ਆਸਟ੍ਰੇਲੀਅਨ ਬਾਰਡਰ ਫੋਰਸ ਦੇ ਅਫਸਰਾਂ ਨੇ ਇੱਕ ਭਾਰਤੀ ਵਿਦਿਆਰਥੀ ਨੂੰ ਪਰਥ ਹਵਾਈ ਅੱਡੇ ਤੇ ਗ੍ਰਿਫਤਾਰ ਕੀਤਾ ਹੈ।
"ਏ ਬੀ ਐਫ ਦੇ ਅਫਸਰਾਂ ਨੇ 9 ਅਕਤੂਬਰ ਨੂੰ ਇੱਕ ਵਿਅਕਤੀ ਨੂੰ ਰੋਕ ਕੇ ਉਸਦੇ ਸਮਾਨ ਦੀ ਤਲਾਸ਼ੀ ਲਿਤੀ। ਤਲਾਸ਼ੀ ਦੇ ਦੌਰਾਨ ਅਫਸਰਾਂ ਨੂੰ ਉਸਦੇ ਮੋਬਾਈਲ ਫੋਨ ਤੇ ਤਸਵੀਰਾਂ ਅਤੇ 9 ਵੀਡੀਓ ਮਿਲੇ ਜਿਹਨਾਂ ਵਿੱਚ ਬੱਚਿਆਂ ਨੂੰ ਏਤਰਾਜ਼ਯੋਗ ਢੰਗ ਨਾਲ ਦਿਖਾਇਆ ਗਿਆ ਹੈ," ਏ ਬੀ ਐਫ ਨੇ ਇੱਕ ਬਿਆਨ ਵਿੱਚ ਕਿਹਾ।
ਅਧਿਕਾਰੀਆਂ ਨੂੰ ਮੋਬਾਈਲ ਫੋਨ ਜਬਤ ਕਰ ਲਿਆ। ਜਿਸ ਉਪਰੰਤ ਉਸਦਾ ਵੀਜ਼ਾ ਰੱਦ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਅਤੇ ਗੈਰਕਾਨੂੰਨੀ ਵਸਤ ਨੂੰ ਆਸਟ੍ਰੇਲੀਆ ਵਿੱਚ ਲਿਆਉਣ ਦਾ ਦੋਸ਼ ਆਇਦ ਕੀਤਾ ਗਿਆ ਹੈ।
ਦੋਸ਼ੀ ਨੂੰ ਵੁੱਧਵਾਰ ਨੂੰ ਪਰਥ ਮਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਏ ਬੀ ਐਫ ਦੇ ਵੈਸਟਰਨ ਆਸਟ੍ਰੇਲੀਆ ਦੇ ਖੇਤਰੀ ਕਮਾਂਡਰ ਰੋਡ ਓ ਡੋਨੇਲ ਨੇ ਕਿਹਾ ਕਿ ਬੱਚਿਆਂ ਦੀ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਦੇ ਨਾਲ ਆਸਟ੍ਰੇਲੀਆ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਦੀ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ।
"ਬਦਕਿਸਮਤੀ ਦੀ ਗੱਲ ਹੈ ਕਿ ਅਸੀਂ ਅਜਿਹੇ ਮਾਮਲਿਆਂ ਵਿੱਚ ਲਗਤਾਰ ਵਾਧਾ ਵੇਖ ਰਹੇ ਹਨ। ਆਸਟ੍ਰੇਲੀਆ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਬੱਚਿਆਂ ਦੀਆਂ ਏਤਰਾਜ਼ਯੋਗ ਤਸਵੀਰਾਂ ਦਾ ਉਹਨਾਂ ਕੋਲੋਂ ਮਿਲਣਾ ਆਸਟ੍ਰੇਲੀਆ ਵਿੱਚ ਬੇਹੱਦ ਗੰਭੀਰ ਸਮਝਿਆ ਜਾਂਦਾ ਹੈ," ਸ਼੍ਰੀ ਓ ਡੋਂਨੇਲ ਨੇ ਕਿਹਾ।
ਗਿਰਫ਼ਤਾਰ ਹੋਏ ਭਾਰਤੀ ਵਿਦਿਆਰਥੀ ਨੂੰ, ਮੁਜਰਿਮ ਸਾਬਿਤ ਹੋਣ ਤੇ, ਦੱਸ ਸਾਲ ਦੀ ਸਜ਼ਾ ਦੇ ਨਾਲ $525,000 ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ।