ਐਲਬਰੀ ਅਤੇ ਵੋਡੋਂਗਾ ਦੋ ਜੁੜਵਾਂ ਸ਼ਹਿਰ ਹਨ ਜੋ ਐਨ ਐਸ ਡਬਲਯੂ ਅਤੇ ਵਿਕਟੋਰੀਆ ਦੀ ਸਰਹੱਦ 'ਤੇ ਸਥਿਤ ਹਨ।
ਐਲਬਰੀ ਦੀ ਆਬਾਦੀ 50,000 ਤੋਂ ਵੱਧ ਹੈ ਜਦਕਿ ਵੋਡੋਂਗਾ, ਜੋ ਕਿ ਸਰਹੱਦ ਦੇ ਵਿਕਟੋਰੀਆ ਵਾਲੇ ਪਾਸੇ, ਮੈਲਬੌਰਨ ਤੋਂ 300 ਕਿਲੋਮੀਟਰ ਉੱਤਰ-ਪੂਰਬ ਵਿਚ ਹੈ, ਦੀ ਆਬਾਦੀ ਲਗਭਗ 35,100 ਹੈ।
ਇਸ ਇਲਾਕੇ ਵਿੱਚ ਪੰਜਾਬੀਆਂ ਦੀ ਗਿਣਤੀ ਪਿਛਲੇ 10-ਸਾਲਾਂ ਵਿੱਚ ਵਾਧੇ ਵੱਲ ਨੂੰ ਹੈ ਅਤੇ ਉਹ ਖੇਤਰੀ ਆਰਥਿਕ ਵਿਕਾਸ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹਨ।
ਹਰਪ੍ਰੀਤ ਕੌਰ, ਜੋ ਵੋਡੋਂਗਾ ਵਿੱਚ ਇੱਕ ਪ੍ਰਾਇਮਰੀ ਸਕੂਲ ਅਧਿਆਪਕਾ ਹੈ, ਨੂੰ ਪੰਜਾਬੀ ਭਾਸ਼ਾ ਸਿਖਾਉਣ ਦਾ ਸ਼ੌਕ ਹੈ।
ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਆਪਣੀ ਮਾਂ-ਬੋਲੀ ਪੰਜਾਬੀ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ।
ਉਹਨਾਂ ਆਪਣੀ ਇਸ ਕੋਸ਼ਿਸ਼ ਲਈ ਕਿਸੇ ਦਾ ਇੰਤਜ਼ਾਰ ਨਹੀਂ ਕੀਤਾ ਬਲਕਿ ਭਾਸ਼ਾ ਸਿੱਖਣ-ਸਿਖਾਉਣ ਵਿੱਚ ਮਦਦ ਕਰਦੇ ਸਰੋਤ ਖੁਦ ਵਿਕਸਤ ਕਰਨੇ ਸ਼ੁਰੂ ਕੀਤੇ।

ਸ੍ਰੀਮਤੀ ਕੌਰ ਨੇ ਸਕੂਲ ਜਾਣ ਵਾਲੇ ਬੱਚਿਆਂ ਦੇ ਪੰਜਾਬੀ ਸਿੱਖਣ ਨੂੰ ਧਿਆਨ ਵਿੱਚ ਰੱਖਦਿਆਂ ਤਿੰਨ ਕਿਤਾਬਾਂ ਲਿਖੀਆਂ ਅਤੇ ਪ੍ਰਕਾਸ਼ਤ ਕੀਤੀਆਂ।
ਉਹਨਾਂ ਕਿਹਾ, “ਅਸੀਂ ਬੱਚਿਆਂ ਨੂੰ ਸਮਝਾਉਣ ਲਈ ਅਕਸਰ ਜੱਦੋਜਹਿਦ ਕਰਦੇ ਹਾਂ ਕਿ ਪੰਜਾਬੀ ਸਿੱਖਣੀ ਕਿਉਂ ਮਹੱਤਵਪੂਰਨ ਹੈ। ਪਰ ਇਹ ਕੋਸ਼ਿਸ਼ ਤਾਂ ਚਲਦੀ ਹੀ ਰਹਿਣੀ ਹੈ ਜਿੱਥੇ ਹਰ ਪੰਜਾਬੀ ਮਾਪੇ ਨੂੰ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ।"
“ਇਸ ਸਿਖਲਾਈ ਨੂੰ ਹੋਰ ਆਕਰਸ਼ਕ ਬਣਾਉਣ ਲਈ ਸਾਨੂੰ ਲੋੜ ਹੈ ਕਿ ਬੱਚੇ ਪੰਜਾਬੀ ਨੂੰ ਇੱਕ ਵੱਖਰੇ ਕਿਸਮ ਦੇ ਮਨੋਰੰਜਨ ਵਜੋਂ ਸਿੱਖਣ - 'ਫੱਟੀ' ਇਸ ਕੰਮ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ। ਬੱਚੇ ਅਕਸਰ ਕਹਿੰਦੇ ਹਨ ਕਿ ਲੱਕੜ 'ਤੇ ਲਿਖਣਾ ਵਧੀਆ ਲੱਗਦਾ ਹੈ, ਕੁਝ ਦਿਲਚਸਪ ਹੁੰਦਾ ਹੈ, ਕੁਝ ਵੱਖਰਾ ਹੁੰਦਾ ਹੈ।“

ਹਰਪ੍ਰੀਤ ਕੌਰ ਹੁਣ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਪੰਜਾਬੀ ਸਿੱਖਣ-ਸਿਖਾਉਣ ਦੇ ਢੰਗ-ਤਰੀਕਿਆਂ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਉਹਨਾਂ ਦੀ ਖ਼ਵਾਇਸ਼ ਹੈ ਕਿ ਪੰਜਾਬੀ ਸਕੂਲਾਂ ਵਿੱਚ ਉਪਲੱਬਧ ਹੋਵੇ ਤੇ ਇਸਨੂੰ ਪੰਜਾਬੀ ਹੀ ਨਹੀਂ ਬਲਕਿ ਆਸਟ੍ਰੇਲੀਆ ਵਸਦੇ ਹੋਰ ਬੱਚੇ ਵੀ ਸਿੱਖਣ।
ਹਰਪ੍ਰੀਤ ਕੌਰ ਨਾਲ਼ ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿੱਕ ਕਰੋ…
Listen to SBS Punjabi Monday to Friday at 9 pm. Follow us on Facebook and Twitter.
