ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਵੱਸਦੇ ਇੱਕ ਭਾਰਤੀ ਪਰਵਾਸੀ ਦਾ ਕਹਿਣਾ ਹੈ ਕਿ ਉਸਦੀ ਕਾਰ ਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਕ ਨਸਲੀ ਲਿਖਿਆ ਨੋਟ ਛੱਡਿਆ ਗਿਆ ਹੈ।
24 ਸਾਲ ਦਾ ਓਂਕਾਰ ਸਿੰਘ ਮੈਲਬਰਨ ਦੇ ਦੱਖਣ ਪੂਰਬੀ ਇਲਾਕੇ ਮੈਂਟੋਨ ਦੇ ਇੱਕ ਸ਼ੋਪੰਪਿੰਗ ਸੈਂਟਰ ਦੇ ਇੱਕ ਫਾਸਟ ਫ਼ੂਡ ਰੈਸਟੋਰੈਂਟ ਤੇ ਆਪਣੀ ਸ਼ਿਫਟ ਖਤਮ ਕਰਕੇ ਮੰਗਲਵਾਰ ਰਾਤ ਨੂੰ ਘਰ ਜਾਨ ਦੀ ਤਿਆਰੀ ਕਰ ਰਿਹਾ ਸੀ ਜਦੋਂ ਉਸਨੂੰ ਇਹ ਨੋਟ ਆਪਣੀ ਕਰ ਤੇ ਮਿਲਿਆ।
ਨੋਟ ਤੇ ਲਿਖਿਆ ਸੀ : ਇੰਡੀਅਨਸ ਗੋ ਬੈਕ ਹੋਮ ਨਾਓ।

ਓਂਕਾਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਪਹਿਲਾਂ ਉਸਨੂੰ ਇੰਜ ਲੱਗਿਆ ਜਿਂਵੇ ਕਿ ਇਹ ਇੱਕ ਪਾਰਕਿੰਗ ਟਿਕਟ ਹੋਵੇ। ਪਰ ਓਂਕਾਰ ਮੁਤਾਬਿਕ ਇਹ ਨੋਟ ਉਸ ਲਈ ਕਾਫੀ ਹੈਰਾਨ ਕਰਨ ਵਾਲਾ ਸੀ।
ਇਸ ਸਾਲ ਫਰਵਰੀ ਮਹੀਨੇ ਵਿੱਚ ਮੈਂਟੋਨ ਨੇ ਨਾਲ ਲੱਗਦੇ ਇਲਾਕੇ ਮੁਰਾਬਿਨ ਵਿੱਚ ਇੱਕ ਹੋਰ ਭਾਰਤੀ ਪਰਵਾਸੀ ਦੀ ਕਰ ਤੇ ਅਜਿਹਾ ਹੀ ਨਸਲੀ ਟਿੱਪਣੀ ਲਿਖਿਆ ਨੋਟ ਮਿਲਿਆ ਸੀ। ਉਸ ਨੋਟ ਉੱਪਰ ਲਿਖਿਆ ਹੋਇਆ ਸੀ : ਏਸ਼ੀਅਨਸ ਆਊਟ, ਇੰਡੀਅਨਸ ਆਊਟ , ਆਸਟ੍ਰੇਲੀਆ ਇਜ਼ ਫੁਲ।
ਉਸ ਵੇਲੇ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡ੍ਰਿਊਜ਼ ਨੇ ਇਸ ਘਟਨਾ ਦੀ ਸਖਤ ਨਿਖੇਧੀ ਕੀਤੀ ਸੀ।

ਓਂਕਾਰ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਸਨੂੰ ਜਾਨ ਬੁਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੋਵੇ।
"ਮੈਨੂੰ ਨਹੀਂ ਪਤਾ ਕਿ ਕੋਈ ਮੇਰੇ ਨਾਲ ਅਜਿਹਾ ਕਿਉਂ ਕਰ ਰਿਹਾ ਹੈ। ਪਰ ਉਹ ਜੋ ਕੋਈ ਵੀ ਹੈ, ਉਸਨੂੰ ਮੇਰੇ ਬਾਰੇ ਪਤਾ ਹੈ ਕਿ ਮੈਂ ਭਾਰਤੀ ਹਾਂ।

"ਅੱਜ ਮੇਰੀ ਗੱਡੀ ਤੇ ਨੋਟ ਮਿਲਿਆ ਹੈ, ਹੋ ਸਕਦਾ ਹੈ ਕਲ੍ਹ ਮੇਰੀ ਗੱਡੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ।"
ਓਂਕਾਰ ਸਿੰਘ ਨੇ ਇਸ ਮਾਮਲੇ ਦੀ ਸ਼ਿਕਾਇਤ ਵਿਕਟੋਰੀਆ ਪੁਲਿਸ ਨੂੰ ਦਿੱਤੀ ਹੈ ਜੋ ਕਿ ਸ਼ੋਪੰਪਿੰਗ ਸੈਂਟਰ ਵਿੱਚ ਲੱਗੇ ਕੈਮਰਿਆਂ ਦੀ ਜਾਂਚ ਕਰ ਰਹੀ ਹੈ।
