂ ਦੀ ਸਾਂਝੇਦਾਰੀ ਨਾਲ਼ ਇਸ ਸਾਲ 180,000 ਟੀ ਏ ਐਫ ਈ ਅਤੇ ਕਿੱਤਾਮੁਖੀ ਵਿਦਿਅਕ ਸਥਾਨਾਂ ਲਈ ਫੰਡ ਮੁਹੱਈਆ ਕਰਵਾਏ ਹਨ।
"ਜੇ ਤੁਸੀਂ ਰਾਜ ਅਤੇ ਸੰਘੀ ਸਰਕਾਰਾਂ ਦੇ ਸਾਰੇ ਮਿਥੇ ਟੀਚਿਆਂ 'ਤੇ ਨਜ਼ਰ ਮਾਰਦੇ ਹੋ ਤਾਂ ਇਕ ਗੱਲ ਬੜੀ ਸਾਫ਼ ਹੋ ਜਾਂਦੀ ਹੈ ਕਿ ਸਕਿਲਡ ਕਾਮਿਆਂ ਤੋਂ ਬਿਨਾਂ ਇਹ ਟੀਚੇ ਸਾਕਾਰ ਨਹੀਂ ਹੋ ਸਕਦੇ" ਹੁਨਰ ਮੰਤਰੀ ਬ੍ਰੈਂਡਨ ਓ'ਕੋਨਰ ਨੇ ਰਾਸ਼ਟਰੀ ਹੁਨਰ ਹਫ਼ਤੇ ਦੌਰਾਨ ਕਿਹਾ। ਰਾਸ਼ਟਰੀ ਹੁਨਰ ਹਫਤਾ 21-27 ਅਗਸਤ ਤੱਕ ਚਲੇਗਾ।
'ਸੀਕ' ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਰਜਿਸਟਰਡ ਨਰਸਾਂ ਅਤੇ ਦੇਖਭਾਲ ਕਰਨ ਵਾਲਿਆਂ ਤੋਂ ਲੈ ਕੇ ਸ਼ੈੱਫ ਅਤੇ ਸੂਚਨਾ ਅਤੇ ਸੰਚਾਰ ਤਕਨਾਲੋਜੀ ਪ੍ਰਣਾਲੀਆਂ ਦੇ ਵਿਸ਼ਲੇਸ਼ਕਾਂ ਦੀ ਭਾਰੀ ਮੰਗ ਹੈ ਅਤੇ ਇਨ੍ਹਾਂ ਕਿੱਤਿਆਂ ਵਿੱਚ ਔਸਤ ਸਲਾਨਾ ਤਨਖਾਹ 55,000 ਡਾਲਰ ਤੋਂ ਲੈ ਕੇ 380,000 ਡਾਲਰ ਤੱਕ ਹੋ ਸਕਦੀ ਹੈ।


ਜੂਨ ਵਿੱਚ ਜਾਰੀ ਕੀਤੇ ਗਏ ਏ ਬੀ ਅਸ ਦੇ ਸਭ ਤੋਂ ਤਾਜ਼ਾ ਨੌਕਰੀ ਦੀ ਗਤੀਸ਼ੀਲਤਾ ਦੇ ਅੰਕੜੇ ਦਰਸਾਉਂਦੇ ਹਨ ਕਿ ਫਰਵਰੀ ਤੱਕ 1.3 ਮਿਲੀਅਨ ਲੋਕਾਂ ਨੇ ਆਪਣੀਆਂ ਨੌਕਰੀਆਂ ਬਦਲੀਆਂ।
