ਓਮੀਕਰੋਨ ਦੇ ਤੇਜ਼ੀ ਨਾਲ ਵਧ ਰਹੇ ਫੈਲਾਅ ਦੇ ਜਵਾਬ ਵਿੱਚ ਭਾਰਤ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕਈ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਨਵੇਂ ਜਾਰੀ ਕੀਤੇ ਨਿਰਦੇਸ਼ਾਂ ਅਨੁਸਾਰ ਭਾਰਤ ਪਹੁੰਚਣ ਵਾਲੇ ਸਾਰੇ ਵਿਦੇਸ਼ੀ ਯਾਤਰੀਆਂ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਕੋਵਿਡ-19 ਦਾ ਆਰ-ਟੀ/ਪੀਸੀਆਰ ਟੈਸਟ ਕਰਵਾਉਣਾ ਹੋਵੇਗਾ ਅਤੇ ਇਸ ਟੈਸਟ ਦੇ ਨਕਾਰਾਤਮਕ ਨਤੀਜੇ ‘ਏਅਰ ਸੁਵਿਧਾ’ ਵੈਬਸਾਈਟ ਉੱਤੇ ਵੀ ਭੇਜਣੇ ਹੋਣਗੇ।
ਇਸ ਦੇ ਨਾਲ ਹੀ ਭਾਰਤ ਨੇ ਕੁੱਝ ਦੇਸ਼ਾਂ ਨੂੰ ਖਤਰੇ ਵਾਲਾ ਐਲਾਨਦੇ ਹੋਏ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਕਈ ਵਾਧੂ ਦੀਆਂ ਸ਼ਰਤਾਂ ਵੀ ਲਾਗੂ ਕੀਤੀਆਂ ਹਨ। ਇਨ੍ਹਾਂ ਵਿੱਚ, ਪਹੁੰਚਣ ਵਾਲੇ ਸਥਾਨ ਉੱਤੇ ਕੋਵਿਡ-19 ਦੀ ਸਕਰੀਨਿੰਗ ਕਰਨੀ ਵੀ ਲਾਜ਼ਮੀ ਰੱਖੀ ਗਈ ਹੈ ਅਤੇ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਬਾਹਰ ਜਾਣ ਤੋਂ ਪਹਿਲਾਂ ਆਪਣੇ ਨਤੀਜ਼ਿਆਂ ਨੂੰ ਵੀ ਹਾਸਲ ਕਰਨਾ ਹੋਵੇਗਾ।
ਅੰਤਰਰਾਸ਼ਟਰੀ ਯਾਤਰੀਆਂ ਨੂੰ ਘਰਾਂ ਅੰਦਰ ਰਹਿੰਦੇ ਹੋਏ 7 ਦਿਨਾਂ ਦਾ ਲਾਜ਼ਮੀ ਇਕਾਂਤਵਾਸ ਵੀ ਧਾਰਨ ਕਰਨਾ ਪਵੇਗਾ ਅਤੇ ਭਾਰਤ ਪਹੁੰਚਣ ਦੇ ਅੱਠਵੇਂ ਦਿਨ ਆਰਟੀ-ਪੀਸੀਆਰ ਟੈਸਟ ਮੁੜ ਤੋਂ ਕਰਵਾਉਣਾ ਪਵੇਗਾ। ਇਨ੍ਹਾਂ ਟੈਸਟਾਂ ਦੇ ਨਤੀਜੇ ਵੀ ਏਅਰ ਸੁਵਿਧਾ ਨਾਮੀ ਵੈਬਸਾਈਟ ਉੱਤੇ ਭੇਜਣੇ ਲਾਜ਼ਮੀ ਹੋਣਗੇ।
ਜਿਹੜੇ ਯਾਤਰੀਆਂ ਦੇ ਨਤੀਜੇ ਸਕਾਰਾਤਮਕ ਆਉਣਗੇ ਉਨ੍ਹਾਂ ਲਈ ਜਿਨੋਮਿਕ ਟੈਸਟਿੰਗ ਅਰੰਭੀ ਜਾਵੇਗੀ ਅਤੇ ਉਨ੍ਹਾਂ ਲੋਕਾਂ ਨੂੰ ਕਿਸੇ ਖਾਸ ਸਥਾਨ ਉੱਤੇ ਵੀ ਰਖਿਆ ਜਾ ਸਕਦਾ ਹੈ।
ਕਈ ਰਾਜਾਂ ਵਿੱਚ ਬੰਦਸ਼ਾਂ ਹੋਰ ਸਖਤ ਵੀ ਹੋ ਸਕਦੀਆਂ ਹਨ ਅਤੇ ਇਹ ਅਚਾਨਕ ਬਦਲ ਵੀ ਸਕਦੀਆਂ ਹਨ।
ਜਿਹੜੇ ਲੋਕ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਜਾਣਗੇ ਉਨ੍ਹਾਂ ਉੱਤੇ ਅਪਰਾਧਿਕ ਜੁਰਮਾਨੇ ਵੀ ਕੀਤੇ ਜਾ ਸਕਦੇ ਹਨ।
ਸਲਾਹ ਦਿੱਤੀ ਜਾ ਰਹੀ ਹੈ ਕਿ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਭਾਰਤੀ ਹਾਈ ਕਮਿਸ਼ਨ, ਆਪਣੇ ਟਰੈਵਲ ਏਜੰਟ, ਏਅਰ ਲਾਈਨ ਅਤੇ ਭਾਰਤੀ ਸਿਹਤ ਵਿਭਾਗ ਨਾਲ ਸੰਪਰਕ ਕਰਦੇ ਹੋਏ ਸਾਰੀ ਜਾਣਕਾਰੀ ਹਾਸਲ ਕਰ ਲਵੋ।
ਐਸਬੀਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਦੇ ਨਵੀਨਤਮ ਵਿਕਾਸ ਬਾਰੇ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ https://www.sbs.com.au/language/coronavirus ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।
Share

